ਬਿਊਰੋ ਰਿਪੋਰਟ (ਅੰਮ੍ਰਿਤਸਰ, 18 ਨਵੰਬਰ, 2025): ਭਾਈ ਅਮਨਦੀਪ ਸਿੰਘ ਅੱਜ ਆਪਣੇ ਜਥੇ ਸਮੇਤ ਸ੍ਰੀ ਹਰਿਮੰਦਰ ਸਾਹਿਬ ਪਹੁੰਚੇ ਜਿੱਥੇ ਉਨ੍ਹਾਂ ਸ੍ਰੀ ਅਕਾਲ ਤਖ਼ਤ ਸਾਹਿਬ ਨਾਲ ਆਪਣੀ ਨਿਸ਼ਠਾ ਅਤੇ ਸਮਰਪਣ ਨੂੰ ਦੁਹਰਾਉਂਦੇ ਹੋਏ ਆਪਣੀਆਂ ਭੁੱਲਾਂ ਲਈ ਮੁਆਫ਼ੀ ਮੰਗੀ।
ਸੋਸ਼ਲ ਮੀਡੀਆ ’ਤੇ ਪਿਛਲੇ ਕੁਝ ਦਿਨਾਂ ਤੋਂ ਉਨ੍ਹਾਂ ਦੀ ਧੀ ਦੇ ਅਨੰਦ ਕਾਰਜ ਸਬੰਧੀ ਚੱਲ ਰਹੇ ਚਰਚਿਆਂ ਅਤੇ ਵਿਰੋਧਾਂ ਮਗਰੋਂ ਭਾਈ ਅਮਨਦੀਪ ਸਿੰਘ ਨੇ ਸ੍ਰੀ ਅਕਾਲ ਤਖਤ ਸਾਹਿਬ ਤੋਂ ਜਾਣੇ-ਅਣਜਾਣੇ ’ਚ ਹੋਈਆਂ ਭੁੱਲਾਂ ਲਈ ਮੁਆਫੀ ਦੀ ਬੇਨਤੀ ਕੀਤੀ।
ਉਹਨਾਂ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦਫ਼ਤਰ ਸਕੱਤਰੇਤ ਵਿਖੇ ਆਪਣਾ ਲਿਖਤੀ ਬੇਨਤੀ ਪੱਤਰ ਇੰਚਾਰਜ ਬਗੀਚਾ ਸਿੰਘ ਨੂੰ ਸੌਂਪਿਆ। ਪੱਤਰ ਵਿੱਚ ਉਨ੍ਹਾਂ ਨੇ ਦਰਜ ਕੀਤਾ ਕਿ ਅਨੰਦ ਕਾਰਜ ਦੌਰਾਨ ਜੇਕਰ ਮਰਿਆਦਾ ਸੰਬੰਧੀ ਕੋਈ ਜਾਣੇ-ਅਣਜਾਣੇ ’ਚ ਗ਼ਲਤੀ ਹੋਈ ਹੋਵੇ ਤਾਂ ਉਹ ਪੂਰਨ ਨਿਮਰਤਾ ਨਾਲ ਮੁਆਫੀ ਮੰਗਦੇ ਹਨ। ਮੀਡੀਆ ਨਾਲ ਗੱਲਬਾਤ ਕਰਦੇ ਹੋਏ ਭਾਈ ਅਮਨਦੀਪ ਸਿੰਘ ਨੇ ਕਿਹਾ ਕਿ ਉਹ ਹਮੇਸ਼ਾਂ ਤੋਂ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਸਮਰਪਿਤ ਸਨ ਅਤੇ ਰਹਿੰਦੇ ਸਾਹਾਂ ਤੱਕ ਸਮਰਪਿਤ ਰਹਿਣਗੇ।
ਉਨ੍ਹਾਂ ਨੇ ਕਿਹਾ ਕਿ ਮੇਰੀ ਧੀ ਦੇ ਅਨੰਦ ਕਾਰਜ ਵਿੱਚ ਜੇ ਕੋਈ ਜਾਣੀ-ਅਣਜਾਣੀ ਭੁੱਲ ਹੋਈ ਹੈ ਤਾਂ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਬਖ਼ਸ਼ਿਸ਼ ਦੀ ਬੇਨਤੀ ਕੀਤੀ ਹੈ। ਗੁਰੂ ਸਾਹਿਬ ਦੀ ਕਿਰਪਾ ਨਾਲ ਅਗਾਂਹ ਵੀ ਸਦਾ ਹੀ ਸ੍ਰੀ ਅਕਾਲ ਤਖ਼ਤ ਦੇ ਹੁਕਮਾਂ ਤੇ ਮਰਿਆਦਾ ਅਨੁਸਾਰ ਰਹਿਣ ਦੀ ਕੋਸ਼ਿਸ਼ ਰਹੇਗੀ। ਭਾਈ ਅਮਨਦੀਪ ਸਿੰਘ ਨੇ ਇਹ ਵੀ ਕਿਹਾ ਕਿ ਗੁਰੂ ਹਰਿਗੋਬਿੰਦ ਸਾਹਿਬ ਤੇ ਗੁਰੂ ਰਾਮਦਾਸ ਜੀ ਦੀ ਰਹਿਮਤ ਨਾਲ ਉਹ ਸਦਾ ਹੀ ਪੰਥਕ ਭਾਵਨਾ ਅਤੇ ਨਿਮਰਤਾ ਦੇ ਨਾਲ ਸੇਵਾ ਵਿੱਚ ਬਣੇ ਰਹਿਣਗੇ।

