The Khalas Tv Blog Punjab ਪੰਜਾਬ ਸਰਕਾਰ ਵੱਲੋਂ ਆਊਟ ਸੋਰਸਿੰਗ ਕੋਚਾਂ ਨੂੰ ਵੱਡਾ ਤੋਹਫ਼ਾ…
Punjab

ਪੰਜਾਬ ਸਰਕਾਰ ਵੱਲੋਂ ਆਊਟ ਸੋਰਸਿੰਗ ਕੋਚਾਂ ਨੂੰ ਵੱਡਾ ਤੋਹਫ਼ਾ…

Big gift from Punjab government to outsourcing coaches...

ਚੰਡੀਗੜ੍ਹ : ਮੁੱਖ ਮੰਤਰੀ ਭਗਵੰਤ ਮਾਨ ਦੇ ਨਿਰਦੇਸ਼ਾਂ ਉਤੇ ਸੂਬੇ ਵਿੱਚ ਖੇਡ ਸੱਭਿਆਚਾਰ ਪੈਦਾ ਕਰਨ ਲਈ ਕੀਤੀਆਂ ਜਾ ਰਹੀਆਂ ਕੋਸ਼ਿਸ਼ਾਂ ਤਹਿਤ ਸੂਬੇ ਵਿੱਚ ਕੰਮ ਕਰ ਰਹੇ ਆਊਟ ਸੋਰਸਿੰਗ ਕੋਚਾਂ ਦੀ ਤਨਖਾਹਾਂ ਵਿੱਚ ਦੋ ਤੋਂ ਢਾਈ ਗੁਣਾ ਵਾਧਾ ਕਰਨ ਦਾ ਫੈਸਲਾ ਕੀਤਾ ਗਿਆ ਹੈ।

ਇਸ ਸਬੰਧੀ ਖੇਡ ਮੰਤਰੀ ਮੀਤ ਹੇਅਰ ਨੇ ਕਿਹਾ ਕਿ ਖੇਡ ਵਿਭਾਗ ਅਤੇ ਪੰਜਾਬ ਸਟੇਟ ਸਪੋਰਟਸ ਕੌਂਸਲ ਅਧੀਨ ਸੂਬੇ ਦੇ ਸਮੂਹ ਜ਼ਿਲ੍ਹਿਆਂ ਵਿੱਚ ਤਾਇਨਾਤ ਐਗਜ਼ੀਕਿਊਟਵ ਕੋਚ-2 ਦੀ ਮਹੀਨਾਵਾਰ ਤਨਖਾਹ 17,733 ਰੁਪਏ ਤੋਂ ਵਧਾ ਕੇ 35000 ਰੁਪਏ, ਐਗਜ਼ੀਕਿਊਟਵ ਕੋਚ-1 ਦੀ ਤਨਖਾਹ 16,893 ਰੁਪਏ ਤੋਂ ਵਧਾ ਕੇ 30,000 ਰੁਪਏ ਪ੍ਰਤੀ ਮਹੀਨਾ ਅਤੇ ਐਗਜ਼ੀਕਿਊਟਵ ਕੋਚ ਦੀ ਤਨਖਾਹ 11,917 ਰੁਪਏ ਤੋਂ ਵਧਾ ਕੇ 25,000 ਰੁਪਏ ਪ੍ਰਤੀ ਮਹੀਨਾ ਕਰਨ ਦਾ ਫੈਸਲਾ ਕੀਤਾ ਗਿਆ ਹੈ। ਇਸ ਤੋਂ ਇਲਾਵਾ ਸਾਰੇ ਕੋਚਾਂ ਦੀ ਤਨਖਾਹ ਵਿੱਚ ਸਾਲਾਨਾ 3 ਫੀਸਦੀ ਵਾਧਾ ਵੀ ਕੀਤਾ ਜਾਵੇਗਾ।

ਖੇਡ ਮੰਤਰੀ ਨੇ ਅੱਗੇ ਕਿਹਾ ਕਿ ਸੂਬੇ ਵਿੱਚ ਆਊਟ ਸੋਰਸਿੰਗ ਉਤੇ ਤਾਇਨਾਤ ਕੋਚਾਂ ਵੱਲੋਂ ਲੰਬੇ ਸਮੇਂ ਤੋਂ ਆਪਣੀ ਤਨਖਾਹ ਵਧਾਉਣ ਦੀ ਮੰਗ ਕੀਤੀ ਜਾ ਰਹੀ ਸੀ। ਮੁੱਖ ਮੰਤਰੀ ਦੇ ਧਿਆਨ ਵਿੱਚ ਇਹ ਮਾਮਲਾ ਆਉਣ ਤੋਂ ਬਾਅਦ ਉਨ੍ਹਾਂ ਤੁਰੰਤ ਮੰਗ ਮਨਜ਼ੂਰ ਕਰਨ ਦਾ ਫੈਸਲਾ ਕੀਤਾ। ਇਸ ਫੈਸਲੇ ਤਹਿਤ ਆਊਟ ਸੋਰਸਿੰਗ ਉਤੇ ਕੰਮ ਕਰ ਰਹੇ ਕੋਚਾਂ ਦੀ ਤਨਖਾਹ ਪ੍ਰਤੀ ਮਹੀਨਾ ਦੋ ਤੋਂ ਢਾਈ ਗੁਣਾਂ ਵਧਾ ਦਿੱਤੀ ਗਈ ਹੈ। ਇਹ ਫੈਸਲਾ 18 ਸਤੰਬਰ 2023 ਤੋਂ ਲਾਗੂ ਹੋਵੇਗਾ।

ਮੀਤ ਹੇਅਰ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਸੂਬਾ ਸਰਕਾਰ ਵੱਲੋਂ ਖੇਡਾਂ ਤੇ ਖਿਡਾਰੀਆਂ ਲਈ ਆਪਣੇ ਖਜ਼ਾਨੇ ਖੋਲ੍ਹੇ ਗਏ ਹਨ। ਹਾਂਗਜ਼ੂ ਏਸ਼ੀਅਨ ਗੇਮਜ਼ ਵਿੱਚ ਪੰਜਾਬ ਦੇ ਖਿਡਾਰੀ ਨਿਰੰਤਰ ਵਧੀਆ ਪ੍ਰਦਰਸ਼ਨ ਕਰ ਰਹੇ ਹਨ ਅਤੇ 1962 ਦੀਆਂ ਜਕਾਰਤਾ ਏਸ਼ੀਅਨ ਗੇਮਜ਼ ਤੋਂ ਬਾਅਦ ਪੰਜ ਸੋਨ ਤਮਗ਼ੇ ਜਿੱਤੇ ਹਨ। ਖਿਡਾਰੀਆਂ ਦੀ ਇਨਾਮ ਰਾਸ਼ੀ ਵਧਾਉਣ, ਤਿਆਰੀ ਲਈ ਨਗਦ ਰਾਸ਼ੀ, ਵਜ਼ੀਫਾ ਸਕੀਮ ਤੋਂ ਇਲਾਵਾ ਕੋਚਾਂ ਤੇ ਖੇਡ ਪ੍ਰਮੋਟਰਾਂ ਲਈ ਐਵਾਰਡ ਸ਼ੁਰੂ ਕੀਤੇ ਗਏ ਹਨ। ਹੁਣ ਕੋਚਾਂ ਦੀ ਵੀ ਚਿਰੋਕਣੀ ਮੰਗ ਪੂਰੀ ਕਰਦਿਆਂ ਉਨ੍ਹਾਂ ਦੀਆਂ ਤਨਖਾਹਾਂ ਵਿੱਚ ਚੋਖਾ ਵਾਧਾ ਕੀਤਾ ਗਿਆ ਹੈ।

Exit mobile version