The Khalas Tv Blog International ਧਮਾਕੇ ਤੋਂ ਬਾਅਦ ਹੁਣ ਬੈਰੂਤ ਦੀ ਬੰਦਰਗਾਹ ‘ਤੇ ਗੁਦਾਮ ‘ਚ ਲੱਗੀ ਅੱਗ, ਫੌਜ ਦੇ ਹੈਲੀਕਾਪਟਰਾਂ ਨੇ ਅੱਗ ‘ਤੇ ਪਾਇਆ ਕਾਬੂ
International

ਧਮਾਕੇ ਤੋਂ ਬਾਅਦ ਹੁਣ ਬੈਰੂਤ ਦੀ ਬੰਦਰਗਾਹ ‘ਤੇ ਗੁਦਾਮ ‘ਚ ਲੱਗੀ ਅੱਗ, ਫੌਜ ਦੇ ਹੈਲੀਕਾਪਟਰਾਂ ਨੇ ਅੱਗ ‘ਤੇ ਪਾਇਆ ਕਾਬੂ

‘ਦ ਖ਼ਾਲਸ ਬਿਊਰੋ ( ਬੈਰੂਤ ) :- ਲੈਬਨਾਨ ਦੀ ਰਾਜਧਾਨੀ ਬੈਰੂਤ ਦੀ ਬੰਦਰਗਾਹ ’ਤੇ 10 ਸਤੰਬਰ ਨੂੰ ਅਚਾਨਕ ਅੱਗ ਲੱਗ ਗਈ, ਜਿਸ ਕਾਰਨ ਇਸ ਦੇ ਨੇੜਲੇ ਇਲਾਕੇ ’ਚ ਰਹਿੰਦੇ ਲੋਕ ਸਹਿਮ ਗਏ। ਜ਼ਿਕਰਯੋਗ ਹੈ ਕਿ ਪਿਛਲੇ ਮਹੀਨੇ ਬੈਰੂਤ ’ਚ ਹੋਏ ਵੱਡੇ ਫਿਸਫੋਟ ਧਮਾਕੇ ’ਚ ਦੋ ਸੌ ਦੇ ਕਰੀਬ ਲੋਕਾਂ ਦੀ ਮੌਤ ਹੋ ਗਈ ਸੀ, ਅਤੇ ਹਜ਼ਾਰਾਂ ਲੋਕ ਜ਼ਖ਼ਮੀ ਹੋਏ ਸਨ। ਇਹ ਅੱਗ ਲੱਗਣ ਦੇ ਕਾਰਨਾਂ ਦਾ ਅਜੇ ਤੱਕ ਪਤਾ ਨਹੀਂ ਚੱਲ ਸਕਿਆ ਹੈ।

ਦੱਸਣਯੋਗ ਹੈ ਕਿ ਕੱਲ੍ਹ ਬਾਅਦ ਦੁਪਹਿਰ ਵੇਲੇ ਅਚਾਨਕ ਧੂੰਆਂ ਉੱਠਿਆ ਤੇ ਜ਼ਮੀਨ ’ਤੇ ਅੱਗ ਦੀਆਂ ਲਾਟਾਂ ਵਿਖਾਈ ਦੇ ਰਹੀਆਂ ਸਨ। ਲੈਬਨਾਨੀ ਫੌਜ ਦੀ ਜਾਣਕਾਰੀ ਮੁਤਾਬਿਕ ਅੱਗ ਗੁਦਾਮ ’ਚ ਲੱਗੀ ਦੱਸੀ ਜਾ ਰਹੀ ਹੈ, ਜਿੱਥੇ ਤੇਲ ਤੇ ਟਾਇਰ ਰੱਖੇ ਗਏ ਹਨ। ਫੌਜ ਤੇ ਫਾਇਰ ਬ੍ਰੀਗੇਡ ਦੀ ਮਦਦ ਨਾਲ ਅੱਗ ’ਤੇ ਕਾਬੂ ਪਾਉਣ ਦਾ ਕੰਮ ਜਾਰੀ ਹੈ ਅਤੇ ਇਸ ਮੁਹਿੰਮ ’ਚ ਫੌਜ ਦੇ ਹੈਲੀਕਾਪਟਰਾਂ ਦੀ ਮਦਦ ਲਈ ਜਾ ਰਹੀ ਹੈ।

ਸਥਾਨਕ ਨਿਊਜ਼ ਏਜੰਸੀਆਂ ਦਾ ਕਹਿਣਾ ਹੈ ਕਿ ਬੰਦਰਗਾਹ ਨੇੜੇ ਜਿਨ੍ਹਾਂ ਕੰਪਨੀਆਂ ਦੇ ਦਫ਼ਤਰ ਹਨ, ਉਨ੍ਹਾਂ ਦੇ ਕਰਮਚਾਰੀਆਂ ਨੂੰ ਇਲਾਕੇ ਤੋਂ ਬਾਹਰ ਜਾਣ ਲਈ ਕਹਿ ਦਿੱਤਾ ਗਿਆ ਹੈ। ਬੰਦਰਗਾਹ ਨੇੜਿਓਂ ਲੰਘਣ ਵਾਲੀ ਮੁੱਖ ਸੜਕ ਨੂੰ ਵੀ ਫੌਜ ਨੇ ਬੰਦ ਕਰ ਦਿੱਤਾ ਹੈ। ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੀ ਇੱਕ ਵੀਡੀਓ ’ਚ ਬੰਦਰਗਾਹ ’ਤੇ ਕੰਮ ਕਰਨ ਵਾਲੇ ਕਰਮਚਾਰੀ ਡਰ ਕੇ ਭੱਜਦੇ ਹੋਏ ਦਿਖਾਈ ਦੇ ਰਹੇ ਹਨ।

Exit mobile version