The Khalas Tv Blog India ਬਿਹਾਰੀਆਂ ਨੇ ਦੀਵਾਲੀ ’ਤੇ ਚਲਾਏ 750 ਕਰੋੜ ਦੇ ਪਟਾਕੇ, ਮਠਿਆਈਆਂ ਤੇ ਸਜਾਵਟ ’ਤੇ ਵੀ ਉਡਾਏ ਕਰੋੜਾਂ ਖ਼ਰਚ
India

ਬਿਹਾਰੀਆਂ ਨੇ ਦੀਵਾਲੀ ’ਤੇ ਚਲਾਏ 750 ਕਰੋੜ ਦੇ ਪਟਾਕੇ, ਮਠਿਆਈਆਂ ਤੇ ਸਜਾਵਟ ’ਤੇ ਵੀ ਉਡਾਏ ਕਰੋੜਾਂ ਖ਼ਰਚ

ਬਿਊਰੋ ਰਿਪੋਰਟ (ਪਟਨਾ, 21 ਅਕਤੂਬਰ 2025): ਪੂਰੇ ਦੇਸ਼ ਵਾਂਗ ਬਿਹਾਰ ’ਚ ਵੀ ਇਸ ਵਾਰ ਦੀਵਾਲੀ ਦਾ ਤਿਉਹਾਰ ਸ਼ਾਨਦਾਰ ਢੰਗ ਨਾਲ ਮਨਾਇਆ ਗਿਆ। ਰੌਸ਼ਨੀ, ਪਟਾਕਿਆਂ, ਮਠਿਆਈਆਂ ਤੇ ਘਰਾਂ ਦੀ ਸਜਾਵਟ ਨਾਲ ਬਾਜ਼ਾਰਾਂ ’ਚ ਚਹਿਲ-ਪਹਿਲ ਰਹੀ ਅਤੇ ਖ਼ਰੀਦਦਾਰੀ ਨਾਲ ਵਪਾਰੀਆਂ ਦੇ ਚਿਹਰਿਆਂ ’ਤੇ ਰੌਣਕ ਆ ਗਈ। ਚੈਂਬਰ ਆਫ ਕਾਮਰਸ ਵੱਲੋਂ ਜਾਰੀ ਅੰਕੜਿਆਂ ਅਨੁਸਾਰ, ਸੂਬੇ ’ਚ ਇਸ ਸਾਲ ਦੀਵਾਲੀ ਮੌਕੇ ਲਗਭਗ 2200 ਤੋਂ 3000 ਕਰੋੜ ਰੁਪਏ ਦਾ ਕਾਰੋਬਾਰ ਹੋਇਆ। ਲੋਕਾਂ ਵੱਲੋਂ ‘ਲੋਕਲ ਫਾਰ ਵੋਕਲ’ ਨੂੰ ਤਰਜੀਹ ਦੇਣ ਕਰਕੇ ਸੂਬੇ ਦੇ ਘਰੇਲੂ ਉਦਯੋਗਾਂ ਨੂੰ ਵੀ ਵੱਡਾ ਲਾਭ ਮਿਲਿਆ।

ਬਿਹਾਰ ਸਰਕਾਰ ਦੀ ਇੱਕ ਰਿਪੋਰਟ ਮੁਤਾਬਕ ਸੂਬੇ ’ਚ ਕਰੀਬ 2.80 ਕਰੋੜ ਘਰ ਹਨ। ਇਨ੍ਹਾਂ ’ਚੋਂ ਜਦੋਂ 15 ਤੋਂ 17 ਫੀਸਦੀ ਮੁਸਲਿਮ ਘਰਾਂ ਨੂੰ ਹਟਾਇਆ ਗਿਆ, ਤਾਂ ਲਗਭਗ 2.30 ਕਰੋੜ ਹਿੰਦੂ ਪਰਿਵਾਰਾਂ ਵੱਲੋਂ ਦੀਵਾਲੀ ਮਨਾਈ ਗਈ। ਵਪਾਰ ਐਸੋਸੀਏਸ਼ਨ ਦੇ ਅੰਕੜਿਆਂ ਅਨੁਸਾਰ, ਹਰ ਪਰਿਵਾਰ ਨੇ ਦੀਵਿਆਂ, ਤੇਲ, ਕੈਂਡਲਾਂ ਤੇ ਬੱਤੀਆਂ ’ਤੇ ਔਸਤ 50 ਰੁਪਏ ਖ਼ਰਚੇ, ਜਿਸ ਨਾਲ ਲਗਭਗ 115 ਕਰੋੜ ਰੁਪਏ ਦਾ ਵਪਾਰ ਹੋਇਆ। ਗਣੇਸ਼-ਲਕਸ਼ਮੀ ਦੀਆਂ ਮੂਰਤੀਆਂ ਦੀ ਵਿਕਰੀ ਤੋਂ ਵੀ ਇੰਨਾ ਹੀ ਲਾਭ ਦਰਜ ਕੀਤਾ ਗਿਆ।

ਮਠਿਆਈਆਂ ਦੀ ਮੰਗ ਵੀ ਕਾਫੀ ਰਹੀ। ਲੋਕਾਂ ਵੱਲੋਂ ਕਰੀਬ 575 ਕਰੋੜ ਰੁਪਏ ਦੀ ਮਠਿਆਈ ਖਰੀਦੀ ਗਈ। ਜਦਕਿ ਪਟਾਕਿਆਂ ’ਤੇ ਖਰਚ ਦਾ ਅੰਕੜਾ ਹੋਰ ਵੀ ਹੈਰਾਨ ਕਰ ਦੇਣ ਵਾਲਾ ਰਿਹਾ। ਬਿਹਾਰ ਨਿਵਾਸੀਆਂ ਨੇ ਦੀਵਾਲੀ ਦੀ ਰੌਣਕ ਵਧਾਉਂਦੇ ਹੋਏ ਲਗਭਗ 750 ਕਰੋੜ ਰੁਪਏ ਦੇ ਪਟਾਕੇ ਚਲਾਏ।

ਇਸ ਤੋਂ ਇਲਾਵਾ ਘਰਾਂ ਦੀ ਸਜਾਵਟ ਅਤੇ ਰੌਸ਼ਨੀ ਲਈ ਵੀ ਲੋਕਾਂ ਨੇ ਖੂਬ ਖ਼ਰਚ ਕੀਤਾ। ਮਿੱਟੀ ਦੇ ਦੀਵੇ, ਬਿਜਲੀ ਦੀਆਂ ਲੜੀਆਂ ਅਤੇ ਸਜਾਵਟੀ ਸਮਾਨਾਂ ਦੀ ਖਰੀਦਾਰੀ ਨਾਲ ਬਾਜ਼ਾਰਾਂ ’ਚ ਤਿਉਹਾਰੀ ਰੌਣਕ ਬਣੀ ਰਹੀ। ਅੰਕੜਿਆਂ ਅਨੁਸਾਰ ਜੇਕਰ ਹਰ ਘਰ ਨੇ ਔਸਤ 100 ਰੁਪਏ ਵੀ ਸਜਾਵਟ ’ਤੇ ਖਰਚੇ, ਤਾਂ ਲਗਭਗ 150 ਕਰੋੜ ਰੁਪਏ ਦਾ ਵਪਾਰ ਹੋਇਆ। ਇਸ ਤੋਂ ਇਲਾਵਾ ਪੁਜਾ ਸਮਗਰੀ ਤੇ ਫੁੱਲਾਂ ’ਤੇ ਵੀ ਕਰੋੜਾਂ ਰੁਪਏ ਖਰਚ ਕੀਤੇ ਗਏ।

ਚਮਕਦਾਰ ਦੀਵਾਲੀ ਦੇ ਇਸ ਤਿਉਹਾਰ ਨੇ ਜਿੱਥੇ ਲੋਕਾਂ ਦੇ ਘਰਾਂ ਨੂੰ ਰੌਸ਼ਨ ਕੀਤਾ, ਉੱਥੇ ਹੀ ਸੂਬੇ ਦੇ ਬਾਜ਼ਾਰਾਂ ਨੂੰ ਵੀ ਰੌਸ਼ਨੀ ਨਾਲ ਭਰ ਦਿੱਤਾ।

Exit mobile version