‘ਦ ਖ਼ਾਲਸ ਬਿਊਰੋ : ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਪੰਜਾਬ ਵਿੱਚ ਟ੍ਰੈਫਿਕ ਨਿਯਮਾਂ ਨੂੰ ਸਖਤੀ ਨਾਲ ਲਾਗੂ ਕਰਨ ਦਾ ਆਦੇਸ਼ ਦਿੱਤਾ ਹੈ। ਇਸ ਲਈ ਆਉਣ ਵਾਲੇ ਸਮੇਂ ਵਿੱਚ ਪੰਜਾਬ ਦੀਆਂ ਸੜਕਾਂ ’ਤੇ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਮਹਿੰਗੀ ਹੈ ਸਕਦੀ ਹੈ।ਪੰਜਾਬ ਦੀਆਂ ਸੜਕਾਂ ਉਤੇ ਹੁਣ ਤੇਜ਼ ਰਫ਼ਤਾਰ ਨਾਲ ਗੱਡੀ ਚਲਾਉਣ, ਲਾਲ ਬੱਤੀ ਦੀ ਉਲੰਘਣਾ ਕਰਨ, ਸ਼ਰਾਬ ਪੀ ਕੇ ਗੱਡੀ ਚਲਾਉਣ ਅਤੇ ਗੱਡੀ ਚਲਾਉਂਦੇ ਸਮੇਂ ਮੋਬਾਈਲ ਫੋਨ ਦੀ ਵਰਤੋਂ ਕਰਨ ਉਤੇ ਵੱਡਾ ਜੁਰਮਾਨਾ ਭਰਨਾ ਪੈ ਸਕਦਾ ਹੈ।
ਸੂਬੇ ਦੇ ਟਰਾਂਸਪੋਰਟ ਵਿਭਾਗ ਵੱਲੋਂ ਜਾਰੀ ਤਾਜ਼ਾ ਨੋਟੀਫਿਕੇਸ਼ਨ ਮੁਤਾਬਕ ਸ਼ਰਾਬ ਪੀ ਕੇ ਗੱਡੀ ਚਲਾਉਣ ਜਾਂ ਗੱਡੀ ਚਲਾਉਂਦੇ ਹੋਏ ਮੋਬਾਈਲ ਫੋਨ ਦੀ ਵਰਤੋਂ ਕਰਨ ਦੇ ਦੋਸ਼ ਹੇਠ ਚਾਲਕ ਨੂੰ ਪਹਿਲੀ ਵਾਰ 5 ਹਜ਼ਾਰ ਰੁਪਏ ਦਾ ਜੁਰਮਾਨਾ ਅਤੇ ਤਿੰਨ ਮਹੀਨਿਆਂ ਲਈ ਲਾਈਸੰਸ ਮੁਅੱਤਲ ਹੋਣ ਦੀ ਸਜ਼ਾ ਹੋਵੇਗੀ। ਇਸੇ ਤਰ੍ਹਾਂ ਦੂਜੀ ਵਾਰ ਇਸੇ ਦੋਸ਼ ਹੇਠ ਫੜੇ ਗਏ ਚਾਲਕ ਨੂੰ 10 ਹਜ਼ਾਰ ਰੁਪਏ ਦਾ ਜੁਰਮਾਨਾ ਤੇ ਤਿੰਨ ਮਹੀਨਿਆਂ ਲਈ ਲਾਈਸੰਸ ਮੁਅੱਤਲ ਕੀਤਾ ਜਾਵੇਗਾ।
ਲਾਲ ਬੱਤੀ ਦੀ ਉਲੰਘਣਾ ਕਰਨ ਅਤੇ ਨਿਰਧਾਰਿਤ ਗਤੀ ਸੀਮਾ ਤੋਂ ਵੱਧ ਰਫ਼ਤਾਰ ’ਤੇ ਵਾਹਨ ਚਲਾਉਣ ਵਾਲੇ ਨੂੰ ਪਹਿਲੀ ਵਾਰ ਇੱਕ ਹਜ਼ਾਰ ਤੇ ਦੂਜੀ ਵਾਰ ਦੋ ਹਜ਼ਾਰ ਰੁਪਏ ਜੁਰਮਾਨੇ ਸਣੇ ਦੋਵੇਂ ਵਾਰ ਤਿੰਨ-ਤਿੰਨ ਮਹੀਨਿਆਂ ਲਈ ਲਾਈਸੰਸ ਮੁਅੱਤਲ ਕਰਨ ਦੀ ਸ ਜ਼ਾ ਹੋਵੇਗੀ।
ਇਹ ਜੁਰਮਾਨਾ ਦੋ ਪਹੀਆ ਵਾਹਨ ਚਾਲਕਾਂ ਉਤੇ ਵੀ ਲਾਗੂ ਹੋਵੇਗਾ। ਇਸ ਤੋਂ ਇਲਾਵਾ ਦੋ ਪਹੀਆ ਵਾਹਨਾਂ ’ਤੇ ਵੱਧ ਸਵਾਰੀ ਬਿਠਾਉਣ ਉਤੇ ਪਹਿਲੀ ਵਾਰ ਇੱਕ ਹਜ਼ਾਰ ਤੇ ਦੂਜੀ ਵਾਰ ਦੋ ਹਜ਼ਾਰ ਰੁਪਏ ਜੁਰਮਾਨਾ ਕੀਤਾ ਜਾਵੇਗਾ। ਇਸੇ ਤਰ੍ਹਾਂ ਵਪਾਰਕ ਗੱਡੀਆਂ ਵਿੱਚ ਨਿਰਧਾਰਤ ਭਾਰ ਤੋਂ ਵੱਧ ਭਾਰ ਲੋਡ ਕਰਨ ’ਤੇ ਪਹਿਲੀ ਵਾਰ 20 ਹਜ਼ਾਰ ਰੁਪਏ ਜਾਂ 2 ਹਜ਼ਾਰ ਰੁਪਏ ਪ੍ਰਤੀ ਟਨ ਅਤੇ ਦੂਜੀ ਵਾਰ 40 ਹਜ਼ਾਰ ਰੁਪਏ ਜਾਂ 2 ਹਜ਼ਾਰ ਰੁਪਏ ਪ੍ਰਤੀ ਕੁਇੰਟਲ ਜੁਰਮਾਨਾ ਲਾਇਆ ਜਾਵੇਗਾ।
ਇਨ੍ਹਾਂ ਸਾਰੀਆਂ ਹਾਲਤਾਂ ਵਿੱਚ ਲਾਈਸੰਸ ਵੀ ਮੁਅੱਤਲ ਕੀਤਾ ਜਾਵੇਗਾ। ਟਰਾਂਸਪੋਰਟ ਵਿਭਾਗ ਦੇ ਸੂਤਰਾਂ ਅਨੁਸਾਰ ਕਿ ਪੰਜਾਬ ਦੀਆਂ ਸੜਕਾਂ ’ਤੇ ਵਾਹਨਾ ਦੀ ਗਤੀ ਸੀਮਾ ਚੈੱਕ ਕਰਨ ਲਈ ਕੈਮਰਿਆਂ ਦੀ ਵਿਵਸਥਾ ਵੀ ਕੀਤੀ ਜਾ ਰਹੀ ਹੈ।
ਇਸ ਵਿੱਚ ਚਲਾਣ ਦੇ ਨਾਲ ਹੋਰ ਸ਼ਰਤਾਂ ਵੀ ਲਾਗੂ ਕੀਤੀਆਂ ਗਈਆਂ ਹਨ, ਜਿਸ ਵਿੱਚ ਨਿਯਮ ਤੋੜਨ ਵਾਲਿਆਂ ਨੂੰ ਸਕੂਲ ‘ਚ ਜਾ ਕੇ 9ਵੀਂ,10ਵੀਂ, 11ਵੀਂ, 12ਵੀਂ ਦੇ 20 ਵਿਦਿਆਰਥੀਆਂ ਨੂੰ 2 ਘੰਟੇ ਟ੍ਰੈਫਿਕ ਨਿਯਮਾਂ ਦਾ ਪਾਠ ਪੜ੍ਹਾਉਣਾ ਪਏਗਾ, ਲੈਕਚਰ ਪੂਰਾ ਕਰਨ ਤੋਂ ਬਾਅਦ ਨੋਡਲ ਅਫਸਰ ਜਾਰੀ ਸਰਟੀਫਿਕੇਟ ਕਰੇਗਾ, ਉਸ ਤੋਂ ਬਾਅਦ ਹੀ ਛੁਟਕਾਰਾ ਹੋਵੇਗਾ। ਇਸ ਤੋਂ ਇਲਾਵਾ ਹਸਪਤਾਲ ‘ਚ ਜਾ ਕੇ 2 ਘੰਟੇ ਮਰੀਜ਼ਾਂ ਦੀ ਸੇਵਾ ਕਰਨੀ ਪਏਗੀ ਤੇ ਬਲੱਡ ਬੈਂਕ ‘ਚ ਜਾ ਕੇ ਕਰਨਾ 1 ਯੂਨਿਟ ਖੂਨਦਾਨ ਕਰਨਾ ਪਏਗਾ।
ਜੇਕਰ ਕੋਈ ਖੂਨਦਾਨ ਕਰਦਾ ਹੈ ਤਾਂ ਉਸ ਨੂੰ ਹਸਪਤਾਲ ਤੋਂ ਜਾਰੀ ਸਰਟੀਫਿਕੇਟ ਦਿਖਾ ਕੇ ਹੀ ਜ਼ਬਤ ਕੀਤੇ ਗਏ ਦਸਤਾਵੇਜ਼ ਮਿਲਣਗੇ। ਸਰਕਾਰ ਨੇ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਦੇ ਚਲਾਨ ਦੀ ਰਕਮ ਵੀ ਡੇਢ ਤੋਂ ਦੋ ਗੁਣਾ ਵਧਾ ਦਿੱਤੀ ਹੈ। ਇਸ ਤੋਂ ਪਹਿਲਾਂ ਲਾਲ ਬੱਤੀ ਜੰਪ ਕਰਨ ‘ਤੇ 500 ਰੁਪਏ ਦਾ ਜ਼ੁਰਮਾਨਾ ਸੀ, ਜਿਸ ਨੂੰ ਵਧਾ ਕੇ 1000 ਰੁਪਏ ਕਰ ਦਿੱਤਾ ਗਿਆ ਹੈ।
ਦੱਸ ਦਈਏ ਕਿ ਇਸ ਵੇਲੇ ਪੰਜਾਬ ਦੀਆਂ ਸੜਕਾਂ ਉੱਪਰ ਵਾਹਨ ਚਾਲਕਾਂ ਵੱਲੋਂ ਟ੍ਰੈਫਿਕ ਨਿਯਮਾਂ ਦੀ ਕੋਈ ਪ੍ਰਵਾਹ ਨਹੀਂ ਕੀਤੀ ਜਾਂਦੀ। ਟ੍ਰੈਫਿਕ ਪੁਲਿਸ ਵੀ ਇਸ ਨੂੰ ਗੰਭੀਰਤਾ ਨਾਲ ਨਹੀਂ ਲੈਂਦੀ। ਇਸ ਲਈ ਅਕਸਰ ਹਾਦਸੇ ਵਾਪਰਦੇ ਰਹਿੰਦੇ ਹਨ।