ਗਣਤੰਤਰ ਦਿਵਸ ਮੌਕੇ ਦਿੱਲੀ ‘ਚ ਹੋਣ ਵਾਲੀ ਪਰੇਡ ਨਾਲ ਜੁੜੀ ਵੱਡੀ ਖਬਰ ਸਾਹਮਣੇ ਆਈ ਹੈ। ਇਸ ਵਾਰ 26 ਜਨਵਰੀ ਨੂੰ ਦਿੱਲੀ ਵਿੱਚ ਹੋਣ ਵਾਲੀ ਪਰੇਡ ਵਿੱਚ ਪੰਜਾਬ ਦੀ ਝਾਂਕੀ ਦੇਖਣ ਨੂੰ ਮਿਲੇਗੀ। ਜਾਣਕਾਰੀ ਅਨੁਸਾਰ ਪਰੇਡ ਵਿੱਚ ਪੰਜਾਬ ਦੀ ਝਾਂਕੀ ਨੂੰ ਕੇਂਦਰ ਸਰਕਾਰ ਵੱਲੋਂ ਪ੍ਰਵਾਨਗੀ ਦਿੱਤੀ ਗਈ ਹੈ। ਝਾਂਕੀ ਵਿੱਚ ਪੰਜਾਬ ਦੇ ਸੱਭਿਆਚਾਰ ਦੇ ਰੰਗ ਵਿਖਾਏ ਜਾਣਗੇ।
ਮਾਹਿਰਾਂ ਦੀ ਕਮੇਟੀ ਨੇ ਦਿੱਲੀ ਦੀ ਝਾਕੀ ਦੇ ਥੀਮ ਨੂੰ ਰੱਦ ਕਰ ਦਿਤਾ ਹੈ। ਪੰਜਾਬ ਦੀ ਝਾਕੀ ਨੂੰ ਮਨਜ਼ੂਰੀ ਦਿਤੀ ਗਈ ਹੈ। ਇਸ ਤੋਂ ਇਲਾਵਾ ਚਾਰ ਹੋਰ ਸੂਬਿਆਂ ਦੀਆਂ ਝਾਕੀਆਂ ਵੀ ਨਾ ਮਨਜ਼ੂਰ ਕੀਤੀਆਂ ਗਈਆਂ ਹਨ।
ਇਸ ਵਾਰ ਗੁਜਰਾਤ, ਯੂਪੀ, ਹਰਿਆਣਾ, ਆਂਧਰਾ ਪ੍ਰਦੇਸ਼ ਅਤੇ ਬੰਗਾਲ ਦੀਆਂ ਝਾਕੀਆਂ ਵੀ 26 ਜਨਵਰੀ ਦੀ ਪਰੇਡ ਵਿਚ ਹਿੱਸਾ ਲੈਣਗੀਆਂ। ਗਣਤੰਤਰ ਦਿਵਸ ਪਰੇਡ 2025 ’ਚ ਇਕ ਵਾਰ ਫਿਰ ਰਾਜਧਾਨੀ ਦਿੱਲੀ ਦੀ ਝਾਕੀ ਨਹੀਂ ਦਿਖਾਈ ਦੇਵੇਗੀ। ਹਾਲਾਂਕਿ, ਦੇਸ਼ ਦੇ 76ਵੇਂ ਗਣਤੰਤਰ ਦਿਵਸ ਪਰੇਡ ਦੌਰਾਨ ਆਮ ਆਦਮੀ ਸ਼ਾਸਤ ਰਾਜ ਪੰਜਾਬ ਸਮੇਤ 15 ਰਾਜਾਂ ਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਦੇ ਵਿਰਸੇ, ਇਤਿਹਾਸ ਅਤੇ ਵਰਤਮਾਨ ਨਾਲ ਸਜੀ ਰੰਗੀਨ ਝਾਕੀ ਨੂੰ ਕਰਤੱਵਿਆ ਪੱਥ ’ਤੇ ਦੇਖਿਆ ਜਾਵੇਗਾ।
ਜ਼ਿਕਰਯੋਗ ਹੈ ਕਿ ਗਣਤੰਤਰ ਦਿਵਸ ਪਰੇਡ ਲਈ ਝਾਕੀ ਦੀ ਚੋਣ ਕਰਨ ਵਾਲੀ ਮਾਹਰ ਕਮੇਟੀ ਨੇ ਦਿੱਲੀ ਵਲੋਂ ਦਿਤੀ ਗਈ ਝਾਕੀ ਦੇ ਥੀਮ ਨੂੰ ਰੱਦ ਕਰ ਦਿਤਾ ਹੈ। ਇਸ ਵਾਰ ਦੀ ਪਰੇਡ ’ਚ ਜਿੱਥੇ ਦਿੱਲੀ ਦੀ ਝਾਕੀ ਨੂੰ ਮਨਜ਼ੂਰੀ ਨਹੀਂ ਦਿਤੀ ਗਈ, ਉੱਥੇ ਹੀ ਚਾਰ ਹੋਰ ਸੂਬਿਆਂ ਦੀਆਂ ਝਾਕੀਆਂ ਨੂੰ ਵੀ ਮਨਜੂਰੀ ਨਹੀਂ ਮਿਲੀ।
ਦੱਸ ਦੇਈਏ ਕਿ ਪਿਛਲੀ ਵਾਰ ਕੇਂਦਰ ਵੱਲੋਂ ਪੰਜਾਬ ਦੀ ਝਾਂਕੀ ਦੀ ਚੋਣ ਨਹੀਂ ਕੀਤੀ ਗਈ ਸੀ। ਇਸ ਨੂੰ ਲੈ ਕੇ ਵਿਵਾਦ ਖੜ੍ਹਾ ਹੋ ਗਿਆ ਸੀ। ਇਸ ਵਾਰ ਹਰਿਆਣਾ ਅਤੇ ਚੰਡੀਗੜ੍ਹ ਦੀ ਝਾਕੀ ਵੀ ਚੁਣੀ ਗਈ ਹੈ ਪਰ ਦਿੱਲੀ ਦੀ ਝਾਂਕੀ ਨੂੰ ਰੱਦ ਕਰ ਦਿੱਤਾ ਗਿਆ ਹੈ। ਦਿੱਲੀ ਦੇ ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਦਿੱਲੀ ਦੀ ਝਾਂਕੀ ਨੂੰ ਰੱਦ ਕਰਨ ‘ਤੇ ਸਵਾਲ ਖੜ੍ਹੇ ਕੀਤੇ ਹਨ।