‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਪ੍ਰਧਾਨ ਬੀਬੀ ਜਗੀਰ ਕੌਰ ਨੇ ਕਰੋਨਾ ਦੇ ਵੱਧਦੇ ਪ੍ਰਕੋਪ ਅਤੇ ਲਾਕਡਾਊਨ ‘ਤੇ ਚਿੰਤਾ ਪ੍ਰਗਟਾਉਂਦਿਆ ਕਿਹਾ ਹੈ ਕਿ ‘ਇਸ ਵਿੱਚ ਕੋਈ ਸ਼ੱਕ ਨਹੀਂ ਹੈ ਕਿ ਕਰੋਨਾ ਕਰਕੇ ਮੌਤਾਂ ਦੀ ਦਰ ਵੱਧ ਗਈ ਹੈ ਪਰ ਜਦੋਂ ਕਰੋਨਾ ਵੈਕਸੀਨੇਸ਼ਨ ਸ਼ੁਰੂ ਨਹੀਂ ਹੋਈ ਸੀ, ਜਦੋਂ ਸਰਕਾਰ ਨੇ ਸਾਰੀਆਂ ਪਾਬੰਦੀਆਂ ਹਟਾ ਦਿੱਤੀਆਂ ਸੀ ਤਾਂ ਕੀ ਉਸ ਸਮੇਂ ਕਰੋਨਾ ਖਤਮ ਹੋ ਗਿਆ ਸੀ। ਮੌਤਾਂ ਤਾਂ ਉਦੋਂ ਵੀ ਹੋਈਆਂ ਸਨ। ਪਰ ਅੱਜ ਜਦੋਂ ਕੋਈ ਮੌਤ ਹੁੰਦੀ ਹੈ, ਭਾਵੇਂ ਉਹ ਕੈਂਸਰ ਨਾਲ ਹੋਵੇ, ਭਾਵੇਂ ਦਿਲ ਦਾ ਦੌਰਾ ਪੈਣ ਨਾਲ ਹੋਵੇ, ਕਿਸੇ ਵੀ ਕਾਰਨ ਹੋਈ ਮੌਤ ਨੂੰ ਕਰੋਨਾ ਦਾ ਰੂਪ ਦਿੱਤਾ ਜਾਂਦਾ ਹੈ’।
ਬੀਬੀ ਜਗੀਰ ਕੌਰ ਨੇ ਕਿਹਾ ਕਿ ‘ਮੈਂ ਇਸ ਗੱਲ ਨਾਲ ਸਹਿਮਤ ਹਾਂ ਕਿ ਕਰੋਨਾ ਦੀ ਬਿਮਾਰੀ ਖਤਰਨਾਕ ਹੈ ਪਰ ਸਰਕਾਰ ਦਾ ਸੁਚੇਤ ਕਰਨਾ ਅਤੇ ਸਾਡਾ ਸੁਚੇਤ ਰਹਿਣਾ ਫਰਜ਼ ਹੈ। ਸਾਨੂੰ ਵੀ ਇਹਤਿਆਤ ਵਿੱਚ ਰਹਿਣਾ ਚਾਹੀਦਾ ਹੈ ਪਰ ਸਰਕਾਰ ਜਿੰਨਾ ਸਾਨੂੰ ਇਸ ਬਿਮਾਰੀ ਬਾਰੇ ਡਰਾ ਰਹੀ ਹੈ, ਕੁੱਝ ਲੋਕ ਤਾਂ ਉਸ ਡਰ ਨਾਲ ਹੀ ਬਿਮਾਰ ਹੋ ਜਾਂਦੇ ਹਨ। ਇਹ ਡਰ ਇਨਸਾਨ ਦੀ ਇੱਛਾ ਸ਼ਕਤੀ ਨੂੰ ਘਟਾ ਦਿੰਦਾ ਹੈ। ਮੈਂ ਵੀ ਆਪਣੇ ਮੁਲਾਜ਼ਮਾਂ ਨੂੰ ਕਰੋਨਾ ਨਿਯਮਾਂ ਦੀ ਪਾਲਣਾ ਕਰਨ ਲਈ ਕਹਿੰਦੀ ਹੈ ਪਰ ਸਰਕਾਰ ਨੂੰ ਲੋਕਾਂ ਨੂੰ ਸਿਰਫ ਸੁਚੇਤ ਕਰਨਾ ਚਾਹੀਦਾ ਹੈ ਨਾ ਕਿ ਉਨ੍ਹਾਂ ਨੂੰ ਡਰਾਉਣਾ ਚਾਹੀਦਾ ਹੈ’।
ਉਨ੍ਹਾਂ ਨੇ ਕਿਹਾ ਕਿ ‘ਸਰਕਾਰ ਵੱਲੋਂ ਇਕਦਮ ਲਾਕਡਾਊਨ ਲਾਉਣਾ ਗਲਤ ਹੈ ਕਿਉਂਕਿ ਜੋ ਲੋਕ ਆਪਣੇ ਘਰਾਂ ਤੋਂ ਦੂਰ ਵੱਸਦੇ ਹਨ, ਉਹ ਇਕਦਮ ਰਾਤੋ-ਰਾਤ ਆਪਣੀਆਂ ਗੱਡੀਆਂ ਭਜਾ ਕੇ ਆਇਆ ਹੋਵੇਗਾ, ਕਿਸੇ ਦਾ ਐਕਸੀਡੈਂਟ ਵੀ ਹੋ ਸਕਦਾ ਸੀ। ਇਹ ਚੀਜ਼ਾਂ ਸਾਨੂੰ ਦਹਿਸ਼ਤ ਪਾਉਂਦੀਆਂ ਹਨ। ਜਦੋਂ ਸਰਕਾਰ ਸਾਨੂੰ ਇਕਦਮ ਹੁਕਮ ਸੁਣਾ ਦਿੰਦੀ ਹੈ ਕਿ ਸਾਰਾ ਕੁੱਝ ਬੰਦ ਹੈ ਤਾਂ ਇਸ ਨਾਲ ਕਾਰੋਬਾਰਾਂ ਨੂੰ ਕਾਫੀ ਪ੍ਰੇਸ਼ਾਨੀ ਹੁੰਦੀ ਹੈ’। ਬੀਬੀ ਜਗੀਰ ਕੌਰ ਨੇ ਕਿਹਾ ਕਿ ‘ਗੁਰੂ ਘਰ ਨਾ ਤਾਂ ਬੰਦ ਹੋਏ ਸੀ ਅਤੇ ਨਾ ਹੀ ਹੋਣਗੇ ਅਤੇ ਨਾ ਹੀ ਸਰਕਾਰ ਵੱਲੋਂ ਸਾਨੂੰ ਧਾਰਮਿਕ ਅਸਥਾਨ ਬੰਦ ਕਰਨ ਲਈ ਕੋਈ ਹੁਕਮ ਆਇਆ ਹੈ। ਪਰ ਫਿਰ ਵੀ ਆਪਣੇ-ਆਪ ਹੀ ਸੰਗਤ ਦੀ ਆਮਦ ਵਿੱਚ ਫਰਕ ਪੈ ਜਾਂਦਾ ਹੈ’।