The Khalas Tv Blog India ਗੋਲਗੱਪੇ ਤੋਂ ਸਾਵਧਾਨ! ਕੈਂਸਰ ਦਾ ਵੱਡਾ ਖਤਰਾ
India

ਗੋਲਗੱਪੇ ਤੋਂ ਸਾਵਧਾਨ! ਕੈਂਸਰ ਦਾ ਵੱਡਾ ਖਤਰਾ

ਭਾਰਤ ਵਿੱਚ ਹਰ ਕੋਈ ਗੋਲਗੱਪਿਆਂ ਦਾ ਦੀਵਾਨਾ ਹੈ ਪਰ ਕੀ ਤੁਸੀਂ ਜਾਣਦੇ ਹੋ ਕਿ ਗੋਲਗੱਪੇ ਖਾਣ ਨਾਲ ਤੁਸੀਂ ਕੈਂਸਰ ਦਾ ਸ਼ਿਕਾਰ ਹੋ ਸਕਦੇ ਹੋ? ਤਾਜ਼ਾ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਗੋਲਗੱਪਿਆਂ ਵਿੱਚ ਕੁਝ ਖ਼ਤਰਨਾਕ ਤੱਤ ਪਾਏ ਗਏ ਹਨ, ਜੋ ਕੈਂਸਰ ਦਾ ਕਾਰਨ ਬਣ ਸਕਦੇ ਹਨ।

ਬੀਬੀਸੀ ਪੰਜਾਬੀ ਦੀ ਰਿਪੋਰਟ ਮੁਤਾਬਕ ਕਰਨਾਟਕ ਦੇ ਫੂਡ ਸੇਫਟੀ ਡਿਪਾਰਟਮੈਂਟ ਦੇ ਸਰਵੇ ਵਿੱਚ ਸਾਹਮਣੇ ਆਇਆ ਹੈ ਕਿ ਗੋਲਗੱਪਿਆਂ ਵਿੱਚ ਕੁਝ ਚੀਜ਼ਾਂ ਮਿਲਾਈਆਂ ਜਾਂਦੀਆਂ ਹਨ, ਜੋ ਕੈਂਸਰ ਦਾ ਕਾਰਨ ਹੋ ਸਕਦੀਆਂ ਹਨ। ਇਸ ਸਰਵੇ ਮੁਤਾਬਕ ਸਿਰਫ ਗੋਲਗੱਪੇ ਹੀ ਨਹੀਂ, ਬਲਕਿ ਰੇਹੜੀ ਵਾਲੇ ਹੋਰ ਖਾਣਿਆਂ ਵਿੱਚ ਵੀ ਕੁਝ ਅਜਿਹੀਆਂ ਚੀਜ਼ਾਂ ਦੀ ਵਰਤੋਂ ਕੀਤੀ ਜਾਂਦੀ ਹੈ, ਜਿਸ ਨਾਲ ਕੈਂਸਰ ਹੋਣ ਦਾ ਖ਼ਤਰਾ ਹੁੰਦਾ ਹੈ।

ਕਰਨਾਟਕ ਸਰਕਾਰ ਦੀ ਵੈੱਬਸਾਈਟ ’ਤੇ ਦਿੱਤੀ ਜਾਣਕਾਰੀ ਮੁਤਾਬਕ ਉਨ੍ਹਾਂ ਦੇ ਫੂਡ ਸੇਫਟੀ ਵਿਭਾਗ ਨੇ ਪਿਛਲੇ ਪੰਜ ਮਹੀਨਿਆਂ ਵਿੱਚ ਹਜ਼ਾਰਾਂ ਸੈਂਪਲਾਂ ਦੀ ਜਾਂਚ ਕੀਤੀ ਹੈ। ਇਨ੍ਹਾਂ ਵਿੱਚ 260 ਗੋਲਗੱਪਿਆਂ ਦੇ ਸੈਂਪਲ ਸਨ। ਜਿਨ੍ਹਾਂ ਵਿੱਚੋਂ 22 ਫੀਸਦੀ ਨਮੂਨਿਆਂ ਵਿੱਚ ਅਜਿਹੇ ਤੱਤ ਸਨ, ਜੋ ਕੈਂਸਰ ਦਾ ਕਾਰਨ ਬਣ ਸਕਦੇ ਹਨ। 260 ਨਮੂਨਿਆਂ ਵਿੱਚੋਂ 41 ਨਮੂਨਿਆਂ ਵਿੱਚ ਨਕਲੀ ਰੰਗ ਅਤੇ ਕਾਰਸੀਨੋਜਨਿਕ ਤੱਤ ਪਾਏ ਗਏ। ਕਾਰਸੀਨੋਜਨਿਕ ਤੱਤ ਕੈਂਸਰ ਦਾ ਕਾਰਨ ਬਣ ਸਕਦਾ ਹੈ।

ਕਰਨਾਟਕ ਫੂਡ ਸੇਫਟੀ ਕਮਿਸ਼ਨਰ ਕੇ ਸ਼੍ਰੀਨਿਵਾਸ ਨੇ ਇੰਡੀਅਨ ਐਕਸਪ੍ਰੈਸ ਨਾਲ ਗੱਲ ਕਰਦਿਆਂ ਦੱਸਿਆ ਕਿ ਉਨ੍ਹਾਂ ਨੂੰ ਜਾਂਚ ਦੌਰਾਨ ਪਤਾ ਲੱਗਾ ਹੈ ਕਿ ਰੇਹੜੀ ਵਾਲੇ ਸਟ੍ਰੀਟ ਫੂਡ ਖਾਣ ਤੋਂ ਬਾਅਦ ਕੁਝ ਲੋਕਾਂ ਨੂੰ ਦਸਤ, ਉਲਟੀਆਂ ਅਤੇ ਹੋਰ ਸਿਹਤ ਸਬੰਧੀ ਦਿੱਕਤਾਂ ਹੋ ਗਈਆਂ ਹਨ। ਇਸ ਤੋਂ ਬਾਅਦ ਫੂਡ ਸੇਫਟੀ ਵਿਭਾਗ ਨੇ ਨਕਲੀ ਰੰਗਾਂ ਦੀ ਵਰਤੋਂ ਕਰਨ ਵਾਲੇ ਹੋਟਲਾਂ ਅਤੇ ਵੇਚਣ ਵਾਲਿਆਂ ਖਿਲਾਫ਼ ਕਾਰਵਾਈ ਕੀਤੀ, ਜਿਸ ਵਿੱਚ ਪਤਾ ਲੱਗਾ ਕਿ ਗੋਲਗੱਪਿਆਂ ਵਿੱਚ ਵਰਤੇ ਜਾਣ ਵਾਲੇ ਪਾਣੀ ਵਿੱਚ ਨਕਲੀ ਰੰਗਾਂ ਦੀ ਵਰਤੋਂ ਕੀਤੀ ਗਈ ਸੀ।

ਇਸ ਤੋਂ ਇਲਾਵਾ ਕਬਾਬ, ਗੋਭੀ, ਮੰਚੂਰੀਅਨ, ਸ਼ਵਰਮਾ ਵਰਗੇ ਪਕਵਾਨਾਂ ਵਿੱਚ ਵੀ ਨਕਲੀ ਰੰਗਾਂ ਦੀ ਵਰਤੋਂ ਕੀਤੀ ਜਾਂਦੀ ਹੈ ਜੋ ਸਿਹਤ ਲਈ ਬਹੁਤ ਖ਼ਤਰਨਾਕ ਹੈ। ਇਸ ਤੋਂ ਬਾਅਦ ਹੁਣ ਕਰਨਾਟਕ ਵਿੱਚ ਇਨ੍ਹਾਂ ਪਕਵਾਨਾਂ ਵਿੱਚ ਨਕਲੀ ਰੰਗਾਂ ਦੀ ਵਰਤੋਂ ’ਤੇ ਪਾਬੰਦੀ ਲਗਾ ਦਿੱਤੀ ਗਈ ਸੀ।

ਗੋਲ਼ਗੱਪਿਆਂ ’ਚ ਪਾਏ ਗਏ ਖ਼ਤਰਨਾਕ ਬੈਕਟੀਰੀਆ

ਜੁਲਾਈ ਵਿੱਚ ਹੋਈ ਜਾਂਚ ਤੋਂ ਪਤਾ ਲੱਗਾ ਹੈ ਕਿ ਗੋਲ਼ਗੱਪਿਆਂ ਵਿੱਚ ਕੈਂਸਰ ਨੂੰ ਸੱਦਾ ਦੇਣ ਵਾਲੇ ਖ਼ਤਰਨਾਕ ਤੱਤ ਹੁੰਦੇ ਹਨ। ਗੋਲਗੱਪਿਆਂ ਵਿੱਚ ਲੋਕਾਂ ਦੀ ਸਿਹਤ ਲਈ ਖਤਰਨਾਕ ਬੈਕਟੀਰੀਆ ਪਾਏ ਗਏ। ਕਰਨਾਟਕ ਫੂਡ ਸੇਫਟੀ ਵਿਭਾਗ ਵੱਲੋਂ ਲਏ ਗਏ ਨਮੂਨਿਆਂ ਵਿੱਚ ਟਾਰਟਰਾਜ਼ੀਨ, ਸਨਸੈੱਟ, ਯੈਲੋ, ਰੋਡਾਮਾਇਨ ਬੀ ਅਤੇ ਚਮਕਦਾਰ ਨੀਲਾ ਰੰਗ ਪਾਇਆ ਗਿਆ। ਇਹ ਕੈਂਸਰ ਜਾਂ ਗੁਰਦੇ ਨੂੰ ਨੁਕਸਾਨ ਪਹੁੰਚਾ ਸਕਦੇ ਹਨ।

ਕਰਨਾਟਕ ਦੇ ਸਿਹਤ ਮੰਤਰੀ ਦਿਨੇਸ਼ ਗੁੰਡੂ ਰਾਓ ਨੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ ‘ਤੇ ਲਿਖਿਆ, ‘ਕੌਟਨ ਕੈਂਡੀ, ਮੰਚੂਰੀਅਨ ਅਤੇ ਕਬਾਬਾਂ ਵਿੱਚ ਨਕਲੀ ਰੰਗਾਂ ਦੀ ਵਰਤੋਂ ’ਤੇ ਪਾਬੰਦੀ ਲਗਾਈ ਗਈ ਹੈ। ਪਰ ਹੁਣ ਗੋਲਗੱਪਿਆਂ ਵਿੱਚ ਵੀ ਖ਼ਤਰਨਾਕ ਤੱਤ ਪਾਏ ਗਏ ਹਨ।”

ਕਿੰਨੀ ਖ਼ਤਰਨਾਕ ਹੈ ਫਾਸਟ ਫੂਡ ’ਚ ਵਰਤੀ ਜਾਂਦੀ ਰੋਡਾਮਾਇਨ

ਨਿਊਟ੍ਰੀਸ਼ਨਿਸਟ ਡਾ ਰੇਣੁਕਾ ਮਿੰਡੇ ਮੁਤਾਬਕ ਰੋਡਾਮਾਈਨ ਬੀ ਇੱਕ ਰਸਾਇਣਕ ਲਾਲ ਰੰਗ ਹੈ, ਜਿਸ ਨੂੰ ਉਦਯੋਗਿਕ ਰੰਗ ਵਜੋਂ ਵਰਤਿਆ ਜਾਂਦਾ ਹੈ। ਪਰ ਕਿਉਂਕਿ ਇਹ ਰੰਗ ਕੁਦਰਤੀ ਰੰਗਾਂ ਨਾਲੋਂ ਸਸਤਾ ਹੁੰਦਾ ਹੈ, ਇਸ ਲਈ ਇਹ ਕੈਂਡੀ, ਚਿਕਨ ਟਿੱਕਾ, ਪਨੀਰ ਟਿੱਕਾ ਵਿੱਚ ਵਰਤਿਆ ਜਾਂਦਾ ਹੈ। ਅਜਿਹੇ ਰੰਗਾਂ ਵਾਲੇ ਭੋਜਨਾਂ ਦਾ ਸੇਵਨ ਐਲਰਜੀ ਦਾ ਕਾਰਨ ਬਣ ਸਕਦਾ ਹੈ, ਅੰਤੜੀਆਂ ਨੂੰ ਪ੍ਰਭਾਵਿਤ ਕਰ ਸਕਦਾ ਹੈ ਅਤੇ ਦਮੇ ਦਾ ਕਾਰਨ ਵੀ ਬਣ ਸਕਦਾ ਹੈ। ਡਾ. ਰੇਣੂਕਾ ਪਿਛਲੇ 30 ਸਾਲਾਂ ਤੋਂ ਡਾਈਟੀਸ਼ੀਅਨ ਵਜੋਂ ਕੰਮ ਕਰ ਰਹੀ ਹੈ।

ਉਨ੍ਹਾਂ ਕਿਹਾ ਕਿ ਗੋਲਗੱਪਿਆਂ ਦੇ ਪਾਣੀ ਦਾ ਰੰਗ ਹਰਾ ਹੁੰਦਾ ਹੈ। ਅਜਿਹਾ ਮੰਨਿਆ ਜਾਂਦਾ ਹੈ ਕਿ ਹਰੇ ਰੰਗ ਦਾ ਪਾਣੀ ਬਣਾਉਣ ਲਈ ਪੁਦੀਨੇ ਅਤੇ ਧਨੀਏ ਨੂੰ ਮਿਲਾ ਦਿੱਤਾ ਜਾਂਦਾ ਹੈ। ਹਾਲਾਂਕਿ, ਇਸ ਧਨੀਆ ਅਤੇ ਪੁਦੀਨੇ ਦੀ ਘੱਟ ਵਰਤੋਂ ਹੁੰਦੀ ਹੈ ਅਤੇ ਰਸਾਇਣਕ ਹਰਾ ਰੰਗ (ਪੀਲੇ ਅਤੇ ਸੰਤਰੀ ਨਾਲ ਮਿਲਾਏ ਗਏ ਹਰੇ ਰੰਗ ਨੂੰ ਗ੍ਰੀਨ ਫਾਸਟ ਐੱਫਸੀਐੱਫ ਕਿਹਾ ਜਾਂਦਾ ਹੈ) ਰਲਾਇਆ ਜਾਂਦਾ ਹੈ। ਅਜਿਹੇ ਗੋਲਗੱਪੇ ਖਾਣ ਨਾਲ ਸਿਹਤ ’ਤੇ ਮਾੜਾ ਅਸਰ ਪੈਂਦਾ ਹੈ। ਅਕਸਰ ਪਾਣੀ ਨੂੰ ਉਬਾਲ ਕੇ ਨਹੀਂ ਵਰਤਿਆ ਜਾਂਦਾ। ਪਾਣੀ ’ਚ ਬਰਫ਼ ਮਿਲਾਉਣ ਨਾਲ ਉਸ ‘ਚ ਖਤਰਨਾਕ ਬੈਕਟੀਰੀਆ ਪੈਦਾ ਹੋ ਸਕਦੇ ਹਨ। ਇਸ ਨਾਲ ਦਸਤ ਅਤੇ ਉਲਟੀਆਂ ਹੋ ਸਕਦੀਆਂ ਹਨ।

ਇਸੇ ਤਰ੍ਹਾਂ ਨਾਗਪੁਰ ਯੂਨੀਵਰਸਿਟੀ ਦੀ ਫੂਡ ਟੈਕਨਾਲੋਜੀ ਮਾਹਰ ਕਲਪਨਾ ਜਾਧਵ ਮੁਤਾਬਕ ਭੋਜਨ ਦੀਆਂ ਚੀਜ਼ਾਂ ਨੂੰ ਆਕਰਸ਼ਕ ਬਣਾਉਣ ਲਈ ਕੇਸਰ ਦੀ ਵਰਤੋਂ ਕਰਨੀ ਚਾਹੀਦੀ ਹੈ। ਪਰ ਹੁਣ ਕੁਦਰਤੀ ਰੰਗਾਂ ਦੀ ਥਾਂ ਨਕਲੀ ਰੰਗਾਂ ਦੀ ਵਰਤੋਂ ਕੀਤੀ ਜਾ ਰਹੀ ਹੈ। ਰਸ-ਮਲਾਈ ਅਤੇ ਮਠਿਆਈਆਂ ਸਮੇਤ ਕਈ ਖਾਣ-ਪੀਣ ਵਾਲੀਆਂ ਵਸਤੂਆਂ ਵਿੱਚ ਨਕਲੀ ਰੰਗਾਂ ਦੀ ਵਰਤੋਂ ਕੀਤੀ ਜਾਂਦੀ ਹੈ। ਇਨ੍ਹਾਂ ਵਿੱਚ ਕਾਰਸੀਨੋਜਨਸ ਤੱਤ ਹੁੰਦੇ ਹਨ। ਇਸ ਨਾਲ ਕੈਂਸਰ ਦਾ ਖ਼ਤਰਾ ਹੋ ਸਕਦਾ ਹੈ।

ਕਲਪਨਾ ਨੇ ਦੱਸਿਆ ਕਿ ਅਜੀਨੋਮੋਟੋ ਦੀ ਵਰਤੋਂ ਭੋਜਨ ਨੂੰ ਸੁਆਦਲਾ ਬਣਾਉਣ ਲਈ ਕੀਤੀ ਜਾਂਦੀ ਹੈ। ਇਸ ਵਿੱਚ ਮੋਨੋਸੋਡੀਅਮ ਗਲੂਟਾਮੇਟ ਹੁੰਦਾ ਹੈ। ਜੇ ਇਸ ਦੀ ਵਰਤੋਂ ਸੀਮਤ ਮਾਤਰਾ ਵਿੱਚ ਕੀਤੀ ਜਾਵੇ ਤਾਂ ਇਹ ਸਿਹਤ ਲਈ ਸੁਰੱਖਿਅਤ ਹੈ। ਪਰ ਜੇ ਇਸਦੀ ਜ਼ਿਆਦਾ ਵਰਤੋਂ ਕੀਤੀ ਜਾਵੇ ਤਾਂ ਇਹ ਖ਼ਤਰਨਾਕ ਹੋ ਸਕਦਾ ਹੈ। ਵੱਡੀ ਮਾਤਰਾ ਵਿੱਚ ਇਹ ਗੁਰਦਿਆਂ ਤੇ ਅੰਤੜੀਆਂ ’ਤੇ ਮਾੜੇ ਪ੍ਰਭਾਵ ਪੈਦਾ ਕਰ ਸਕਦੀ ਹੈ।

ਇਹ ਵੀ ਪੜ੍ਹੋ –   ਅਦਾਕਾਰਾ ਰਕੁਲਪ੍ਰੀਤ ਦਾ ਭਰਾ ਡਰੱਗ ਮਾਮਲੇ ‘ਚ ਗ੍ਰਿਫਤਾਰ !

 

Exit mobile version