ਭਗਵੰਤ ਮਾਨ ਦਾ ਪਹਿਲੀ ਪਤਨੀ ਨਾਲ 2015 ਵਿੱਚ ਤਲਾਕ ਹੋਇਆ ਸੀ
‘ਦ ਖ਼ਾਲਸ ਬਿਊਰੋ : ਮੁੱਖ ਮੰਤਰੀ ਭਗਵੰਤ ਮਾਨ ਡਾਕਟਰ ਗੁਰਪ੍ਰੀਤ ਕੌਰ ਨਾਲ ਆਨੰਦ ਕਾਰਜ ਕਰਨ ਜਾ ਰਹੇ ਹਨ। ਹਰ ਕੋਈ ਇਸ ਜੋੜੀ ਨੂੰ ਵਧਾਈ ਦੇ ਰਿਹਾ ਹੈ। ਇਸ ਦੌਰਾਨ ਡਾਕਟਰ ਗੁਰਪ੍ਰੀਤ ਕੌਰ ਦਾ ਵਿਆਹ ਨੂੰ ਲੈ ਕੇ ਬਿਆਨ ਸਾਹਮਣੇ ਆਇਆ ਹੈ। ਉਨ੍ਹਾਂ ਨੇ ਆਪਣੇ ਟਵਿੱਟਰ ਹੈਂਡਲ ‘ਤੇ ਆਪਣੀ ਇਕ ਫੋਟੋ ਸ਼ੇਅਰ ਕਰਦੇ ਹੋਏ ਲਿਖਿਆ ਹੈ ਕਿ ‘ਦਿਨ ਸ਼ਗਨਾ ਦਾ ਚੜਿਆ’ ਉੱਧਰ ਇਹ ਵੀ ਜਾਣਕਾਰੀ ਸਾਹਮਣੇ ਆ ਰਹੀ ਹੈ ਕਿ ਲਾੜੇ ਦੇ ਰੂਪ ਵਿੱਚ ਭਗਵੰਤ ਮਾਨ ਬ੍ਰਾਊਨ ਡਰੈਸ ਵਿੱਚ ਨਜ਼ਰ ਆਉਣਗੇ। ਮੁੱਖ ਮੰਤਰੀ ਨਿਵਾਸ ਵਿੱਚ ਮਹਿਮਾਨ ਪਹੁੰਚਣੇ ਸ਼ੁਰੂ ਹੋ ਗਏ ਹਨ। ਮੁੱਖ ਮਹਿਮਾਨ ਵੱਜੋਂ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਪਹੁੰਚ ਰਹੇ ਹਨ। ਉਹ ਭਗਵੰਤ ਮਾਨ ਵੱਲੋਂ ਅਹਿਮ ਜ਼ਿੰਮੇਵਾਰੀ ਨਿਭਾਉਣਗੇ ।
ਕੇਜਰੀਵਾਲ ਨੂੰ ਇਹ ਜ਼ਿੰਮੇਵਾਰੀ ਸੌਂਪੀ ਗਈ
ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਭਗਵੰਤ ਮਾਨ ਆਪਣਾ ਵੱਡਾ ਭਰਾ ਮੰਨਦੇ ਹਨ । ਇਸ ਲਈ ਉਹ ਆਪਣੇ ਪੂਰੇ ਪਰਿਵਾਰ ਦੇ ਨਾਲ ਵਿਆਹ ਵਿੱਚ ਪਹੁੰਚ ਰਹੇ ਹਨ । ਭਗਵੰਤ ਮਾਨ ਦੇ ਪਿਤਾ ਮਹਿੰਦਰ ਸਿੰਘ ਇਸ ਦੁਨੀਆ ਵਿੱਚ ਨਹੀਂ ਹਨ । ਇਸ ਲਈ ਕਿਹਾ ਜਾ ਰਿਹਾ ਹੈ ਕਿ ਮਾਨ ਨੇ ਪਿਤਾ ਦੀਆਂ ਰਸਮਾ ਨਿਭਾਉਣ ਦੀ ਜ਼ਿੰਮੇਵਾਰੀ ਅਰਵਿੰਦ ਕੇਜਰੀਵਾਲ ਨੂੰ ਸੌਂਪੀ ਹੈ। ਵਿਆਹ ਦੇ ਇੰਤਜ਼ਾਮਾਂ ਦੀ ਜ਼ਿੰਮਵਾਰੀ ਮਾਨ ਨੇ ਰਾਜ ਸਭਾ ਦੇ ਮੈਂਬਰ ਰਾਘਵ ਚੱਢਾ ਨੂੰ ਦਿੱਤੀ ਹੈ। ਮਹਿਮਾਨਾਂ ਦੀ ਲਿਸਟ ਵੀ ਬਾਹਰ ਆ ਗਈ ਹੈ। 20 ਮਹਿਮਾਨ ਭਗਵੰਤ ਮਾਨ ਵੱਲੋਂ ਅਤੇ 20 ਡਾਕਟਰ ਗੁਰਪ੍ਰੀਤ ਦੇ ਪਰਿਵਾਰ ਵੱਲੋਂ ਹੋਣਗੇ। ਆਨੰਦ ਕਾਰਜ ਮੁੱਖ ਮੰਤਰੀ ਦੇ ਨਿਵਾਸ ‘ਤੇ ਹੀ ਹੋਵੇਗਾ,ਗ੍ਰੰਥੀ ਸਿੰਘ ਪਹੁੰਚ ਚੁੱਕੇ ਹਨ।
ਕੌਣ ਹੈ ਡਾਕਟਰ ਗੁਰਪ੍ਰੀਤ ਕੌਰ ?
ਡਾਕਟਰ ਗੁਰਪ੍ਰੀਤ ਕੌਰ ਨੱਤ ਪੇਸ਼ੇ ਤੋਂ ਡਾਕਟਰ ਹਨ। ਹਰਿਆਣਾ ਦੇ ਮੁਲਾਣਾ ਤੋਂ ਉਨ੍ਹਾਂ ਨੇ MBBS ਦੀ ਪੜਾਈ ਕੀਤੀ ਸੀ। 2012 ਵਿੱਚ ਗੁਰਪ੍ਰੀਤ ਕੌਰ ਨੇ DAV ਸਕੂਲ ਚੰਡੀਗੜ੍ਹ ਤੋਂ 12ਵੀਂ ਪਾਸ ਕੀਤੀ। ਉਨ੍ਹਾਂ ਦਾ ਪਿਛੋਕੜ ਕੁਰੂਕੇਸ਼ਤਰ ਤੋਂ ਦੱਸਿਆ ਜਾ ਰਿਹਾ ਹੈ। ਗੁਰਪ੍ਰੀਤ ਦੀਆਂ 2 ਭੈਣਾਂ ਹਨ, ਜੋ ਇਸ ਵਕਤ ਵਿਦੇਸ਼ ਵਿੱਚ ਹਨ। ਉਹ ਆਪਣੀਆਂ ਭੈਣਾਂ ਵਿੱਚੋਂ ਸਭ ਤੋਂ ਛੋਟੀ ਹੈ।
ਮਾਨ ਇਸ ਵਜ੍ਹਾਂ ਨਾਲ ਵਿਆਹ ਲਈ ਰਾਜੀ ਹੋਏ
ਮਾਨ ਦੇ ਕਰੀਬੀਆਂ ਦਾ ਕਹਿਣਾ ਹੈ ਕਿ ਭਗਵੰਤ ਮਾਨ ਆਪਣੀ ਮਾਂ ਅਤੇ ਭੈਣ ਦੇ ਕਹਿਣ ‘ਤੇ ਦੂਜਾ ਵਿਆਹ ਕਰਵਾਉਣ ਲਈ ਰਾਜ਼ੀ ਹੋਏ ਹਨ। ਉਨ੍ਹਾਂ ਨੇ ਹੀ ਮਾਨ ਦੇ ਲਈ ਡਾਕਟਰ ਗੁਰਪ੍ਰੀਤ ਕੌਰ ਨੂੰ ਚੁਣਿਆ ਹੈ। ਭਗਵੰਤ ਮਾਨ ਦਾ 2015 ਵਿੱਚ ਆਪਣੀ ਪਹਿਲੀ ਪਤਨੀ ਇੰਦਰਪ੍ਰੀਤ ਕੌਰ ਨਾਲ ਤਲਾਕ ਹੋਇਆ ਸੀ। ਦੋਵਾਂ ਦੀ ਇਕ ਧੀ ਸੀਰਤ ਅਤੇ ਪੁੱਤ ਦਿਲਸ਼ਾਨ ਹੈ। ਦੋਵੇਂ ਬੱਚੇ ਆਪਣੀ ਮਾਂ ਨਾਲ ਅਮਰੀਕਾ ਰਹਿੰਦੇ ਹਨ। ਭਗਵੰਤ ਮਾਨ ਦੇ ਸਹੁੰ ਚੁੱਕ ਸਮਾਗਮ ਵਿੱਚ ਸੀਰਤ ਅਤੇ ਦਿਲਸ਼ਾਨ ਦੋਵੇਂ ਪਹੁੰਚੇ ਸਨ। ਭਗਵੰਤ ਮਾਨ ਨੇ ਮੰਗਲਵਾਰ ਨੂੰ ਇਕ ਸਮਾਗਮ ਦੌਰਾਨ ਆਪਣੀ ਪਹਿਲੀ ਪਤਨੀ ਦੀ ਤਾਰੀਫ਼ ਕਰਦੇ ਹੋਏ ਕਿਹਾ ਸੀ ਕੀ ਉਨ੍ਹਾਂ ਦੀ ਪਹਿਲੀ ਪਤਨੀ ਇੰਦਰਪ੍ਰੀਤ ਕੌਰ ਨੇ ਬੱਚਿਆਂ ਦਾ ਬਹੁਤ ਚੰਗੀ ਤਰ੍ਹਾਂ ਧਿਆਨ ਰੱਖਿਆ ਹੈ ।