The Khalas Tv Blog India ਭਗਵੰਤ ਮਾਨ ਨੇ ਕੇਂਦਰ ਨੂੰ ਲਿਖੀ ਚਿੱਠੀ , 1000 ਮੈਗਾਵਾਟ ਵਾਧੂ ਬਿਜਲੀ ਦੀ ਕੀਤੀ ਮੰਗੀ…
India Punjab

ਭਗਵੰਤ ਮਾਨ ਨੇ ਕੇਂਦਰ ਨੂੰ ਲਿਖੀ ਚਿੱਠੀ , 1000 ਮੈਗਾਵਾਟ ਵਾਧੂ ਬਿਜਲੀ ਦੀ ਕੀਤੀ ਮੰਗੀ…

ਚੰਡੀਗੜ੍ਹ : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕੇਂਦਰੀ ਬਿਜਲੀ ਮੰਤਰੀ ਆਰ ਕੇ ਸਿੰਘ ਨੂੰ ਚਿੱਠੀ ਲਿਖ ਕੇ 15 ਜੂਨ ਤੋਂ 15 ਅਕਤੂਬਰ ਤੱਕ 1000 ਮੈਗਾਵਾਟ ਵਾਧੂ ਬਿਜਲੀ ਦੀ ਮੰਗ ਕੀਤੀ ਹੈ। ਉਨ੍ਹਾਂ ਨੇ ਲਿਖਿਆ ਹੈ ਕਿ ਪੰਜਾਬ ਵਿਚ 10 ਜੂਨ ਤੋਂ ਝੋਨੇ ਦਾ ਸੀਜ਼ਨ ਸ਼ੁਰੂ ਹੋ ਰਿਹਾ ਹੈ। ਇਸ ਵਾਰ ਬਿਜਲੀ ਦੀ ਮੰਗ 15500 ਮੈਗਾਵਾਟ ਤੱਕ ਜਾਣ ਦੀ ਸੰਭਾਵਨਾ ਹੈ। ਉਹਨਾਂ ਕਿਹਾ ਕਿ ਪੰਜਾਬ ਕੋਲ ਆਪਣੇ ਸਰੋਤਾਂ ਤੋਂ ਸਿਰਫ 6500 ਮੈਗਾਵਾਟ ਬਿਜਲੀ ਹੀ ਪੈਦਾ ਹੁੰਦੀ ਹੈ। ਇਸ ਲਈ ਇਸਨੂੰ ਵਾਧੂ ਬਿਜਲੀ ਦੀ ਲੋੜ ਹੈ। ਉਹਨਾਂ ਕਿਹਾ ਕਿ ਇਹ ਬਿਜਲੀ ਸੂਬੇ ਦੇ ਕਿਸਾਨਾਂ ਵੱਲੋਂ ਦੇਸ਼ ਵਾਸਤੇ ਪੈਦਾ ਕੀਤੇ ਜਾਂਦੇ ਝੋਨੇ ਲਈ ਬਿਜਲੀ ਸਪਲਾਈ ਵਾਸਤੇ ਬਹੁਤ ਜ਼ਰੂਰੀ ਹੈ।

ਕੇਂਦਰੀ ਬਿਜਲੀ ਮੰਤਰੀ ਨੂੰ ਲਿਖੀ ਚਿੱਠੀ ਵਿੱਚ ਭਗਵੰਤ ਮਾਨ ਨੇ ਆਗਾਮੀ ਝੋਨੇ ਦੇ ਸੀਜ਼ਨ ਦੇ ਮੱਦੇਨਜ਼ਰ ਬਿਜਲੀ ਦੀ ਭਾਰੀ ਲੋੜ ਹੋਣ ਦਾ ਮੁੱਦਾ ਚੁੱਕਿਆ। ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਦੇ ਕਿਸਾਨਾਂ ਨੂੰ ਨਿਰਵਿਘਨ ਬਿਜਲੀ ਦੀ ਸਪਲਾਈ ਮੁਹੱਈਆ ਕਰਨ ਲਈ ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮੀਟਿਡ (ਪੀ.ਐਸ.ਪੀ.ਸੀ.ਐਲ.) ਲਗਾਤਾਰ ‘ਪੁਸ਼ਪ ਪੋਰਟਲ’ ਉਤੇ ਬਿਜਲੀ ਦੀ ਉਪਲਬਧਤਾ ਉਤੇ ਨਜ਼ਰ ਰੱਖ ਰਿਹਾ ਹੈ। ਉਨ੍ਹਾਂ ਕਿਹਾ ਕਿ ਪਤਾ ਲੱਗਿਆ ਹੈ ਕਿ ਹਾਲ ਦੀ ਘੜੀ ਇਸ ਪੋਰਟਲ ਉਤੇ ਬਿਜਲੀ ਦੀ ਉਪਲਬਧਤਾ ਅਨਿਸ਼ਚਤ ਹੈ ਅਤੇ ਇੱਥੇ ਸਿਰਫ਼ ਥੋੜ੍ਹੇ ਸਮੇਂ ਜਾਂ ਰੋਜ਼ਾਨਾ ਦੇ ਆਧਾਰ ਉਤੇ ਹੀ ਬਿਜਲੀ ਉਪਲਬਧ ਹੈ।

 

 

 

ਮੁੱਖ ਮੰਤਰੀ ਨੇ ਕਿਹਾ ਕਿ ਬਿਜਲੀ ਵਟਾਂਦਰੇ ਦੀ ਸਾਂਝੀ ਤਬਾਦਲਾ ਸ਼੍ਰੇਣੀ ਰਾਹੀਂ ਬਿਜਲੀ ਦੀ ਪੂਰਤੀ ਦੀ ਭਰੋਸੇਯੋਗਤਾ ਨਾ ਹੋਣ ਕਾਰਨ ਸੂਬੇ ਨੂੰ 15 ਜੂਨ ਤੋਂ 15 ਅਕਤੂਬਰ ਤੱਕ ਦੇ ਸਮੇਂ ਲਈ ਰੋਜ਼ਾਨਾ 24 ਘੰਟੇ ਇਕ ਹਜ਼ਾਰ ਮੈਗਾਵਾਟ ਦੀ ਬਿਜਲੀ ਸਪਲਾਈ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਭਾਰਤੀ ਮੌਸਮ ਵਿਭਾਗ (ਆਈ.ਐਮ.ਡੀ.) ਵੱਲੋਂ ਹਾਲ ਹੀ ਵਿੱਚ ਪੰਜਾਬ ਸਣੇ ਪੂਰੇ ਉੱਤਰ-ਪੱਛਮ ਭਾਰਤ ਵਿੱਚ ਘੱਟ ਬਰਸਾਤ ਹੋਣ ਦੀ ਭਵਿੱਖਬਾਣੀ ਨੂੰ ਦੇਖਦਿਆਂ ਵਾਧੂ ਬਿਜਲੀ ਦੀ ਲੋੜ ਹੋਰ ਵਧ ਜਾਂਦੀ ਹੈ। ਭਗਵੰਤ ਮਾਨ ਨੇ ਕਿਹਾ ਕਿ ਖੁਰਾਕ ਸੁਰੱਖਿਆ ਬਾਰੇ ਕੌਮੀ ਹਿੱਤਾਂ ਨੂੰ ਧਿਆਨ ਵਿੱਚ ਰੱਖਦਿਆਂ ਝੋਨੇ ਦੀ ਫ਼ਸਲ ਦੀ ਸੁਚਾਰੂ ਤੇ ਬਿਨਾਂ ਕਿਸੇ ਅੜਿੱਕੇ ਤੋਂ ਕਾਸ਼ਤ ਨੂੰ ਲਾਜ਼ਮੀ ਤੌਰ ਉਤੇ ਯਕੀਨੀ ਬਣਾਉਣ ਦੀ ਲੋੜ ਹੈ।

ਮੁੱਖ ਮੰਤਰੀ ਨੇ ਕੇਂਦਰ ਮੰਤਰੀ ਆਰ.ਕੇ. ਸਿੰਘ ਦੇ ਧਿਆਨ ਵਿੱਚ ਲਿਆਂਦਾ ਕਿ ਉਹ ਸੂਬੇ ਨੂੰ ਕੇਂਦਰੀ ਖ਼ੇਤਰ ਦੇ ਬਿਜਲੀ ਉਤਪਾਦਨ ਸਟੇਸ਼ਨਾਂ ਤੋਂ ਵਾਧੂ ਬਿਜਲੀ ਦਾ ਨਿਰਧਾਰਨ ਕਰਨ। ਉਨ੍ਹਾਂ ਦੱਸਿਆ ਕਿ ਪੰਜਾਬ ਨੂੰ ਆਪਣੇ ਤਾਪ ਬਿਜਲੀ ਘਰਾਂ ਲਈ ਪਛਵਾੜਾ (ਕੇਂਦਰੀ) ਕੋਲਾ ਖਾਣ ਤੋਂ ਬਾਕਾਇਦਾ ਆਧਾਰ ਉਤੇ ਕੋਲੇ ਦੀ ਸਪਲਾਈ ਮਿਲ ਰਹੀ ਹੈ। ਭਗਵੰਤ ਮਾਨ ਨੇ ਦੱਸਿਆ ਕਿ ਇਸ ਦੇ ਬਾਵਜੂਦ ਸੂਬੇ ਦੀ ਕੁੱਲ ਬਿਜਲੀ ਉਤਪਦਾਨ ਸਮਰੱਥਾ 6500 ਮੈਗਾਵਾਟ ਹੈ, ਜਦੋਂ ਕਿ ਝੋਨੇ ਦੇ ਸੀਜ਼ਨ ਵੇਲੇ ਇਸ ਮੰਗ ਦੇ 15,500 ਮੈਗਾਵਾਟ ਤੱਕ ਪੁੱਜਣ ਦੀ ਸੰਭਾਵਨਾ ਹੈ।

ਮੁੱਖ ਮੰਤਰੀ ਨੇ ਆਖਿਆ ਕਿ ਇਸ ਲਈ ਬਿਜਲੀ ਦੀ ਭਾਰੀ ਮੰਗ ਦੀ ਪੂਰਤੀ ਲਈ ਆਗਾਮੀ ਝੋਨੇ/ਗਰਮੀਆਂ ਦੇ ਸੀਜ਼ਨ ਦੌਰਾਨ ਪੰਜਾਬ ਨੂੰ ਕੇਂਦਰੀ ਸਹਾਇਤਾ ਦੀ ਲੋੜ ਹੈ। ਇਕ ਹੋਰ ਮਸਲਾ ਚੁੱਕਦਿਆਂ ਉਨ੍ਹਾਂ ਕਿਹਾ ਕਿ ਬਿਜਲੀ ਮੰਤਰਾਲੇ ਨੇ 20 ਫਰਵਰੀ 2023 ਨੂੰ ਦਰਾਮਦ ਕੋਲਾ ਆਧਾਰਤ ਪਲਾਂਟਾਂ ਲਈ ਬਿਜਲੀ ਐਕਟ, 2003 ਦੀ ਧਾਰਾ 1 ਨੂੰ ਲਾਗੂ ਕਰਨ ਦੀਆਂ ਹਦਾਇਤਾਂ ਜਾਰੀ ਕੀਤੀਆਂ ਸਨ ਅਤੇ ਇਹ 15 ਜੂਨ 2023 ਤੱਕ ਲਾਗੂ ਰਹਿਣੀਆਂ ਹਨ। ਭਗਵੰਤ ਮਾਨ ਨੇ ਕਿਹਾ ਕਿ ਗਰਮੀਆਂ ਦੇ ਆ ਰਹੇ ਸੀਜ਼ਨ ਕਾਰਨ ਸੀ.ਜੀ.ਪੀ.ਐਲ. ਮੁੰਦਰਾ ਵਿੱਚ ਸਾਡੇ 475 ਮੈਗਾਵਾਟ ਦੇ ਹਿੱਸੇ ਕਾਰਨ ਪੰਜਾਬ ਦੇ ਮਾਮਲੇ ਵਿੱਚ ਇਹ ਹਦਾਇਤਾਂ ਕਾਫ਼ੀ ਮਹੱਤਵਪੂਰਨ ਹਨ।

ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਵਿੱਚ ਭਾਰੀ ਮੰਗ ਤੇ ਝੋਨੇ ਦਾ ਸੀਜ਼ਨ 10 ਜੂਨ ਤੋਂ ਸ਼ੁਰੂ ਹੋ ਰਿਹਾ ਹੈ, ਜਿਸ ਕਾਰਨ ਇਸ ਸਮੇਂ ਦੌਰਾਨ ਸੂਬੇ ਨੂੰ 24 ਘੰਟੇ ਬਿਜਲੀ ਦੀ ਬੇਹੱਦ ਲੋੜ ਹੈ। ਇਸ ਲਈ ਉਨ੍ਹਾਂ ਕੇਂਦਰੀ ਬਿਜਲੀ ਮੰਤਰੀ ਨੂੰ ਇਹ ਹਦਾਇਤਾਂ 15 ਅਕਤੂਬਰ ਤੱਕ ਵਧਾਉਣ ਲਈ ਆਖਿਆ ਤਾਂ ਕਿ ਸਮਾਜ ਦੇ ਹਰੇਕ ਵਰਗ ਦੀਆਂ ਬਿਜਲੀ ਲੋੜਾਂ ਦੀ ਪੂਰਤੀ ਕੀਤੀ ਜਾ ਸਕੇ। ਭਗਵੰਤ ਮਾਨ ਨੇ ਕਿਹਾ ਕਿ ਸੂਬੇ ਦੇ ਕਿਸਾਨ ਦੇਸ਼ ਨੂੰ ਖੁਰਾਕ ਉਤਪਾਦਨ ਵਿੱਚ ਆਤਮ-ਨਿਰਭਰ ਬਣਾਉਣ ਲਈ ਅਹਿਮ ਭੂਮਿਕਾ ਨਿਭਾ ਰਹੇ ਹਨ, ਜਿਸ ਕਾਰਨ ਕੇਂਦਰ ਸਰਕਾਰ, ਪੰਜਾਬ ਨੂੰ ਨਿਰੰਤਰ ਵਾਧੂ ਬਿਜਲੀ ਸਪਲਾਈ ਜ਼ਰੂਰ ਯਕੀਨੀ ਬਣਾਵੇ ਤਾਂ ਜੋ ਕਿਸਾਨਾਂ ਨੂੰ ਫਾਇਦਾ ਮਿਲ ਸਕੇ।

Exit mobile version