The Khalas Tv Blog Lok Sabha Election 2024 ਲੋਕ ਸਭਾ ਚੋਣਾਂ ’ਚ ਖ਼ਰਾਬ ਪ੍ਰਦਰਸ਼ਨ ਮਗਰੋਂ ਬੀਬੀ ਜਗੀਰ ਕੌਰ ਨੇ ਅਕਾਲੀ ਦਲ ਨੂੰ ਦਿੱਤੀ ਸਲਾਹ
Lok Sabha Election 2024 Punjab

ਲੋਕ ਸਭਾ ਚੋਣਾਂ ’ਚ ਖ਼ਰਾਬ ਪ੍ਰਦਰਸ਼ਨ ਮਗਰੋਂ ਬੀਬੀ ਜਗੀਰ ਕੌਰ ਨੇ ਅਕਾਲੀ ਦਲ ਨੂੰ ਦਿੱਤੀ ਸਲਾਹ

Bibi Jagir Kaur

ਲੋਕ ਸਭਾ ਚੋਣਾਂ 2024 ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਖ਼ਰਾਬ ਪ੍ਰਦਰਸ਼ਨ ਦੀ ਬਹੁਤ ਚਰਚਾ ਹੋ ਰਹੀ ਹੈ। ਬੀਜੇਪੀ ਨਾਲ ਗਠਜੋੜ ਤੋੜਨ ਤੋਂ ਬਾਅਦ ਪਾਰਟੀ ਸਿਰਫ ਇੱਕ ਸੀਟ ਹਾਸਲ ਕਰਨ ਵਿੱਚ ਹੀ ਕਾਮਯਾਬ ਹੋ ਸਕੀ ਹੈ। ਇਸ ਸਬੰਧੀ ਬਹੁਤ ਸਾਰੇ ਟਕਸਾਲੀ ਲੀਡਰਾਂ ਦੇ ਬਿਆਨ ਸਾਹਮਣੇ ਆਏ ਤੇ ਹੁਣ ਬੀਬੀ ਜਗੀਰ ਕੌਰ ਨੇ ਵੀ ਇਸ ’ਤੇ ਟਿੱਪਣੀ ਕੀਤੀ ਹੈ। ਬੀਬੀ ਜਗੀਰ ਕੌਰ ਨੇ ਕਿਹਾ ਹੈ ਕਿ ਅਕਾਲੀ ਦਲ ਬਹੁਤ ਗੰਭੀਰ ਦੌਰ ਵਿੱਚੋਂ ਲੰਘ ਰਿਹਾ ਹੈ ਤੇ ਪਾਰਟੀ ਨੂੰ ਸਹੀ ਸਲਾਹਕਾਰਾਂ ਦੀ ਪਛਾਣ ਕਰਨੀ ਚਾਹੀਦੀ ਹੈ।

ਬੀਬੀ ਜਗੀਰ ਕੌਰ ਨੇ ਕਿਹਾ ਕਿ ਇਹ ਬਹੁਤ ਜ਼ਰੂਰੀ ਹੋ ਗਿਆ ਹੈ ਕਿ ਪਾਰਟੀ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਮਜ਼ਬੂਤ ਹੋ ਕੇ ਪਾਰਟੀ ਨੂੰ ਇਸ ਸੰਕਟ ਵਿਚੋਂ ਕੱਢਣ। ਉਨ੍ਹਾਂ ਨੇ ਸੁਖਬੀਰ ਬਾਦਲ ਨੂੰ ਸਲਾਹ ਵੀ ਦਿੱਤੀ ਕਿ ਉਹ ਪਹਿਲਾਂ ਆਪਣੇ ਸਹੀ ਸਲਾਹਕਾਰਾਂ ਦੀ ਪਛਾਣ ਕਰਨ।

ਬੀਬੀ ਜਗੀਰ ਕੌਰ ਨੇ ਕਿਹਾ ਕਿ ਇਸੇ ਤਰ੍ਹਾਂ ਜਦੋਂ ਸੀਨੀਅਰ ਆਗੂ ਮੁੜ ਪਾਰਟੀ ਦੀ ਮਜ਼ਬੂਤੀ ਲਈ ਪਾਰਟੀ ਦੀ ਮੁੱਖ ਧਾਰਾ ਵਿੱਚ ਆ ਰਹੇ ਸਨ ਤਾਂ ਉਸ ਵੇਲੇ ਢੀਂਡਸਾ ਵਰਗੇ ਸੀਨੀਅਰ ਤੇ ਸਿਆਣੇ ਆਗੂ ਨੂੰ ਟਿਕਟ ਨਾ ਦੇਣ ਦੀ ਸਲਾਹ ਨੇ ਵੀ ਪਾਰਟੀ ਨੂੰ ਹੇਠਾਂ ਲਿਆਂਦਾ ਹੈ।

ਬੀਬੀ ਜਗੀਰ ਕੌਰ ਨੇ ਕਿਹਾ ਕਿ ਜਦੋਂ ਪੰਜਾਬ ਵਿੱਚ ਚੋਣ ਪ੍ਰਚਾਰ ਸਿਖ਼ਰ ’ਤੇ ਸੀ ਤਾਂ ਸੁਖਬੀਰ ਸਿੰਘ ਬਾਦਲ ਨੂੰ ਕਿਹੜੇ ਆਗੂ ਨੇ ਇਹ ਸਲਾਹ ਦਿੱਤੀ ਕਿ ਅਕਾਲੀ ਆਗੂ ਆਦੇਸ਼ਪ੍ਰਤਾਪ ਸਿੰਘ ਕੈਂਰੋ ਨੂੰ ਪਾਰਟੀ ਵਿਚੋਂ ਬਾਹਰ ਕੀਤਾ ਜਾਵੇ, ਇਸ ਫ਼ੈਸਲੇ ਨੇ ਪਾਰਟੀ ਦਾ ਨੁਕਸਾਨ ਕੀਤਾ ਹੈ।

Exit mobile version