The Khalas Tv Blog India ਭਗਤ ਰਵਿਦਾਸ ਜੀ ਜਨਮ ਦਿਹਾੜੇ ‘ਤੇ ਸਮੁੱਚੀ ਮਨੁੱਖਤਾ ਨੂੰ ਲੱਖ-ਲੱਖ ਵਧਾਈ
India Punjab

ਭਗਤ ਰਵਿਦਾਸ ਜੀ ਜਨਮ ਦਿਹਾੜੇ ‘ਤੇ ਸਮੁੱਚੀ ਮਨੁੱਖਤਾ ਨੂੰ ਲੱਖ-ਲੱਖ ਵਧਾਈ

ਦ ਖ਼ਾਲਸ ਬਿਊਰੋ : ਸਤਿਗੁਰੂ ਰਵਿਦਾਸ ਜੀ ਭਾਰਤ ਦੇ ਉਨ੍ਹਾਂ ਮਹਾਪੁਰਖਾਂ ਵਿੱਚੋਂ ਇੱਕ ਹਨ ਜਿਨ੍ਹਾਂ ਨੇ ਆਪਣੇ ਅਧਿਆਤਮਿਕ ਸ਼ਬਦਾਂ ਰਾਹੀਂ ਪੂਰੀ ਦੁਨੀਆ ਨੂੰ ਸਵੈ-ਗਿਆਨ, ਏਕਤਾ, ਭਾਈਚਾਰਕ ਸਾਂਝ ‘ਤੇ ਜ਼ੋਰ ਦਿੱਤਾ। ਭਗਤ ਰਵਿਦਾਸ ਜੀ ਦੀ ਅਦੁੱਤੀ ਮਹਿਮਾ ਨੂੰ ਦੇਖ ਕੇ ਕਈ ਰਾਜੇ-ਰਾਣੀਆਂ ਉਨ੍ਹਾਂ ਦੀ ਸ਼ਰਨ ਵਿਚ ਆ ਕੇ ਭਗਤੀ ਦੇ ਮਾਰਗ ਵਿਚ ਜੁੜ ਗਈਆਂ। ਜੀਵਨ ਭਰ ਸਮਾਜ ਵਿੱਚ ਫੈਲੀਆਂ ਜਾਤ-ਪਾਤ ਵਰਗੀਆਂ ਬੁਰਾਈਆਂ ਦੇ ਖਾਤਮੇ ਲਈ ਕੰਮ ਕੀਤਾ।

ਭਗਤ ਰਵਿਦਾਸ ਦਾ ਜਨਮ 1377-1378 ਚੌਦਵੀਂ  ਸਦੀ ਵਿਚ ਪਿਤਾ ਸੰਤੋਖ ਦਾਸ ਜੀ ਦੇ ਘਰ ਮਾਤਾ ਕੌਸ ਦੇਵੀ ਜੀ ਦੀ ਕੁਖੋਂ ਕਾਂਸ਼ੀ, ਬਨਾਰਸ ਵਿਖੇ ਹੋਇਆ । ਉਹ ਇਕ ਸਮਾਜ ਸੁਧਾਰਕ, ਮਾਨਵਵਾਦੀ, ਧਾਰਮਿਕ ਮਨੁੱਖ, ਚਿੰਤਕ ਅਤੇ ਮਹਾਨ ਕਵੀ ਸਨ । ਉਨ੍ਹਾਂ ਦਾ ਸੰਬੰਧ ਦੁਨਿਆਵੀ ਤੌਰ ਤੇ ਕੁਟਬਾਂਢਲਾ ਚਮਾਰ ਜਾਤੀ ਨਾਲ ਸੀ ।

ਭਗਤ ਰਵਿਦਾਸ ਜੀ ਦੇ 40 ਸ਼ਬਦ 16 ਰਾਗਾਂ ਹੇਠ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿਚ ਦਰਜ਼ ਹਨ । ਇਸ ਤੋਂ ਇਲਾਵਾ ਵੀ ਉਨ੍ਹਾਂ ਦੀ ਕਾਫੀ ਰਚਨਾ ਮਿਲਦੀ ਹੈ । ਉਨ੍ਹਾਂ ਦੀ ਰਚਨਾ ਰੱਬ, ਗੁਰੂ, ਬ੍ਰਹਮੰਡ ਅਤੇ ਕੁਦਰਤ ਨਾਲ ਪ੍ਰੇਮ ਦਾ ਸੁਨੇਹਾ ਦਿੰਦੀ ਹੋਈ ਮਨੁੱਖ ਦੀ ਭਲਾਈ ਤੇ ਜੋਰ ਦਿੰਦੀ ਹੈ । ਉਨ੍ਹਾਂ ਦੀ ਰਚਨਾ ਦਾ ਭਗਤੀ ਵਿਚਾਰਧਾਰਾ ਉਤੇ ਵੀ ਬਹੁਤ  ਡੂੰਘਾ ਪ੍ਰਭਾਵ ਪਿਆ ਹੈ ।

 ਭਗਤ ਰਵਿਦਾਸ ਇਕ ਅਗਾਂਹ ਵਧੂ ਖਿਆਲੀ ਹਨ  ਉਹ ਮਰਨ ਤੋ ਬਾਅਦ ਮੁਕਤੀ ਦੀ ਨਹੀਂ ਬਲਕਿ ਜੀਵਨ ਮੁਕਤੀ ਦੀ ਗਲ ਕਰਦੇ ਹਨ,ਜੋ ਮੁਕਤੀ ਨਿਜੀ ਨਹੀਂ ਬਲਕਿ ਸਮੂਹਕ ਮੁਕਤੀ ਹੈ ,ਸਾਰੇ ਸਮਾਜ ਦੇ ਕਲਿਆਣ ਦੀ ,ਸਰਬਤ ਦੇ  ਭਲੇ ਦੀ ਗਲ ਕਰਦੇ ਹਨ।  ਭਗਤ ਰਵਿਦਾਸ ਸਮਾਜ-ਦਰਸ਼ਨ ਬਦਲਣ ਤੇ  ਉਸਾਰਨ ਦੀ ਪ੍ਰੇਰਨਾ ਕਰਦੇ ਹਨ ਕਿਓਂਕਿ ਉਹ ਸਮਾਂ ਤੁਰਕਾਂ ਅਤੇ ਪਠਾਣਾਂ ਦੇ ਰਾਜ ਵਿਚ ਅਰਾਜਕਤਾ, ਅਸਥਿਰਤਾ ਤੇ ਅਸ਼ਾਂਤੀ ਦਾ ਬੋਲਬਾਲਾ ਸੀ ਦਿਲੀ ਦੀ ਸਲਤਨਤ ਕਮਜ਼ੋਰ ਹੋ ਚੁਕੀ ਸੀ ਆਮ ਲੋਕਾਂ ਵਿਚ ਨਿਰਾਸ਼ਾ ਪੈਦਾ ਹੋ ਚੁਕੀ ਸੀ । ਗੁਰੂ ਰਵਿਦਾਸ ਬਾਣੀ ਤੇ ਉਸ ਵਿਚਲੇ ‘ਬੇਗਮਪੁਰਾ’ ਦੇ ਰਾਜ-ਸੰਕਲਪ ਦੇ ਵਿਚਾਰਾਂ ਤੋਂ ਪ੍ਰਭਾਵਤ ਹੋ ਕੇ ਕਈ ਰਾਜੇ-ਮਹਾਰਾਜੇ, ਮਹਾਰਾਣੀਆਂ ਤੇ ਪਟਰਾਣੀਆਂ ਸਮੇਤ ਆਮ ਲੋਕ ਉਨ੍ਹਾਂ ਦੇ ਸ਼ਿਸ਼ ਬਣੇ, ਜਿਨ੍ਹਾਂ ਵਿਚ ਪਟਰਾਣੀ ਝਾਲੀ ਬਾਈ, ਮਹਾਰਾਣੀ ਮੀਰਾ ਬਾਈ, ਮਹਾਰਾਣਾ ਕੁੰਭਾ, ਰੀਵਾ-ਨਰੇਸ਼ ਵੀਰ ਸਿੰਘ ਪ੍ਰਮੁੱਖ ਸਨ।

151 ਸਾਲ ਦੀ ਉਮਰ ਬਿਤਾ ਕੇ ਭਗਤ ਰਵੀਦਾਸ ਜੀ ਚਿਤੌੜ ਵਿਖੇ ਪ੍ਰਮਾਤਮਾ ਦੇ ਚਰਨਾਂ ‘ਚ ਜਾ ਬਿਰਾਜੇ।ਚਿਤੌੜ ਵਿਖੇ ਭਗਤ ਰਵੀਦਾਸ ਜੀ ਦੀ ਯਾਦ ਵਿੱਚ ਮਹਾਨ ਯਾਦਗਾਰ ਸੁਸ਼ੋਭਿਤ ਹੈ।ਆਪ ਜੀ ਦੀ ਉੱਚੇ ਤੇ ਸੁੱਚੇ ਉਪਦੇਸ਼ ਸਮੁੱਚੀ ਜਾਤੀ ਲਈ ਚਾਨਣ -ਮੁਨਾਰਾ ਬਣ ਕੇ ਰਾਹ ਦਿਖਾਂਦਾ ਰਹੇਗਾ ।

ਆਦਿ ਧਰਮ ਦੇ ਸੰਚਾਲਕਾਂ ਨੇ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿਚ ਗੁਰੂ ਰਵਿਦਾਸ ਸਥਾਨਾਂ ਦੀ ਨਿਸ਼ਾਨਦੇਹੀ ਕਰ ਕੇ ਉਥੇ ਇਤਿਹਾਸਕ ਸਥਾਨ ਅਤੇ ਭਵਨ ਉਸਾਰੇ ਹਨ। ਇਨ੍ਹਾਂ ਵਿਚੋਂ ਗੁਰੂ ਰਵਿਦਾਸ ਜਨਮ ਅਸਥਾਨ ਮੰਦਰ, ਕਾਂਸ਼ੀ (ਉੱਤਰ ਪ੍ਰਦੇਸ਼) ਪ੍ਰਮੁੱਖ ਹੈ। ਇਸ ਸ਼ਹਿਰ ਦੇ ਨਜ਼ਦੀਕ ਹੀ 14ਵੀਂ ਈਸਵੀ ਵਿਚ ਗੁਰੂ ਰਵਿਦਾਸ ਦਾ ਜਨਮ ਹੋਇਆ ਮੰਨਿਆ ਜਾਂਦਾ ਹੈ ਪਰ ਜਨਮ ਮਿਤੀ ਬਾਰੇ ਵਿਦਵਾਨਾਂ ਦੀ ਵੱਖਰੋ-ਵੱਖਰੀ ਰਾਇ ਹੈ।

ਭਗਤ ਰਵਿਦਾਸ ਜੀ ਦਾ ਜਨਮ ਦਿਹਾੜਾ ਹਰ ਸਾਲ ਮਾਘ ਮਹੀਨੇ ਦੀ ਪੂਰਨਮਾਸ਼ੀ ਨੂੰ ਵਾਰਾਣਸੀ ਵਿੱਚ ਖੁਸ਼ੀ ਅਤੇ ਉਤਸ਼ਾਹ ਨਾਲ ਮਨਾਇਆ ਜਾਂਦਾ ਹੈ। ਇਸ ਮੌਕੇ  ਲੱਖਾ ਸ਼ਰਧਾਲੂ ਵਾਰਾਣਸੀ ਵਿਖੇ ਨਤਮਸਤਕ ਹੁੰਦੇ ਹਨ।  
Exit mobile version