ਬਿਉਰੋ ਰਿਪੋਰਟ: ਮੁੱਖ ਮੰਤਰੀ ਭਗਵੰਤ ਮਾਨ ਨੇ ਕੱਲ੍ਹ ਐਲਾਨ ਕੀਤਾ ਸੀ ਕਿ ਪੰਜਾਬ ਦੇ ਮੰਡੀ ਗੋਬਿੰਦਗੜ੍ਹ ਵਿਖੇ BMW ਦੇ ਪਾਰਟਸ ਬਣਾਉਣ ਦਾ ਇੱਕ ਪਲਾਂਟ ਲਗਾਉਣ ਦਾ ਫੈਸਲਾ ਹੋਇਆ ਹੈ ਜਿੱਥੇ ਸੈਂਕੜੇ ਕਰੋੜ ਦਾ ਨਿਵੇਸ਼ ਹੋਵੇਗਾ ਤੇ ਹਜ਼ਾਰਾਂ ਨੌਜਵਾਨਾਂ ਨੂੰ ਰੋਜ਼ਗਾਰ ਮਿਲੇਗਾ। ਇਸ ’ਤੇ ਸੀਨੀਅਰ ਅਕਾਲੀ ਦਲ ਆਗੂ ਬਿਕਰਮਜੀਤ ਸਿੰਘ ਮਜੀਠੀਆ ਨੇ ਸਵਾਲ ਖੜੇ ਕੀਤੇ ਹਨ। ਉਨ੍ਹਾਂ ਵੀਡੀਓ ਜਾਰੀ ਕਰਕੇ ਕਿਹਾ ਹੈ ਕਿ ਭਗਵੰਤ ਮਾਨ ਦਾ ਇੱਕ ਹੋਰ ਝੂਠ ਬੇਨਕਾਬ ਹੋ ਗਿਆ ਹੈ।
ਮਜੀਠੀਆ ਨੇ ਤਰਕ ਦਿੱਤਾ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਪਹਿਲਾਂ ਆਪਣੇ ਜਰਮਨੀ ਦੌਰੇ ਵੇਲੇ ਝੂਠ ਬੋਲਿਆ ਕਿ BMW ਕੰਪਨੀ ਪੰਜਾਬ ਵਿਚ ਪਲਾਂਟ ਲਗਾ ਰਹੀ ਹੈ ਪਰ ਕੰਪਨੀ ਨੇ ਤੁਰੰਤ ਬਿਆਨ ਦਾ ਖੰਡਨ ਕਰ ਦਿੱਤਾ। ਹੁਣ ਮੁੱਖ ਮੰਤਰੀ ਆਪਣੀ ਹਊਮੈ ਨੂੰ ਪੂਰਾ ਕਰਨ ਵਾਸਤੇ ਇਹ ਖ਼ਬਰਾਂ ਲਗਵਾ ਰਹੇ ਹਨ ਕਿ ਮੰਡੀ ਗੋਬਿੰਦਗੜ੍ਹ ਵਿੱਚ BMW ਦੇ ਪੁਰਜ਼ੇ ਬਣਿਆ ਕਰਨਗੇ। ਪਰ ਅਸਲ ਵਿਚ BMW ਮੰਡੀ ਗੋਬਿੰਦਗੜ੍ਹ ਵਿੱਚ ਆਪਣਾ ਪਲਾਂਟ ਨਹੀਂ ਲਾ ਰਹੀ, ਬਲਕਿ ‘Modern Automotives’ ਨਾਂ ਦੀ ਹਿੰਦੁਸਤਾਨੀ ਕੰਪਨੀ ਨੂੰ ਜਰਮਨੀ ਤੋਂ ਆਰਡਰ ਮਿਲਿਆ ਹੈ ਤੇ ਉਸਦਾ ਪਹਿਲਾਂ ਤੋਂ ਹੀ ਪਲਾਂਟ ਮੰਡੀ ਗੋਬਿੰਦਗੜ ਵਿੱਚ ਮੌਜੂਦ ਹੈ।
ਭਗਵੰਤ ਮਾਨ ਦਾ ਇੱਕ ਹੋਰ ਝੂਠ ਬੇਨਕਾਬ ❗️
ਮੁੱਖ ਮੰਤਰੀ ਭਗਵੰਤ ਮਾਨ ਨੇ ਪਹਿਲਾਂ ਆਪਣੇ ਜਰਮਨੀ ਦੌਰੇ ਵੇਲੇ ਝੂਠ ਬੋਲਿਆ ਕਿ BMW ਕੰਪਨੀ ਪੰਜਾਬ ਵਿਚ ਪਲਾਂਟ ਲਗਾ ਰਹੀ ਹੈ।
ਪਰ ਕੰਪਨੀ ਨੇ ਤੁਰੰਤ ਬਿਆਨ ਦਾ ਖੰਡਨ ਕਰ ਦਿੱਤਾ।
ਹੁਣ ਮੁੱਖ ਮੰਤਰੀ ਆਪਣੀ ਹਊਮੈ ਨੂੰ ਪੂਰਾ ਕਰਨ ਵਾਸਤੇ ਇਹ ਖਬਰਾਂ ਲਗਵਾ ਰਹੇ ਹਨ ਕਿ ਮੰਡੀ ਗੋਬਿੰਦਗੜ੍ਹ ਵਿਚ BMW… pic.twitter.com/blX4fWBZia— Bikram Singh Majithia (@bsmajithia) September 20, 2024
ਬਿਕਰਮ ਮਜੀਠੀਆ ਕਹਿ ਰਹੇ ਹਨ ਕਿ CM ਮਾਨ ਝੂਠ ਤੇ ਝੂਠ ਬੋਲ ਕੇ ਪੰਜਾਬੀਆਂ ਨੂੰ ਗੁੰਮਰਾਹ ਕਰ ਰਹੇ ਹਨ। ਭਗਵੰਤ ਮਾਨ ਨਾਲ ਮੀਟਿੰਗ ਵੀ ‘ਮਾਡਰਨ ਆਟੋਮੇਟਿਵਸ’ ਦੇ ਪ੍ਰਤੀਨਿਧੀਆਂ ਅਦਿਤਿਆ ਗੋਇਲ, ਸੁਹੇਲ ਗੋਇਲ ਤੇ ਮਨੀਸ਼ ਬੱਗਾ ਨੇ ਕੀਤੀ ਹੈ। ਉਨ੍ਹਾਂ CM ਮਾਨ ਨੂੰ ਕਿਹਾ ਹੈ ਕਿ ਉਹ ਲੋਕਾਂ ਨੂੰ ਗੁੰਮਰਾਹ ਕਰਨਾ ਬੰਦ ਕਰਨ ਕਿਉਂਕਿ ਪਹਿਲਾਂ ਵੀ ਉਨ੍ਹਾਂ ਦੇ ‘ਗੋਲਡੀ ਬਰਾੜ ਫੜਿਆ ਗਿਆ’ ਵਰਗੇ ਦਾਅਵੇ ਖੋਖਲੇ ਸਾਬਤ ਹੋਏ ਹਨ। ਹੁਣ ਉਹ BMW ਵਾਲਾ ਖਹਿੜਾ ਵੀ ਛੱਡ ਦੇਣ।
ਕਰਨ ਵਾਲੇ ਕੰਮ ਕਰੋ
ਦੱਸ ਦੇਈਏ ਬੀਤੇ ਦਿਨ ‘ਮਾਡਰਨ ਆਟੋਮੋਟਿਵ ਲਿਮਟਡ’ ਦੇ ਵਫ਼ਦ ਦੇ ਨੁਮਾਇੰਦਿਆਂ ਅਦਿੱਤਿਆ ਗੋਇਲ, ਸੁਹੇਲ ਗੋਇਲ ਅਤੇ ਮਨੀਸ਼ ਬੱਗਾ ਨੇ ਅੱਜ ਮੁੱਖ ਮੰਤਰੀ ਨਾਲ ਮੁਲਾਕਾਤ ਕੀਤੀ। ਮੀਟਿੰਗ ਦੌਰਾਨ ਉਨ੍ਹਾਂ ਦੱਸਿਆ ਕਿ ਮਾਡਰਨ ਆਟੋਮੋਟਿਵ ਦੇਸ਼ ਦੀ ਪਹਿਲੀ ਕੰਪਨੀ ਹੈ ਜਿਸ ਨੂੰ ਜਰਮਨ ਦੀ ਲਗਜ਼ਰੀ ਕਾਰ ਨਿਰਮਾਤਾ ਕੰਪਨੀ BMW ਏ.ਜੀ. ਮਿਊਨਿਖ ਵੱਲੋਂ ਪਿਨੀਓਨ ਸ਼ਾਫਟਾਂ ਡਲਿਵਰ ਕਰਨ ਲਈ ਪ੍ਰਵਾਨਗੀ ਪ੍ਰਾਪਤ ਹੋਈ ਹੈ।
ਉਨ੍ਹਾਂ ਨੇ ਕਿਹਾ ਕਿ 150 ਕਰੋੜ ਰੁਪਏ ਦੀ ਕੀਮਤ ਵਾਲੇ 25 ਲੱਖ ਯੂਨਿਟਾਂ ਲਈ ਆਰਡਰ ਦੀ ਪੁਸ਼ਟੀ ਹੋ ਗਈ ਹੈ। ਵਿਕਾਸ ਅਤੇ ਟੈਸਟਿੰਗ ਲਈ ਸੈਂਕੜੇ ਕਰੋੜ ਰੁਪਏ ਦੇ ਨਿਵੇਸ਼ ਵਾਲੇ ਮਾਡਲਾਂ ਨੂੰ ਸ਼ਾਮਲ ਕੀਤਾ ਜਾਵੇਗਾ। ਇਹ ਸਾਰਾ ਕੁੱਝ ਇਕ ਹੀ ਜਗ੍ਹਾ ਹੋਵੇਗਾ, ਜਿਸ ਨਾਲ ਵਾਧੂ ਉਤਪਾਦਨ ਇਕਾਈਆਂ ਜੋੜੀਆਂ ਜਾਣਗੀਆਂ, ਇਸ ਨਾਲ ਹੋਰ ਮਾਲੀਆ ਆਉਣ ਦੇ ਨਾਲ-ਨਾਲ ਰੋਜ਼ਗਾਰ ਦੇ ਜ਼ਿਆਦਾ ਮੌਕੇ ਪੈਦਾ ਹੋਣਗੇ। CM ਮਾਨ ਨੇ ਕਿਹਾ ਕਿ ਇਹ ਕਦਮ ਪੰਜਾਬ ਨੂੰ ਅੰਤਰਰਾਸ਼ਟਰੀ ਨਕਸ਼ੇ ‘ਤੇ ਉਜਾਗਰ ਕਰਨ ਦੇ ਨਾਲ-ਨਾਲ ਸੂਬੇ ਦੇ ਉਦਯੋਗਿਕ ਵਿਕਾਸ ਨੂੰ ਹੁਲਾਰਾ ਦੇਵੇਗਾ।