ਚੰਡੀਗੜ੍ਹ : ਬੀਬੀ ਜਗੀਰ ਕੌਰ ਮੁੜ ਅਕਾਲੀ ਦਲ ‘ਚ ਸ਼ਾਮਲ ਹੋਣਗੇ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸਾਬਕਾ ਪ੍ਰਧਾਨ ਬੀਬੀ ਜਗੀਰ ਕੌਰ ਨੂੰ ਸ਼੍ਰੋਮਣੀ ਅਕਾਲੀ ਦਲ ਵਿੱਚੋਂ ਕੱਢਣ ਦਾ ਮਤਾ ਰੱਦ ਕਰ ਦਿੱਤਾ ਗਿਆ ਹੈ। ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ 14 ਮਾਰਚ ਨੂੰ ਬੇਗੋਵਾਲ ਵਿੱਚ ਬਣੇ ਡੇਰਾ ਬਾਬਾ ਪ੍ਰੇਮ ਸਿੰਘ ਜੀ ਮੁਰਾਰੇ ਵਾਲੇ ਵਿਖੇ ਜਾ ਰਹੇ ਹਨ।
ਸ਼੍ਰੋਮਣੀ ਅਕਾਲੀ ਦਲ ਦੇ ਬੁਲਾਰੇ ਨੇ ਇਸ ਦੀ ਪੁਸ਼ਟੀ ਕਰਦਿਆ ਕਿਹਾ ਕਿ ਬੀਬੀ ਜਗੀਰ ਕੌਰ ਹਮੇਸ਼ਾਂ ਪੰਥ ਦੀ ਚੜ੍ਹਦੀ ਕਲਾ ਵਾਸਤੇ ਆਪਣਾ ਯੋਗਦਾਨ ਪਾਉਂਦੇ ਆ ਰਹੇ ਹਨ। ਉਨ੍ਹਾਂ ਨੇ ਕਿਹਾ ਵੀ ਕਿਹਾ ਕਿ ਬੀਬੀ ਜਗੀਰ ਕੌਰ ਦੇ ਸਾਰੇ ਅਹੁਦੇ ਬਹਾਲ ਕੀਤੇ ਜਾਣਗੇ।
ਲੋਕ ਸਭਾ ਚੋਣਾਂ ਤੋਂ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਨੂੰ ਮਜ਼ਬੂਤ ਕਰਨ ਲਈ ਸੁਖਬੀਰ ਸਿੰਘ ਬਾਦਲ ਹਰ ਨਰਾਜ਼ ਆਗੂ ਨੂੰ ਪਾਰਟੀ ਵਿੱਚ ਵਾਪਿਸ ਲਿਆਉਣ ਦੀ ਪੁਰਜ਼ੋਰ ਕੋਸ਼ਿਸ਼ ਕਰ ਰਹੇ ਹਨ। ਇਸ ਤੋਂ ਪਹਿਲਾਂ ਸੁਖਦੇਵ ਸਿੰਘ ਢੀਂਡਸਾ ਨੇ ਆਪਣੀ ਪਾਰਟੀ ਅਕਾਲੀ ਦਲ ਸੰਯੁਕਤ ਦਾ ਅਕਾਲੀ ਦਲ ਵਿੱਚ ਰਲੇਵਾਂ ਕਰ ਲਿਆ ਹੈ। ਜਿਸ ਤੋਂ ਬਾਅਦ ਅਕਾਲੀ ਦਲ ਬਾਦਲ ਨੂੰ ਵੱਡੀ ਤਾਕਤ ਮਿਲੀ ਹੈ, ਹੁਣ ਬੀਬੀ ਜਗੀਰ ਕੌਰ ਦਾ ਆਉਣ ਨਾਲ ਮਹਿਲਾ ਵਿੰਗ ਨੂੰ ਵੀ ਕਾਫੀ ਮਜ਼ਬੂਤੀ ਮਿਲੇਗੀ।
ਮੀਡੀਆ ਦੇ ਨਾਲ ਗੱਲਬਾਤ ਦੌਰਾਨ ਬੀਬੀ ਜਗੀਰ ਕੌਰ ਨੇ ਕਿਹਾ ਕਿ ਪਿਛਲੇ ਸਮੇਂ ਵਿੱਚ ਜੋ ਕੁੱਝ ਵੀ ਹੋਇਆ ਹੈ ਉਹ ਕੁੱਝ ਰਾਜਨੀਤਿਕ ਮੱਤਭੇਦਾਂ ਨੂੰ ਲੈਕੇ ਹੋਇਆ ਸੀ। ਅੱਜ ਉਨ੍ਹਾਂ ਦਾ ਫੋਨ ਆਇਆ ਸੀ ਕਿ ਉਹ ਨੇ ਮਿਲਣ ਦੇ ਆਉਣਾ ਹੈ, ਮੈਂ ਉਨ੍ਹਾਂ ਨੂੰ ਜਵਾਬ ਦਿੱਤਾ ਕਿ ਤੁਸੀਂ ਆਉਣ ਤੋਂ ਰਹਿਣ ਦਵੋ ਕਿਉਂਕਿ ਮੈਂ ਹਮੇਸ਼ਾ ਤੋਂ ਹੀ ਅਕਾਲੀ ਦਲ ਸੀ, ਅਕਾਲੀ ਹਾਂ, ਅਕਾਲੀ ਰਹਾਂਗੀ।
ਸ਼੍ਰੋਮਣੀ ਅਕਾਲੀ ਦਲ ਸਾਡੀ ਮਾਂ ਪਾਰਟੀ ਹੈ, ਇਸ ਨੂੰ ਮਜ਼ਬੂਤ ਕਰਨ ਦੇ ਲਈ ਸਾਨੂੰ ਕੰਮ ਕਰਨਾ ਚਾਹੀਦਾ ਹੈ, ਅਕਾਲੀ ਦਲ ਨੂੰ ਮਜ਼ਬੂਤ ਕਰ ਦੇ ਸਾਨੂੰ ਸਭ ਤੋਂ ਪਹਿਲਾਂ ਅਕਾਲੀ ਦਲ ਦੇ ਮੁੱਖ ਸਿਧਾਤਾਂ ‘ਤੇ ਚਲਣਾ ਚਾਹੀਦਾ ਹੈ, ਜਦੋਂ ਸੁਖਬੀਰ ਬਾਦਲ ਮਿਲਣ ਲਈ ਆਉਣਗੇ ਤਾਂ ਵੀ ਮੈਂ ਇਹ ਗੱਲ ਉਨ੍ਹਾਂ ਅੱਗੇ ਰੱਖਾਂਗੀ। ਕਿਉਂਕਿ ਅਕਾਲੀ ਦਲ ਹਮੇਸ਼ਾ ਹੀ ਆਪਣੇ ਸਿਧਾਤਾਂ ਨੂੰ ਲੈ ਕੇ ਸਿਆਸਤ ਕਰਦਾ ਆਇਆ ਹੈ। ਜੇਕਰ ਅਸੀਂ ਆਪਣੇ ਸਿਧਾਂਤਾਂ ਨੂੰ ਭੁੱਲ ਜਾਵਾਂਗੇ ਤਾਂ ਅਕਾਲੀ ਦਲ ਲੋਕਾਂ ਨਾਲ ਟੁੱਟ ਜਾਵੇਗਾ।