ਭਗਵਾਨ ਵਿਸ਼ਵਕਰਮਾ ਦਿਵਸ ‘ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ (cm bhagwant mann, )ਨੇ ਵੱਡਾ ਐਲਾਨ ਕੀਤਾ ਹੈ। ਮਾਨ ਨੇ ਕਿਹਾ ਹੈ ਕਿ ਪੰਜਾਬ ਸਰਕਾਰ ਸੂਬੇ ਦੀਆਂ ਸੜਕਾਂ ਨੂੰ ਟੋਲ ਫਰੀ ਕਰੇਗੀ। ਜਲਦੀ ਹੀ ਸਤਲੁਜ ਦਰਿਆ, ਲਾਡੋਵਾਲ ਅਤੇ ਸ਼ੰਭੂ ‘ਤੇ ਲੱਗੇ ਟੋਲ ਨੂੰ ਹਟਾ ਦਿੱਤਾ ਜਾਵੇਗਾ। ਸਤਲੁਜ ਨੇੜੇ ਬਣੇ ਟੋਲ ਪਲਾਜ਼ਾ ਕਾਰਨ ਸਥਾਨਕ ਕਿਸਾਨ ਅਤੇ ਲੋਕ ਪ੍ਰੇਸ਼ਾਨ ਹਨ। ਮਾਨ ਨੇ ਇਹ ਗੱਲਾਂ ਮਿਲਰਗੰਜ ਨੇੜੇ ਰਾਮਗੜ੍ਹੀਆ ਗਰਲਜ਼ ਕਾਲਜ ਵਿਖੇ ਰਾਜ ਪੱਧਰੀ ਬਾਬਾ ਵਿਸ਼ਵਕਰਮਾ ਦਿਵਸ ਮੌਕੇ ਕਰਵਾਏ ਗਏ ਪ੍ਰੋਗਰਾਮ ਦੌਰਾਨ ਕਹੀਆਂ।
ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਆਉਣ ਵਾਲੇ ਦਿਨਾਂ ਵਿੱਚ 2-3 ਟੋਲ ਹੋਰ ਬੰਦ ਹੋ ਜਾਣਗੇ। ਉਨ੍ਹਾਂ ਕਿਹਾ ਕਿ ਦੋ ਪਲਾਜ਼ੇ ਦਾ ਪਹਿਲਾਂ ਹੀ ਬੰਦ ਕਰਵਾ ਦਿੱਤੇ ਹਨ ਤੇ ਆਉਣ ਵਾਲੇ ਦਿਨਾਂ ਵਿਚ 2-3 ਹੋਰ ਬੰਦ ਕਰਵਾ ਰਹੇ ਹਾਂ।
ਪਹਿਲਾਂ ਸਾਹਨੇਵਾਲ ਨੇੜੇ ਟੋਲ ਪਲਾਜ਼ਾ ਸੀ ਪਰ ਉਥੋਂ ਇਸ ਨੂੰ ਲਾਡੋਵਾਲ ਨੇੜੇ ਤਬਦੀਲ ਕਰ ਦਿੱਤਾ ਗਿਆ ਹੈ। ਨਿਯਮਾਂ ਮੁਤਾਬਿਕ ਜਿੱਥੇ ਟੋਲ ਪਲਾਜ਼ਾ ਬਣਿਆ ਹੋਇਆ ਹੈ, ਉਸ ਨੂੰ ਉਥੋਂ ਹਟਾਇਆ ਨਹੀਂ ਜਾ ਸਕਦਾ। ਉਹ ਪਿਛਲੀਆਂ ਸਰਕਾਰਾਂ ਦੀ ਮਿਲੀਭੁਗਤ ਕਾਰਨ ਚੱਲ ਰਹੇ ਹਨ। ਸਾਡੀ ਸਰਕਾਰ ਨੇ ਪਹਿਲਾਂ ਲੁਧਿਆਣਾ-ਮਲੇਰਕੋਟਲਾ-ਸੰਗਰੂਰ ਹਾਈਵੇ ‘ਤੇ ਲੱਗੇ ਟੋਲ ਪਲਾਜ਼ਾ ਨੂੰ ਹਟਾ ਦਿੱਤਾ ਹੈ। ਹੁਣ ਸਤਲੁਜ ਅਤੇ ਸ਼ੰਭੂ ‘ਤੇ ਬਣੇ ਟੋਲ ਪਲਾਜ਼ੇ ਹਟਾ ਦਿੱਤੇ ਜਾਣਗੇ।
ਪਿਛਲੀਆਂ ਸਰਕਾਰਾਂ ਨੇ ਸੂਬੇ ਨੂੰ ਲੁੱਟਿਆ
ਮੁੱਖ ਮੰਤਰੀ ਮਾਨ ਨੇ ਕਿਹਾ ਕਿ ਪਿਛਲੀਆਂ ਸਰਕਾਰਾਂ ਨੇ ਸੂਬੇ ਦੀ ਦੌਲਤ ਨੂੰ ਬੇਰਹਿਮੀ ਨਾਲ ਲੁੱਟਿਆ ਹੈ। ਇਸ ਕਾਰਨ ਸੂਬੇ ਨੂੰ ਕਾਫੀ ਨੁਕਸਾਨ ਹੋਇਆ ਹੈ। ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਲੋਕਤੰਤਰ ਵਿੱਚ ਵਿਰੋਧੀ ਧਿਰ ਅਤੇ ਸੱਤਾਧਾਰੀ ਧਿਰ ਦੋਵੇਂ ਅਹਿਮ ਹਨ। ਲੋਕਤੰਤਰ ਵਿੱਚ ਹਰ ਕਿਸੇ ਦੀ ਰਾਏ ਨੂੰ ਮਹੱਤਵ ਦਿੱਤਾ ਜਾਣਾ ਚਾਹੀਦਾ ਹੈ। ਹੁਣ ਸਮਾਂ ਆ ਗਿਆ ਹੈ ਜਦੋਂ ਸਾਨੂੰ ਦੇਸ਼ ਦੇ ਬੁਨਿਆਦੀ ਸਮਾਜਿਕ ਤਾਣੇ-ਬਾਣੇ ਨੂੰ ਮਜ਼ਬੂਤ ਕਰਕੇ ਆਪਣੇ ਰਾਸ਼ਟਰ ਦਾ ਨਿਰਮਾਣ ਕਰਨਾ ਚਾਹੀਦਾ ਹੈ। ਇਸ ਲਈ ਸਾਨੂੰ ਸਾਰਿਆਂ ਨੂੰ ਹੱਥ ਮਿਲਾਉਣਾ ਪਵੇਗਾ।
ਇਹ ਯਕੀਨੀ ਬਣਾਉਣਾ ਹੋਵੇਗਾ ਕਿ ਦੇਸ਼ ਨੂੰ ਤਰੱਕੀ ਅਤੇ ਖੁਸ਼ਹਾਲੀ ਦੇ ਰਾਹ ‘ਤੇ ਲਿਜਾਇਆ ਜਾਵੇ। ਭਗਵੰਤ ਮਾਨ ਨੇ ਇਸ ਨੇਕ ਕਾਰਜ ਅਤੇ ਦੇਸ਼ ਦੇ ਸਰਵਉੱਚ ਹਿੱਤਾਂ ਲਈ ਲੋਕਾਂ ਦੇ ਸਹਿਯੋਗ ਦੀ ਮੰਗ ਕੀਤੀ।
ਉਨ੍ਹਾਂ ਕਿਹਾ ਕਿ ਟੋਲ ਪਲਾਜ਼ੇ ਵਾਲੇ ਆਖ ਰਹੇ ਸਨ ਕਿ ਕਰੋਨਾ ਆ ਗਿਆ ਸੀ, ਇਸ ਲਈ ਸਾਡਾ ਸਮਾਂ ਹੋਰ ਵਧਾਓ। ਉਨ੍ਹਾਂ ਕਿਹਾ ਕਿ ਤਕਰੀਬਨ ਸਾਰੀਆਂ ਸੜਕਾਂ ਉਤੇ ਟੋਲ ਪਲਾਜ਼ੇ ਲਗਾ ਕੇ ਲੋਕਾਂ ਨੂੰ ਲੁੱਟਿਆ ਜਾ ਰਿਹਾ ਹੈ।
ਉਨ੍ਹਾਂ ਕਿਹਾ ਕਿ ਹੋਰ ਦੇਸ਼ਾਂ ਵਿਚ ਵੀ ਟੋਲ ਹਨ ਪਰ ਉਥੇ ਪੈਸਾ ਦੇਣਾ ਲਾਜ਼ਮੀ ਨਹੀਂ ਹੈ। ਕਿਉਂਕਿ ਮੁਫਤ ਵਾਲੇ ਰਸਤੇ ਵੀ ਦਿੱਤੇ ਹੋਏ ਹਨ। ਪਰ ਸਾਡੇ ਇਥੇ ਤਾਂ ਕੋਈ ਸੜਕ ਛੱਡੀ ਹੀ ਨਹੀਂ। ਹੁਣ ਤਾਂ ਹੱਦ ਹੋਈ ਪਈ ਹੈ। ਪਰ ਅਸੀਂ ਲੋਕਾਂ ਨੂੰ ਰਾਹਤ ਦੇਵਾਂਗਾ। ਇਕ-ਇਕ ਕਰਕੇ ਸਾਰੇ ਟੋਲ ਪਲਾਜ਼ੇ ਚੁੱਕਾਂਗੇ।