The Khalas Tv Blog Punjab ਆਕਸੀਜਨ ਦੀ ਘਾਟ ਨੂੰ ਪੂਰਾ ਕਰਨ ਲਈ ਐੱਸਜੀਪੀਸੀ ਨੇ ਪੁੱਟਿਆ ਇਹ ਵੱਡਾ ਕਦਮ
Punjab

ਆਕਸੀਜਨ ਦੀ ਘਾਟ ਨੂੰ ਪੂਰਾ ਕਰਨ ਲਈ ਐੱਸਜੀਪੀਸੀ ਨੇ ਪੁੱਟਿਆ ਇਹ ਵੱਡਾ ਕਦਮ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਕਰੋਨਾ ਮਰੀਜ਼ਾਂ ਦੇ ਇਲਾਜ ਲਈ ਆਕਸੀਜਨ ਪਲਾਂਟ ਸਥਾਪਿਤ ਕਰਨ ਦੇ ਨਾਲ-ਨਾਲ ਕੰਸਨਟ੍ਰੇਟਰ ਦੇ ਰਾਹੀਂ ਹਵਾ ਤੋਂ ਆਕਸੀਜਨ ਤਿਆਰ ਕਰਕੇ ਮੈਡੀਕਲ ਸੇਵਾਵਾਂ ਦੇਣ ਦਾ ਐਲਾਨ ਕੀਤਾ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਪ੍ਰਧਾਨ ਬੀਬੀ ਜਗੀਰ ਕੌਰ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਕਰੋਨਾ ਮਹਾਂਮਾਰੀ ਕਾਰਨ ਪੈਦਾ ਹੋਏ ਮੌਜੂਦਾ ਹਾਲਾਤਾਂ ਨਾਲ ਨਜਿੱਠਣ ਲਈ ਸ਼੍ਰੋਮਣੀ ਕਮੇਟੀ ਵੱਲੋਂ ਅੰਮ੍ਰਿਤਸਰ ਦੇ ਸ਼੍ਰੀ ਗੁਰੂ ਰਾਮਦਾਸ ਮੈਡੀਕਲ ਕਾਲਜ ਵਿਖੇ ਆਕਸੀਜਨ ਪਲਾਂਟ ਤਿਆਰ ਕੀਤਾ ਗਿਆ ਹੈ, ਜੋ ਇੱਕ ਹਫਤੇ ਤੱਕ ਆਪਣੀਆਂ ਸੇਵਾਵਾਂ ਸ਼ੁਰੂ ਕਰੇਗਾ।

ਬੀਬੀ ਜਗੀਰ ਕੌਰ ਨੇ ਕਿਹਾ ਕਿ ਇਸ ਕਾਰਜ ਲਈ ਕੇਂਦਰ ਸਰਕਾਰ ਦੀ ਮਨਜ਼ੂਰੀ ਲੈ ਲਈ ਗਈ ਹੈ ਅਤੇ ਸਰਕਾਰ ਦੀਆਂ ਸ਼ਰਤਾਂ ਅਨੁਸਾਰ 2 ਵੱਡੇ ਜਨਰੇਟਰ ਵੀ ਖਰੀਦੇ ਜਾ ਚੁੱਕੇ ਹਨ। ਉਨ੍ਹਾਂ ਨੇ ਕਿਹਾ ਕਿ ਹਵਾ ਤੋਂ ਆਕਸੀਜਨ ਤਿਆਰ ਕਰਨ ਲਈ ਅਮਰੀਕਾ ਦੇ ਇੱਕ ਸ਼ਰਧਾਲੂ ਨੇ 200 ਕੰਸਨਟ੍ਰੇਟਰ ਦੀ ਸੇਵਾ ਕਰਵਾਈ ਹੈ। ਇਸ ਤੋਂ ਇਲਾਵਾ ਲੋੜ ਪੈਣ ‘ਤੇ ਸ਼੍ਰੋਮਣੀ ਕਮੇਟੀ ਖੁਦ ਵੀ ਕੰਸਨਟ੍ਰੇਟਰ ਖਰੀਦੇਗੀ। ਉਨ੍ਹਾਂ ਕਿਹਾ ਕਿ ਸ਼੍ਰੀ ਗੁਰੂ ਰਾਮਦਾਸ ਹਸਪਤਾਲ ਨੂੰ ਪਹਿਲਾਂ ਤੋਂ ਹੀ ਕਰੋਨਾ ਮਰੀਜ਼ਾਂ ਲਈ ਰਾਖਵਾਂ ਰੱਖਿਆ ਗਿਆ ਸੀ, ਜਿਸ ਵਿੱਚ 100 ਬੈੱਡ ਅਤੇ 37 ਵੈਂਟੀਲੇਟਰਾਂ ਦਾ ਪ੍ਰਬੰਧ ਕੀਤਾ ਗਿਆ ਹੈ।

ਬੀਬੀ ਜਗੀਰ ਕੌਰ ਨੇ ਕਿਹਾ ਕਿ ਕਰੋਨਾ ਦੇ ਵੱਧ ਰਹੇ ਮਾਮਲਿਆਂ ਦੇ ਮੱਦੇਨਜ਼ਰ ਗੁਰਦੁਆਰਾ ਮੰਜੀ ਸਾਹਿਬ ਆਲਮਗੀਰ ਵਿਖੇ ਦੀਵਾਨ ਹਾਲ ਵਿੱਚ ਦੋ ਭਾਗਾਂ ਵਿੱਚ 25-25 ਬੈੱਡਾਂ ਅਤੇ ਤਖਤ ਸ਼੍ਰੀ ਦਮਦਮਾ ਸਾਹਿਬ ਵਿਖੇ ਵੀ 25 ਬੈੱਡਾਂ ਦਾ ਆਰਜ਼ੀ ਵਾਰਡ ਤਿਆਰ ਕੀਤਾ ਜਾ ਰਿਹਾ ਹੈ। ਇੱਥੇ ਕੰਸਨਟ੍ਰੇਟਰ ਰਾਹੀਂ ਮਰੀਜ਼ਾਂ ਨੂੰ ਆਕਸੀਜਨ ਮੁਹੱਈਆ ਕਰਵਾਈ ਜਾਵੇਗੀ ਅਤੇ ਹੰਗਾਮੀ ਹਾਲਤ ਲਈ ਮੈਡੀਕਲ ਐਂਬੂਲੈਂਸ ਦਾ ਵੀ ਪ੍ਰਬੰਧ ਕੀਤਾ ਜਾਵੇਗਾ ਤਾਂ ਜੋ ਲੋੜ ਪੈਣ ‘ਤੇ ਮਰੀਜ਼ਾਂ ਨੂੰ ਹਸਪਤਾਲ ਪਹੁੰਚਾਇਆ ਜਾ ਸਕੇ। ਇਨ੍ਹਾਂ ਵਾਰਡਾਂ ਵਿੱਚ ਦੋ ਸ਼ਿਫਟਾਂ ਵਿੱਚ ਮੈਡੀਕਲ ਟੀਮਾਂ ਕੰਮ ਕਰਨਗੀਆਂ।

Exit mobile version