The Khalas Tv Blog India ਸੰਯੁਕਤ ਕਿਸਾਨ ਮੋਰਚਾ 17 ਮਾਰਚ ਨੂੰ ਕਈ ਟਰੇਡ ਯੂਨੀਅਨਾਂ ਸਮੇਤ ਹੋਰ ਜਥੇਬੰਦੀਆਂ ਨਾਲ ਕਰੇਗਾ ਮੀਟਿੰਗ
India Punjab

ਸੰਯੁਕਤ ਕਿਸਾਨ ਮੋਰਚਾ 17 ਮਾਰਚ ਨੂੰ ਕਈ ਟਰੇਡ ਯੂਨੀਅਨਾਂ ਸਮੇਤ ਹੋਰ ਜਥੇਬੰਦੀਆਂ ਨਾਲ ਕਰੇਗਾ ਮੀਟਿੰਗ

New Delhi, Jan 02 (ANI): Farmer leaders Darshan pal, BS Rajewal, Gurnam Singh Charuni, Jagjit Singh Dallewal, Political activist Yogendra Yadav and others during a press conference in New Delhi on Saturday. (ANI Photo)

‘ਦ ਖ਼ਾਲਸ ਬਿਊਰੋ :- ਸੰਯੁਕਤ ਕਿਸਾਨ ਮੋਰਚਾ ਕਿਸਾਨੀ ਅੰਦੋਲਨ ਨੂੰ ਹੋਰ ਤੇਜ਼ ਕਰਨ ਲਈ 17 ਮਾਰਚ ਨੂੰ ਕਈ ਟਰੇਡ ਯੂਨੀਅਨਾਂ, ਟਰਾਂਸਪੋਰਟ ਯੂਨੀਅਨਾਂ ਅਤੇ ਹੋਰ ਵੱਖ-ਵੱਖ ਵਰਗਾਂ ਨਾਲ ਜੁੜੀਆਂ ਜਥੇਬੰਦੀਆਂ ਨਾਲ ਇੱਕ ਸਾਂਝੀ ਕਨਵੈਨਸ਼ਨ ਆਯੋਜਿਤ ਕਰੇਗਾ। ਸੰਯੁਕਤ ਕਿਸਾਨ ਮੋਰਚੇ ਦੇ ਨਾਲ ਜੁੜੀਆਂ ਜਥੇਬੰਦੀਆਂ ਨੂੰ ਇਹ ਨਿਰਦੇਸ਼ ਵੀ ਦਿੱਤੇ ਹਨ ਕਿ ਅਜਿਹੀਆਂ ਮੀਟਿੰਗਾਂ ਹਰ ਜ਼ਿਲ੍ਹਾ ਹੈੱਡਕੁਆਰਟਰਾਂ ਅਤੇ ਸਬ-ਡਵੀਜ਼ਨ ਹੈੱਡਕੁਆਰਟਰਾਂ ‘ਤੇ ਵੀ ਕੀਤੀਆਂ ਜਾਣ।

ਸੰਯੁਕਤ ਕਿਸਾਨ ਮੋਰਚਾ 15 ਮਾਰਚ ਨੂੰ ਦੇਸ਼ ਭਰ ‘ਚ  ਟਰੇਡ-ਯੂਨੀਅਨਾਂ ਨਾਲ ਇੱਕਜੁੱਟਤਾ ਪ੍ਰਗਟਾਉਂਦਿਆਂ ਨਿੱਜੀਕਰਨ ਅਤੇ ਕਾਰਪੋਰੇਟ ਵਿਰੋਧੀ ਦਿਵਸ ਮਨਾਏਗਾ।  ਰੇਲਵੇ ਸਟੇਸ਼ਨਾਂ ‘ਤੇ ਟਰੇਡ-ਯੂਨੀਅਨਾਂ ਦੀ ਹਮਾਇਤ ਦੇ ਨਾਲ-ਨਾਲ ਐੱਸਡੀਐੱਮ ਅਤੇ ਜ਼ਿਲ੍ਹਾ ਪੱਧਰਾਂ ‘ਤੇ ਧਰਨਾ ਦਿੱਤਾ ਜਾਵੇਗਾ, ਜਿੱਥੇ ਪ੍ਰਧਾਨ ਮੰਤਰੀ ਦੇ ਨਾਂਅ ਮੰਗ ਪੱਤਰ ਭੇਜਿਆ ਜਾਵੇਗਾ।

ਸੰਯੁਕਤ ਕਿਸਾਨ ਮੋਰਚਾ ਨੇ ਕਿਹਾ ਕਿ ਸਰਕਾਰ ਦੁਆਰਾ ਇਹ ਦਲੀਲ ਦਿੱਤੀ ਗਈ ਹੈ ਕਿ ਸਰਕਾਰ ਵੱਲੋਂ ਐੱਮਐੱਸਪੀ ਦੇ ਐਲਾਨ ਨਾਲ ਉਤਪਾਦਨ ਦੀ ਸਾਰੀ ਲਾਗਤ ਪੂਰੀ ਹੁੰਦੀ ਹੈ, ਅਜਿਹੇ ਦਾਅਵੇ ਬੇਬੁਨਿਆਦ ਹਨ। ਨਾ ਹੀ ਸਾਰੀ ਲਾਗਤ ਪੂਰੀ ਹੁੰਦੀ ਹੈ ਅਤੇ ਨਾ ਹੀ ਪੂਰੇ ਦੇਸ਼ ਦੇ ਕਿਸਾਨਾਂ ਨੂੰ ਅਸਲ ਵਿੱਚ ਐੱਮਐੱਸਪੀ ਮਿਲਦੀ ਹੈ। ਸੰਯੁਕਤ ਕਿਸਾਨ ਮੋਰਚਾ ਸਰਕਾਰ ਦੇ ਰਵੱਈਏ ਦੀ ਨਿੰਦਾ ਕਰਦਾ ਹੈ ਅਤੇ ਇੱਕ ਵਾਰ ਫਿਰ ਤੋਂ ਮੰਗ ਕਰਦਾ ਹੈ ਕਿ ਡੀਜ਼ਲ, ਪੈਟਰੋਲ ਅਤੇ ਗੈਸ ਦੀਆਂ ਕੀਮਤਾਂ ਤੁਰੰਤ ਘਟਾ ਦਿੱਤੀਆਂ ਜਾਣ ਅਤੇ ਐੱਮਐੱਸਪੀ ਨੂੰ ਕਾਨੂੰਨੀ ਅਧਿਕਾਰ ਵਜੋਂ ਗਰੰਟੀ ਦਿੱਤੀ ਜਾਵੇ।

ਸੰਯੁਕਤ ਕਿਸਾਨ ਮੋਰਚਾ ਇਹ ਸਪੱਸ਼ਟ ਕਰਦਾ ਹੈ ਕਿ ਜਿਨ੍ਹਾਂ ਸੂਬਿਆਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਵਿੱਚ ਇਸ ਸਮੇਂ ਚੋਣਾਂ ਚੱਲ ਰਹੀਆਂ ਹਨ,ਉੱਥੇ 26 ਮਾਰਚ ਨੂੰ ਭਾਰਤ ਦਾ ਪੂਰਨ ਬੰਦ ਨਹੀਂ ਕੀਤਾ ਜਾਵੇਗਾ। ਖੇਤੀ ਕਾਨੂੰਨਾਂ ਦੇ ਖਿਲਾਫ ਉਤਰਾਖੰਡ ਤੋਂ ਕਿਸਾਨ ਮਜ਼ਦੂਰ ਜਾਗ੍ਰਿਤੀ ਯਾਤਰਾ ਗੁਰੂਦੁਆਰਾ ਗੋਮਤੀ ਪੂਰਨਪੁਰ ਜ਼ਿਲ੍ਹਾ ਪੀਲੀਭੀਤ ਤੋਂ ਗੁਰਦੁਆਰਾ ਖੁੱਟਰ ਜ਼ਿਲ੍ਹਾ ਸ਼ਾਹਜਹਾਂਪੁਰ ਪਹੁੰਚੀ। ਹਜ਼ਾਰਾਂ ਲੋਕਾਂ ਨੇ ਕਸਬਿਆਂ, ਪਿੰਡਾਂ ਅਤੇ ਸ਼ਹਿਰਾਂ ਵਿੱਚ ਮਾਰਚ ਦਾ ਭਰਪੂਰ ਉਤਸ਼ਾਹ ਨਾਲ ਸਵਾਗਤ ਕੀਤਾ। ਲੋਕਾਂ ਨੂੰ ਤਿੰਨ ਕਾਲੇ ਕਾਨੂੰਨਾਂ ਬਾਰੇ ਜਾਗਰੂਕ ਕੀਤਾ ਗਿਆ ਅਤੇ ਐੱਮਐੱਸਪੀ ਦੀ ਗਰੰਟੀ ਦੀ ਮੰਗ ਬਾਰੇ ਜਾਗਰੂਕ ਕੀਤਾ ਗਿਆ। ਗੰਜਾਮ (ਉੜੀਸਾ) ਵਿੱਚ ਵੀ ਕਿਸਾਨ ਅਧਿਕਾਰ ਯਾਤਰਾ ਦਾ ਸ਼ਾਨਦਾਰ ਸਵਾਗਤ ਹੋਇਆ। 

ਸੰਯੁਕਤ ਕਿਸਾਨ ਮੋਰਚਾ ਨੇ ਨਿੱਜੀਕਰਨ ਅਤੇ ਕਾਰਪੋਰੇਟ ਪੱਖੀ ਨੀਤੀਆਂ ਖ਼ਿਲਾਫ਼ ਪ੍ਰਧਾਨ ਮੰਤਰੀ ਨੂੰ ਇੱਕ ਪੱਤਰ ਲਿਖਿਆ ਹੈ। ਇਸ ਪੱਤਰ ਵਿੱਚ ਤਿੰਨ ਖੇਤੀ ਕਾਨੂੰਨਾਂ ਅਤੇ ਐੱਮਐੱਸਪੀ ਦੀ ਗਰੰਟੀ ਦੀ ਮੰਗ ਦੇ ਨਾਲ-ਨਾਲ ਪੈਟਰੋਲ, ਡੀਜ਼ਲ ਅਤੇ ਰਸੋਈ ਗੈਸ ਦੀਆਂ ਵੱਧਦੀਆਂ ਕੀਮਤਾਂ ਦਾ ਮੁੱਦਾ ਵੀ ਉਠਾਇਆ ਗਿਆ ਹੈ।

ਸੰਯੁਕਤ ਕਿਸਾਨ ਮੋਰਚਾ ਨੇ ਦੱਸਿਆ ਕਿ ਤਾਮਿਲਨਾਡੂ ਦੇ ਕੰਨਿਆਕੁਮਾਰੀ ਵਿੱਚ ਸ਼ੁਰੂ ਹੋਈ ਸਾਈਕਲ ਯਾਤਰਾ ਨੂੰ ਤਾਮਿਲਨਾਡੂ ਪੁਲਿਸ ਨੇ ਗੈਰ-ਕਾਨੂੰਨੀ ਅਤੇ ਇਤਰਾਜ਼ਯੋਗ ਢੰਗ ਨਾਲ ਕੇਰਲਾ ਭੇਜ ਦਿੱਤਾ ਸੀ।  12 ਸਾਈਕਲ ਸਵਾਰ ਕੰਨਿਆ ਕੁਮਾਰੀ ਤੋਂ ਕਸ਼ਮੀਰ ਦੀ ਯਾਤਰਾ ਲਈ ਮੁੜ ਯੋਜਨਾ ਬਣਾ ਰਹੇ ਹਨ ਅਤੇ ਜਲਦੀ ਹੀ ਵਾਪਸ ਸੜਕਾਂ ‘ਤੇ ਆ ਜਾਣਗੇ।

ਕਿਸਾਨ ਲੀਡਰਾਂ ਨੇ ਕਿਹਾ ਕਿ ਗੁਜਰਾਤ ਸੂਬੇ ਦੀ ਪੁਲਿਸ ਵੱਲੋਂ ਗਾਂਧੀ ਜੀ ਦੇ ਮਸ਼ਹੂਰ ਡਾਂਡੀ ਮਾਰਚ ਅਤੇ ਸੱਤਿਆਗ੍ਰਹਿ ਦੀ ਯਾਦ ਵਿੱਚ 12 ਮਾਰਚ ਨੂੰ ਸ਼ੁਰੂ ਹੋਣ ਵਾਲੇ ਅਹਿਮਦਾਬਾਦ ਤੋਂ ਵੱਖ-ਵੱਖ ਸੰਗਠਨਾਂ ਦੇ ਕਈ ਕਾਰਕੁੰਨਾਂ ਨੂੰ ਮਾਰਚ ਕੱਢਣ ਤੋਂ ਰੋਕਿਆ ਗਿਆ ਅਤੇ ਲੀਡਰਾਂ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ ਅਤੇ ਉੱਥੇ ਨਜ਼ਰਬੰਦ ਰੱਖਿਆ ਗਿਆ। ਸੰਯੁਕਤ ਕਿਸਾਨ ਮੋਰਚਾ ਇਸਦੀ ਸਖ਼ਤ ਨਿਖੇਧੀ ਕਰਦਾ ਹੈ। ਅੱਜ ਮੁੰਬਈ ਤੋਂ ਸ਼ੁਰੂ ਹੋਈ ਮਿੱਟੀ- ਸੱਤਿਆਗ੍ਰਹਿ ਯਾਤਰਾ 6 ਅਪ੍ਰੈਲ, 2021 ਨੂੰ ਸਿੰਘੂ ਸਰਹੱਦ ‘ਤੇ ਪਹੁੰਚੇਗੀ।

Exit mobile version