The Khalas Tv Blog Punjab ਕਬੱਡੀ ਖਿਡਾਰੀ ਰਾਣਾ ਬਲਾਚੌਰੀਆ ਕਤਲ ਮਾਮਲੇ ’ਚ ਵੱਡੀ ਅਪਡੇਟ, ਵਾਰਦਾਤ ’ਚ ਸ਼ਾਮਲ ਦੋ ਸ਼ੂਟਰਾਂ ਦੀ ਹੋਈ ਪਛਾਣ
Punjab

ਕਬੱਡੀ ਖਿਡਾਰੀ ਰਾਣਾ ਬਲਾਚੌਰੀਆ ਕਤਲ ਮਾਮਲੇ ’ਚ ਵੱਡੀ ਅਪਡੇਟ, ਵਾਰਦਾਤ ’ਚ ਸ਼ਾਮਲ ਦੋ ਸ਼ੂਟਰਾਂ ਦੀ ਹੋਈ ਪਛਾਣ

ਕਬੱਡੀ ਪ੍ਰਮੋਟਰ ਤੇ ਖਿਡਾਰੀ ਕੰਵਰ ਦਿਗਵਿਜੇ ਸਿੰਘ ਉਰਫ਼ ਰਾਣਾ ਬਲਚੌਰੀਆ ਦੇ ਕਤਲ ਮਾਮਲੇ ਵਿੱਚ ਮੋਹਾਲੀ ਪੁਲਿਸ ਨੇ ਵੱਡੇ ਖੁਲਾਸੇ ਕੀਤੇ ਹਨ। ਐਸਐਸਪੀ ਮੋਹਾਲੀ ਹਰਮਨਦੀਪ ਸਿੰਘ ਹੰਸ ਨੇ ਪ੍ਰੈਸ ਕਾਨਫਰੰਸ ਵਿੱਚ ਦੱਸਿਆ ਕਿ ਵਾਰਦਾਤ ਨੂੰ ਅੰਜਾਮ ਦੇਣ ਲਈ ਤਿੰਨ ਸ਼ੂਟਰ ਆਏ ਸਨ, ਜਿਨ੍ਹਾਂ ਵਿੱਚੋਂ ਦੋ ਦੀ ਪਛਾਣ ਕਰ ਲਈ ਗਈ ਹੈ। ਇਹ ਦੋਵੇਂ ਸ਼ੂਟਰ ਅੰਮ੍ਰਿਤਸਰ ਦੇ ਰਹਿਣ ਵਾਲੇ ਹਨ ਅਤੇ ਉਨ੍ਹਾਂ ਦੇ ਨਾਂ ਅਦਿੱਤਿਆ ਕਪੂਰ ਤੇ ਕਰਨ ਪਾਠਕ ਦੱਸੇ ਜਾ ਰਹੇ ਹਨ।

ਐਸਐਸਪੀ ਨੇ ਕਿਹਾ ਕਿ ਸਾਰੇ ਮੁਲਜ਼ਮ ਜਲਦੀ ਹੀ ਪੁਲਿਸ ਹਿਰਾਸਤ ਵਿੱਚ ਹੋਣਗੇ। ਐਸਐਸਪੀ ਨੇ ਸਪੱਸ਼ਟ ਕੀਤਾ ਕਿ ਇਸ ਕਤਲ ਦਾ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲਕਾਂਡ ਨਾਲ ਕੋਈ ਸਿੱਧਾ ਲਿੰਕ ਨਹੀਂ ਹੈ। ਭਾਵੇਂ ਸੋਸ਼ਲ ਮੀਡੀਆ ਤੇ ਕੁਝ ਪੋਸਟਾਂ ਵਿੱਚ ਰਾਣਾ ਨੂੰ ਮੂਸੇਵਾਲਾ ਦੇ ਕਾਤਲਾਂ ਨਾਲ ਜੋੜ ਕੇ ਬਦਲੇ ਦੀ ਗੱਲ ਕੀਤੀ ਗਈ ਸੀ, ਪਰ ਪੁਲਿਸ ਜਾਂਚ ਵਿੱਚ ਅਜੇ ਤੱਕ ਰਾਣਾ ਦਾ ਮੂਸੇਵਾਲਾ ਕੇਸ ਨਾਲ ਕੋਈ ਸਬੰਧ ਨਹੀਂ ਮਿਲਿਆ। ਇਸ ਦੀ ਬਜਾਏ, ਕਤਲ ਦਾ ਮੁੱਖ ਕਾਰਨ ਕਬੱਡੀ ਟੂਰਨਾਮੈਂਟਾਂ ਵਿੱਚ ਦਬਦਬੇ ਨੂੰ ਲੈ ਕੇ ਰੰਜਿਸ਼ ਦੱਸੀ ਜਾ ਰਹੀ ਹੈ।

ਐਸਐਸਪੀ ਨੇ ਅੱਗੇ ਦੱਸਿਆ ਕਿ ਰਾਣਾ ਬਲਚੌਰੀਆ ਨਾਲ ਗੈਂਗਸਟਰ ਜੱਗੂ ਭਗਵਾਨਪੁਰੀਆ ਤੇ ਡੋਨੀ ਬੱਲ ਦੇ ਲਿੰਕ ਦੀਆਂ ਖ਼ਬਰਾਂ ਆ ਰਹੀਆਂ ਹਨ, ਪਰ ਅਜੇ ਤੱਕ ਰਾਣਾ ਦੀ ਕਿਸੇ ਵੀ ਗੈਂਗ ਨਾਲ ਸਿੱਧੀ ਸ਼ਮੂਲੀਅਤ ਜਾਂ ਕ੍ਰਿਮੀਨਲ ਹਿਸਟਰੀ ਸਾਹਮਣੇ ਨਹੀਂ ਆਈ ਹੈ। ਰਾਣਾ ਨੂੰ ਇੱਕ ਸਾਫ਼-ਸੁਥਰਾ ਕਬੱਡੀ ਪ੍ਰਮੋਟਰ ਮੰਨਿਆ ਜਾ ਰਿਹਾ ਹੈ, ਜੋ ਨੌਜਵਾਨ ਖਿਡਾਰੀਆਂ ਨੂੰ ਪ੍ਰਫੁੱਲਿਤ ਕਰਨ ਵਿੱਚ ਸਰਗਰਮ ਸੀ।

ਇਸ ਮਾਮਲੇ ਵਿੱਚ ਪੁਲਿਸ ਨੇ ਸੀਸੀਟੀਵੀ ਫੁਟੇਜ ਤੇ ਹੋਰ ਸਬੂਤਾਂ ਦੀ ਜਾਂਚ ਤੇਜ਼ ਕਰ ਦਿੱਤੀ ਹੈ। ਐਸਐਸਪੀ ਹੰਸ ਨੇ ਭਰੋਸਾ ਦਿਵਾਇਆ ਕਿ ਮੁਲਜ਼ਮਾਂ ਨੂੰ ਜਲਦ ਗ੍ਰਿਫ਼ਤਾਰ ਕਰ ਲਿਆ ਜਾਵੇਗਾ ਅਤੇ ਪੂਰੀ ਵਾਰਦਾਤ ਦੇ ਪਿੱਛੇ ਦੇ ਮਕਸਦ ਨੂੰ ਬੇਨਕਾਬ ਕੀਤਾ ਜਾਵੇਗਾ। ਇਹ ਘਟਨਾ ਪੰਜਾਬ ਵਿੱਚ ਵਧ ਰਹੀ ਗੈਂਗਵਾਰ ਤੇ ਕਾਨੂੰਨ ਵਿਵਸਥਾ ਨੂੰ ਲੈ ਕੇ ਨਵੀਂ ਚਰਚਾ ਛੇੜ ਗਈ ਹੈ, ਜਿਸ ਨੂੰ ਵਿਰੋਧੀ ਧਿਰਾਂ ਨੇ ਸਰਕਾਰ ਦੀ ਨਾਕਾਮੀ ਕਰਾਰ ਦਿੱਤਾ ਹੈ।

 

Exit mobile version