The Khalas Tv Blog Punjab ਚੰਡੀਗੜ੍ਹ ‘ਚ ਮੇਅਰ ਚੋਣ ਨੂੰ ਲੈ ਕੇ ਵੱਡਾ ਫੈਸਲਾ, ਹੁਣ ਹੱਥ ਖੜੇ ਕਰਵਾ ਕੇ ਹੋਇਆ ਕਰੇਗੀ ਵੋਟਿੰਗ
Punjab

ਚੰਡੀਗੜ੍ਹ ‘ਚ ਮੇਅਰ ਚੋਣ ਨੂੰ ਲੈ ਕੇ ਵੱਡਾ ਫੈਸਲਾ, ਹੁਣ ਹੱਥ ਖੜੇ ਕਰਵਾ ਕੇ ਹੋਇਆ ਕਰੇਗੀ ਵੋਟਿੰਗ

ਚੰਡੀਗੜ੍ਹ ਨਗਰ ਨਿਗਮ ਵਿੱਚ ਮੇਅਰ, ਸੀਨੀਅਰ ਡਿਪਟੀ ਮੇਅਰ ਅਤੇ ਡਿਪਟੀ ਮੇਅਰ ਦੀ ਚੋਣ ਹੁਣ ਗੁਪਤ ਵੋਟਿੰਗ ਦੀ ਬਜਾਏ ‘ਸ਼ੋਅ ਆਫ਼ ਹੈਂਡਸ’ ਯਾਨੀ ਹੱਥ ਖੜ੍ਹੇ ਕਰਕੇ ਹੋਵੇਗੀ। ਇਸ ਬਦਲਾਅ ਨੂੰ ਪੰਜਾਬ ਦੇ ਗਵਰਨਰ ਅਤੇ ਚੰਡੀਗੜ੍ਹ ਦੇ ਪ੍ਰਸ਼ਾਸਕ ਗੁਲਾਬ ਚੰਦ ਕਟਾਰੀਆ ਨੇ ਮੰਜ਼ੂਰੀ ਦੇ ਦਿੱਤੀ ਹੈ।

“ਚੰਡੀਗੜ੍ਹ ਨਗਰ ਨਿਗਮ (ਪ੍ਰਕਿਰਿਆ ਅਤੇ ਸੰਚਾਲਨ) ਨਿਯਮ, 1996” ਦੇ ਨਿਯਮ 6 ਵਿੱਚ ਸੋਧ ਕੀਤੀ ਗਈ ਹੈ। ਪ੍ਰਸ਼ਾਸਕ ਨੇ ਕਿਹਾ ਕਿ ਇਹ ਬਦਲਾਅ ਚੋਣ ਪ੍ਰਕਿਰਿਆ ਵਿੱਚ ਪਾਰਦਰਸ਼ਿਤਾ, ਜਵਾਬਦੇਹੀ ਅਤੇ ਲੋਕਤੰਤਰਿਕ ਵਿਵਸਥਾ ਪ੍ਰਤੀ ਭਰੋਸੇ ਨੂੰ ਵਧਾਏਗਾ, ਜਿਸ ਨਾਲ ਕੌਂਸਲਰਾਂ ਦੀ ਭੂਮਿਕਾ ਵੀ ਸਪੱਸ਼ਟ ਹੋਵੇਗੀ।

ਇਸ ਬਦਲਾਅ ਨੂੰ ਲੈ ਕੇ ਕਾਂਗਰਸ ਤੇ ਆਮ ਆਦਮੀ ਪਾਰਟੀ ਦੇ ਕੌਂਸਲਰ ਕਾਫ਼ੀ ਲੰਬੇ ਤੋਂ ਮੰਗ ਕਰ ਰਹੇ ਸਨ। ਦੋਹਾਂ ਪਾਰਟੀਆਂ ਦੇ ਕੌਸਲਰਾਂ ਨੇ ਪ੍ਰਸ਼ਾਸਕ ਨਾਲ ਕਈ ਵਾਰ ਮੁਲਾਕਾਤ ਕੀਤੀ ਤੇ ਲਿਖਿਤ ਬੇਨਤੀ ਵੀ ਕੀਤੀ। ਉਨ੍ਹਾਂ ਨੇ ਮੰਗ ਕੀਤੀ ਸੀ ਕਿ ਗੁਪਤ ਵੋਟਿੰਗ ਨੂੰ ਖ਼ਤਮ ਕਰਨਾ ਚਾਹੀਦਾ ਹੈ, ਇਸ ਨਾਲ ਪਾਰਦਰਸ਼ੀ ਚੋਣ ਪਰਿਕ੍ਰਿਆ ਨਹੀਂ ਹੁੰਦੀ। ਗੁਪਤ ਵੋਟਿੰਗ ਰਾਹੀਂ ਕਰਾਸ ਵੋਟਿੰਗ ਦੀ ਸੰਭਾਵਨਾ ਵੀ ਬਣੀ ਰਹਿੰਦੀ ਹੈ, ਜਿਸ ਨਾਲ ਹੇਰਾਫੇਰੀ ਵਾਲੀ ਰਾਜਨੀਤੀ ਹੋਣ ਦੇ ਵੀ ਦੋਸ਼ ਲੱਗਦੇ ਰਹੇ ਸਨ।

ਭਾਜਪਾ ਦੀ ਜਿੱਤ ਤੋਂ ਬਾਅਦ ਉੱਠਿਆ ਸੀ ਇਹ ਮਾਮਲਾ

ਇਸ ਸਾਲ ਹੋਈਆਂ ਮੇਅਰ ਚੋਣਾਂ ਵਿੱਚ ਭਾਜਪਾ ਦੀ ਹਰਪ੍ਰੀਤ ਕੌਰ ਕਰਾਸ ਵੋਟਿੰਗ ਕਾਰਨ ਜੇਤੂ ਰਹੀ। ਇਸ ਤੋਂ ਪਹਿਲਾਂ ਵੀ ਕਈ ਵਾਰ ਕਰਾਸ ਵੋਟਿੰਗ ਕਾਰਨ ਵਿਵਾਦ ਹੋ ਚੁੱਕੇ ਹਨ। ਇਸ ਨੂੰ ਰੋਕਣ ਲਈ, ਨਗਰ ਨਿਗਮ ਹਾਊਸ ਵਿੱਚ ਕੌਂਸਲਰਾਂ ਨੂੰ ਹੱਥ ਚੁੱਕ ਕੇ ਵੋਟ ਪਾਉਣ ਦਾ ਪ੍ਰਸਤਾਵ ਪਾਸ ਕੀਤਾ ਗਿਆ, ਜਿਸ ਨੂੰ ਹੁਣ ਪ੍ਰਸ਼ਾਸਨ ਨੇ ਮਨਜ਼ੂਰੀ ਦੇ ਦਿੱਤੀ ਹੈ।

Exit mobile version