‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):- ‘ਅਮੁਲ’ (The Taste of India) ਨੇ ਕੈਨੇਡਾ ਵਿਚ ‘ਟ੍ਰੇਡਮਾਰਕ ਉਲੰਘਣਾ’ ਦਾ ਕੇਸ ਜਿੱਤ ਲਿਆ ਹੈ।ਜਾਣਕਾਰੀ ਅਨੁਸਾਰ ‘ਅਮੁਲ’ ਨੇ ਕੈਨੇਡਾ ਦੀ ਕੇਂਦਰੀ ਅਦਾਲਤ ਵਿੱਚ ਕੇਸ ਦਾਇਰ ਕੀਤਾ ਸੀ। ਤੇ ਹੁਣ ‘ਅਮੁਲ’ ਨੂੰ ਕੈਨੇਡਾ ’ਚ 32,733 ਡਾਲਰ ਭਾਵ 19.54 ਲੱਖ ਰੁਪਏ ਤੋਂ ਵੱਧ ਰਕਮ ਦਾ ਮੁਆਵਜ਼ਾ ਵੀ ਮਿਲੇਗਾ।‘ਅਮੁਲ’ ਨੇ ਕੈਨੇਡਾ ਵਿੱਚ ਪਹਿਲਾਂ ਤੋਂ ‘ਅਮੁਲ ਕੈਨੇਡਾ’ ਦੇ ਨਾਂ ਨਾਲ ਚੱਲਦੀ ਕੰਪਨੀ ਅਤੇ ਚਾਰ ਪ੍ਰਵਾਸੀ ਭਾਰਤੀਆਂ- ਮੋਹਿਤ ਰਾਣਾ, ਆਕਾ ਘੋਸ਼, ਚੰਦੂ ਦਾਸ ਤੇ ਪਟੇਲ ਵਿਰੁੱਧ ਫ਼ੈਡਰਲ ਅਦਾਲਤ ’ਚ ਕੇਸ ਦਾਇਰ ਕੀਤਾ ਸੀ।
ਜਨਵਰੀ 2020 ’ਚ ‘ਅਮੁਲ’ ਨੂੰ ਪਤਾ ਲੱਗਾ ਸੀ ਕਿ ਕਿਸੇ ਨੇ ਕੈਨੇਡਾ ’ਚ ਉਸ ਦਾ ਟ੍ਰੇਡਮਾਰਕ ਤੇ ਲੋਗੋ ਨੂੰ ਕਾਪੀ ਕਰ ਲਿਆ ਹੈ।ਜਾਅਲੀ ਕੰਪਨੀ ਨੇ ਸੋਸ਼ਲ ਮੀਡੀਆ ਪਲੇਟਫ਼ਾਰਮ ‘ਲਿੰਕਡਇਨ’ ਉੱਤੇ ਵੀ ਆਪਣਾ ਨਕਲੀ ਪ੍ਰੋਫ਼ਾਈਲ ਬਣਾ ਲਿਆ ਸੀ।
ਇਸ ਮਾਮਲੇ ਵਿਚ ਪਹਿਲਾਂ ਤਾਂ ਭਾਰਤ ਦੇ ਅਸਲੀ ‘ਅਮੁਲ’ ਨੇ ਇਸ ਕੰਪਨੀ ਨੂੰ ਸਾਧਾਰਨ ਨੋਟਿਸ ਭੇਜਿਆ ਪਰ ਅੱਗਿਓਂ ਕੋਈ ਜਵਾਬ ਨਹੀਂ ਮਿਲਿਆ।ਇਸ ਮਾਮਲੇ ਵਿਚ ਕੈਨੇਡਾ ਦੀ ਅਦਾਲਤ ਨੇ ਫ਼ੈਸਲਾ ਸੁਣਾਉਂਦਿਆਂ ਕਿਹਾ ਕਿ ‘ਅਮੁਲ’ ਨੇ ਹਰ ਤਰ੍ਹਾਂ ਦੇ ਦਸਤਾਵੇਜ਼ ਪੇਸ਼ ਕਰ ਕੇ ਪੂਰੀ ਤਸੱਲੀ ਕਰਵਾਈ ਹੈ ਕਿ ਭਾਰਤ ਵਿੱਚ ਇਸ ਦਾ ਵੱਡਾ ਨਾਂਅ ਤੇ ਮੌਜੂਦਗੀ ਹੈ ਅਤੇ ਕੈਨੇਡਾ ਵਿੱਚ ਚਾਰ ਲੋਕਾਂ ਨੇ ‘ਅਮੁਲ’ ਦਾ ਨਾਂ, ਉਸ ਦਾ ਟ੍ਰੇਡਮਾਰਕ ਤੇ ਲੋਗੋ ਗ਼ਲਤ ਤਰੀਕੇ ਵਰਤਿਆ ਹੈ।
ਜ਼ਿਕਰਯੋਗ ਹੈ ਕਿ ‘ਅਮੁਲ’ ਦੁਨੀਆ ਦਾ 8ਵਾਂ ਸਭ ਤੋਂ ਵੱਡਾ ਮਿਲਕ ਪ੍ਰੋਸੈੱਸਰ ਹੈ, ਜੋ ਹਰ ਸਾਲ 40,000 ਕਰੋੜ ਰੁਪਏ ਦੀ ਟਰਨਓਵਰ ਨਾਲ 10.3 ਮਿਲੀਅਨ ਮੀਟ੍ਰਿਕ ਟਨ ਦੁੱਧ ਦੀ ਪ੍ਰੋਸੈੱਸਿੰਗ ਕਰਦਾ ਹੈ।