‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਪ੍ਰਚਾਰਕ ਰਣਜੀਤ ਸਿੰਘ ਢੱਡਰੀਆਂਵਾਲੇ ਵੱਲੋਂ ਸਿੰਘੂ ਬਾਰਡਰ ‘ਤੇ ਵਾਪਰੀ ਘਟਨਾ ਵਿੱਚ ਦੋਸ਼ੀ ਲਖਬੀਰ ਸਿੰਘ ਦਾ ਪੱਖ ਲੈਂਦਿਆਂ ਦਿੱਤੇ ਗਏ ਕੁੱਝ ਬਿਆਨਾਂ ‘ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇਤਰਾਜ਼ ਜਤਾਇਆ ਹੈ। ਸ਼੍ਰੋਮਣੀ ਕਮੇਟੀ ਦੀ ਪ੍ਰਧਾਨ ਬੀਬੀ ਜਗੀਰ ਕੌਰ ਨੇ ਢੱਡਰੀਆਂਵਾਲੇ ਨੂੰ ਤਾੜਨਾ ਕਰਦਿਆਂ ਕਿਹਾ ਕਿ ਦਰਬਾਰ ਸਾਹਿਬ ਬਾਰੇ ਦਿੱਤੇ ਗਏ ਬਿਆਨਾਂ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਬੀਬੀ ਜਗੀਰ ਕੌਰ ਨੇ ਕਿਹਾ ਕਿ ਮੈਨੂੰ ਅਫਸੋਸ ਹੈ ਕਿ ਢੱਡਰੀਆਂਵਾਲਾ ਸਿੰਘੂ ਬਾਰਡਰ ਬਾਰੇ ਜਿਵੇਂ ਚਾਹੇ ਗੱਲ ਕਰ ਸਕਦਾ ਹੈ ਪਰ ਦਰਬਾਰ ਸਾਹਿਬ ਬਾਰੇ ਜੋ ਸ਼ਬਦ ਢੱਡਰੀਆਂਵਾਲੇ ਨੇ ਬੋਲੇ ਹਨ, ਉਹ ਬਹੁਤ ਹੀ ਨਿੰਦਣਯੋਗ ਹਨ। ਉਨ੍ਹਾਂ ਕਿਹਾ ਕਿ ਅੱਜ ਤੱਕ ਦਰਬਾਰ ਸਾਹਿਬ ਵਿਖੇ ਹਰ ਕਿਸੇ ਨੇ ਸਹਾਰਾ ਹੀ ਲਿਆ ਹੈ, ਕੋਈ ਤਾਂ ਸੋਚਦਾ ਵੀ ਨਹੀਂ ਕਿ ਦਰਬਾਰ ਸਾਹਿਬ ਸੁਰੱਖਿਆ ਵਜੋਂ ਕਿਸੇ ਨੂੰ ਨਾਲ ਲੈ ਕੇ ਜਾਣ ਦੀ ਲੋੜ ਹੈ। ਢੱਡਰੀਆਂਵਾਲਾ ਇਹੋ ਜਿਹੇ ਸ਼ਬਦਾਂ ਨੂੰ ਵਰਤਣ ਲੱਗਿਆ ਗੁਰੇਜ਼ ਕਰੇ, ਕਿਤੇ ਇਹ ਨਾ ਹੋ ਜਾਵੇ ਕਿ ਸਿੱਖਾਂ ਵਿੱਚ ਇਨ੍ਹਾਂ ਸ਼ਬਦਾਂ ਨੂੰ ਲੈ ਕੇ ਕੋਈ ਰੋਹ ਆ ਜਾਵੇ।
ਦਰਅਸਲ, ਕੱਲ੍ਹ ਢੱਡਰੀਆਂਵਾਲੇ ਨੇ ਪਤਿਤ ਸਿੱਖਾਂ ਯਾਨਿ ਦਾੜੀ ਕੱਟਣ ਵਾਲੇ ਸਿੱਖਾਂ ਨੂੰ ਨਸੀਹਤ ਦਿੰਦਿਆਂ ਕਿਹਾ ਕਿ ਜਦੋਂ ਤੁਸੀਂ ਦਰਬਾਰ ਸਾਹਿਬ ਦੇ ਅੰਦਰ ਮੱਥਾ ਟੇਕਣ ਲਈ ਜਾਉ ਤਾਂ ਪਹਿਲਾਂ ਵੇਖ ਲਿਉ ਕਿ ਅੰਦਰ ਪੰਜ-ਚਾਰ ਬੰਦੇ ਹਨ ਕਿ ਨਹੀਂ, ਇਕੱਲਾ ਨਾ ਅੰਦਰ ਵੜ ਜਾਇਉ, ਬਦਲਾ ਲੈਣ ਵਾਲੇ ਬੰਦੇ ਹੋ ਸਕਦਾ ਤੈਨੂੰ ਵੱਢ ਦੇਣ ਅਤੇ ਬਾਅਦ ਵਿੱਚ ਕਹਿ ਦੇਣ ਕਿ ਇਹ ਤਾਂ ਬੇਅਦਬੀ ਕਰਨ ਚੱਲਿਆ ਸੀ। ਜਿੰਨੇ ਵੀ ਰੁਮਾਲਾਂ ਵਾਲੇ ਹੋ, ਜੋ ਸਿਰ ‘ਤੇ ਬੰਨ੍ਹ ਕੇ ਜਾਂਦੇ ਹੋ, ਸੋਚ ਕੇ ਗੁਰਦੁਆਰਾ ਸਾਹਿਬ ਵਿਖੇ ਜਾਇਆ ਕਰੋ। ਜਿਹੜੇ ਗੁਰਦੁਆਰਾ ਸਾਹਿਬਾਨਾਂ ਵਿਖੇ ਕੈਮਰੇ ਲੱਗੇ ਹਨ, ਉੱਥੇ ਜਾਉ, ਜਿੱਥੇ ਨਹੀਂ ਲੱਗੇ, ਉੱਥੇ ਵੀ ਲਗਾਉ ਕਿਉਂਕਿ ਕਿਤੇ ਬੇਅਦਬੀਆਂ ਦੇ ਨਾਂ ‘ਤੇ ਲੋਕ ਆਪਣੀ ਦੁਸ਼ਮਣੀ ਨਾ ਕੱਢ ਲੈਣ, ਬੇਅਦਬੀਆਂ ਦੇ ਨਾਂ ‘ਤੇ ਬੰਦੇ ਕਿਤੇ ਟੁੱਕੇ ਨਾ ਜਾਣ।