The Khalas Tv Blog Punjab ਅੰਮ੍ਰਿਤਸਰ ਦੇ ਪਿੰਡ ਅਦਲੀਵਾਲ ਦਾ ਵੱਡਾ ਫ਼ੈਸਲਾ, ਭੱਜ ਕੇ ਵਿਆਹ ਕਰਵਾਉਣ ਵਾਲਿਆਂ ਖ਼ਿਲਾਫ਼ ਪਾਇਆ ਮਤਾ
Punjab

ਅੰਮ੍ਰਿਤਸਰ ਦੇ ਪਿੰਡ ਅਦਲੀਵਾਲ ਦਾ ਵੱਡਾ ਫ਼ੈਸਲਾ, ਭੱਜ ਕੇ ਵਿਆਹ ਕਰਵਾਉਣ ਵਾਲਿਆਂ ਖ਼ਿਲਾਫ਼ ਪਾਇਆ ਮਤਾ

ਅੰਮ੍ਰਿਤਸਰ ਜ਼ਿਲ੍ਹੇ ਦੇ ਪਿੰਡ ਅਦਲੀਵਾਲ ਬਲਾਕ ਵਿਚਲੀ ਨਗਰ ਪੰਚਾਇਤ ਨੇ ਸਮਾਜਿਕ ਵਿਵਸਥਾ ਬਣਾਈ ਰੱਖਣ ਲਈ ਇੱਕ ਅਹਿਮ ਫ਼ੈਸਲਾ ਲਿਆ ਹੈ। ਪੰਚਾਇਤ ਅਤੇ ਪਿੰਡ ਦੀ ਜਨਰਲ ਮੀਟਿੰਗ ਵਿਚ ਸਰਬਸੰਮਤੀ ਨਾਲ ਮਤਾ ਪਾਸ ਕੀਤਾ ਗਿਆ ਹੈ ਕਿ ਇੱਕੋ ਪਿੰਡ ਦੇ ਮੁੰਡੇ-ਕੁੜੀ ਵੱਲੋਂ ਆਪਸ ’ਚ ਵਿਆਹ ਕਰਨ ਵਾਲਿਆਂ ਦਾ ਸਮਾਜਿਕ ਬਾਈਕਾਟ ਕੀਤਾ ਜਾਵੇਗਾ।

ਪੰਚਾਇਤ ਦਾ ਕਹਿਣਾ ਹੈ ਕਿ ਪਰਿਵਾਰਕ ਸਹਿਮਤੀ ਤੋਂ ਬਿਨਾਂ ਹੋਣ ਵਾਲੇ ਵਿਆਹ ਅਕਸਰ ਪਰਿਵਾਰਾਂ ਵਿਚ ਝਗੜੇ ਅਤੇ ਵਿਵਾਦ ਪੈਦਾ ਕਰਦੇ ਹਨ, ਜਿਸ ਨਾਲ ਪੂਰੇ ਪਿੰਡ ਦਾ ਸਮਾਜਿਕ ਮਾਹੌਲ ਖਰਾਬ ਹੁੰਦਾ ਹੈ। ਇਸ ਲਈ ਜੇਕਰ ਕੋਈ ਮੁੰਡਾ ਅਤੇ ਕੁੜੀ ਆਪਸ ਵਿਚ ਵਿਆਹ ਕਰਦੇ ਹਨ ਤਾਂ ਉਨ੍ਹਾਂ ਦੇ ਪੂਰੇ ਪਰਿਵਾਰ ਨੂੰ ਪਿੰਡ ਤੋਂ ਬਾਈਕਾਟ ਕਰ ਦਿੱਤਾ ਜਾਵੇਗਾ। ਭਾਵੇਂ ਮਾਪੇ ਵਿਆਹ ਦੇ ਹੱਕ ਵਿਚ ਹੋਣ, ਤਾਂ ਵੀ ਪਿੰਡ ਵਾਸੀ ਉਨ੍ਹਾਂ ਨਾਲ ਗੱਲਬਾਤ ਨਹੀਂ ਕਰਨਗੇ, ਖੁਸ਼ੀਆਂ-ਗਮੀਆਂ ਸਾਂਝੀਆਂ ਨਹੀਂ ਕਰਨਗੇ ਅਤੇ ਕੋਈ ਸਮਾਜਿਕ ਸਹਾਇਤਾ ਨਹੀਂ ਦੇਣਗੇ।

ਪੰਚਾਇਤ ਨੇ ਇਹ ਵੀ ਫੈਸਲਾ ਕੀਤਾ ਹੈ ਕਿ ਪਿੰਡ ਦਾ ਸਰਪੰਚ, ਪੰਚ, ਮੈਂਬਰ ਜਾਂ ਨੰਬਰਦਾਰ ਅਜਿਹੇ ਪਰਿਵਾਰਾਂ ਨੂੰ ਕਿਸੇ ਵੀ ਸਰਕਾਰੀ ਜਾਂ ਗੈਰ-ਸਰਕਾਰੀ ਮਾਮਲੇ ਵਿਚ ਮਦਦ ਨਹੀਂ ਕਰਨਗੇ ਅਤੇ ਨਾ ਹੀ ਕਿਸੇ ਦਸਤਾਵੇਜ਼ ਤੇ ਦਸਤਖਤ ਕਰਨਗੇ। ਜੇਕਰ ਕੋਈ ਨੌਜਵਾਨ ਆਪਣੇ ਪਰਿਵਾਰ ਦੀ ਸਹਿਮਤੀ ਤੋਂ ਬਿਨਾਂ ਭੱਜ ਕੇ ਵਿਆਹ ਕਰ ਲੈਂਦਾ ਹੈ ਤਾਂ ਉਸ ਨੂੰ ਪਿੰਡ ਵਿਚ ਰਹਿਣ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ।

ਇਸ ਤੋਂ ਇਲਾਵਾ, ਪੰਚਾਇਤ ਨੇ ਨਸ਼ਿਆਂ ਵਿਰੋਧੀ ਸਖ਼ਤ ਰੁਖ ਅਪਣਾਇਆ ਹੈ। ਜੇਕਰ ਕੋਈ ਵਿਅਕਤੀ ਨਸ਼ੀਲੇ ਪਦਾਰਥ ਵੇਚਦਾ ਫੜਿਆ ਜਾਂਦਾ ਹੈ ਤਾਂ ਪਿੰਡ ਵਾਸੀ ਉਸ ਦਾ ਕੋਈ ਸਮਰਥਨ ਨਹੀਂ ਕਰਨਗੇ ਅਤੇ ਨਾ ਹੀ ਜ਼ਮਾਨਤ ਦੇਣਗੇ। ਅਜਿਹਾ ਕਰਨ ਵਾਲੇ ਨੂੰ ਪੰਚਾਇਤ ਅਤੇ ਆਮ ਸਭਾ ਅੱਗੇ ਜਵਾਬਦੇਹ ਹੋਣਾ ਪਵੇਗਾ।ਇਸ ਤੋਂ ਇਲਾਵਾ, ਪੰਚਾਇਤ ਨੇ ਰਵਾਇਤੀ ਰੀਤੀ-ਰਿਵਾਜਾਂ ਅਨੁਸਾਰ ਮਹੰਤਾਂ ਨੂੰ 1,100 ਰੁਪਏ ਅਤੇ ਮਰਾਸੀ, ਭੰਡ ਤੇ ਛੂਰੀ ਮਾਰ ਨੂੰ 500 ਰੁਪਏ ਮੁਆਵਜ਼ਾ ਦੇਣ ਦਾ ਫੈਸਲਾ ਵੀ ਲਿਆ ਹੈ।

ਪੰਚਾਇਤ ਦਾ ਮੰਨਣਾ ਹੈ ਕਿ ਇਹ ਫੈਸਲੇ ਪਿੰਡ ਵਿਚ ਅਨੁਸ਼ਾਸਨ ਬਣਾਈ ਰੱਖਣ ਅਤੇ ਸਮਾਜਿਕ ਵਿਵਾਦਾਂ ਨੂੰ ਘਟਾਉਣ ਲਈ ਲਏ ਗਏ ਹਨ। ਇਸ ਫੈਸਲੇ ਨੇ ਪਿੰਡ ਵਿਚ ਚਰਚਾ ਛੇੜ ਦਿੱਤੀ ਹੈ ਅਤੇ ਲੋਕ ਇਸ ਨੂੰ ਸਮਾਜਿਕ ਵਿਵਸਥਾ ਲਈ ਲਾਭਦਾਇਕ ਦੱਸ ਰਹੇ ਹਨ।

 

Exit mobile version