‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਸ਼੍ਰੋਮਣੀ ਅਕਾਲੀ ਦਲ ਦੇ ਲੀਡਰ ਡਾ. ਦਲਜੀਤ ਸਿੰਘ ਚੀਮਾ ਨੇ ਆਈਜੀ ਕੁੰਵਰ ਵਿਜੈ ਪ੍ਰਤਾਪ ਸਿੰਘ ਵੱਲੋਂ ਭੇਜੇ ਗਏ ਅਸਤੀਫੇ ਨੂੰ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਨਾ-ਮਨਜ਼ੂਰ ਕਰਨ ਦੇ ਫੈਸਲੇ ‘ਤੇ ਨਿਸ਼ਾਨਾ ਕੱਸਦਿਆਂ ਕਿਹਾ ਕਿ ਕੈਪਟਨ ਨੇ ਬੇਅਦਬੀ ਕਾਂਡ ਅਤੇ ਕੋਟਕਪੂਰਾ ਗੋਲੀਕਾਂਡ ਲਈ ਗਠਿਤ ਵਿਸ਼ੇਸ਼ ਜਾਂਚ ਟੀਮ ਦੇ ਮੁਖੀ ਆਈਜੀ ਕੁੰਵਰ ਵਿਜੈ ਪ੍ਰਤਾਪ ਸਿੰਘ ਦੀ ਪਿੱਠ ਥਾਪੜ ਕੇ ਅਦਾਲਤ ਦੀ ਮਾਣਹਾਨੀ ਕੀਤੀ ਹੈ। ਉਨ੍ਹਾਂ ਕਿਹਾ ਕਿ ਇਸ ਮੁੱਦੇ ’ਤੇ ਕੈਪਟਨ ਦਾ ਸਟੈਂਡ ਸਹੀ ਨਹੀਂ ਹੈ। ਕੈਪਟਨ ਨੇ ਆਈਜੀ ਨੂੰ ਥਾਪੜਾ ਦੇ ਕੇ ਨਿਆਂਪਾਲਿਕਾ ਦੀ ਮਰਿਆਦਾ ਨੂੰ ਠੇਸ ਪਹੁੰਚਾਈ ਹੈ।
ਸੁਖਪਾਲ ਖਹਿਰਾ ਨੇ ਸੁਪਰੀਮ ਕੋਰਟ ਜਾਣ ਦੀ ਦਿੱਤੀ ਹਦਾਇਤ
ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਕੈਪਟਨ ਨੂੰ ਅਪੀਲ ਕੀਤੀ ਹੈ ਕਿ ਉਹ ਬਿਨਾਂ ਦੇਰ ਕੀਤੇ ਹਾਈ ਕੋਰਟ ਦੇ ਐੱਸਆਈਟੀ ਭੰਗ ਕਰਨ ਦੇ ਫ਼ੈਸਲੇ ਨੂੰ ਸੁਪਰੀਮ ਕੋਰਟ ਵਿੱਚ ਚੁਣੌਤੀ ਦੇਣ। ਉਨ੍ਹਾਂ ਕਿਹਾ ਕਿ ਬੇਅਦਬੀ ਦੇ ਮੁਲਜ਼ਮ ਬਾਹਰ ਨਹੀਂ ਘੁੰਮਣੇ ਚਾਹੀਦੇ। ਉਨ੍ਹਾਂ ਨੇ ਕਿਹਾ ਕਿ ਕੋਟਕਪੂਰਾ ਗੋਲੀਕਾਂਡ ਬਾਰੇ ਬਣੀ ਐੱਸਆਈਟੀ ਨੂੰ ਭੰਗ ਕੀਤੇ ਜਾਣ ਨਾਲ ਸਿੱਖ ਸੰਗਤ ਦੀਆਂ ਭਾਵਨਾਵਾਂ ਨੂੰ ਭਾਰੀ ਠੇਸ ਪਹੁੰਚੀ ਹੈ।
ਰਵਨੀਤ ਬਿੱਟੂ ਨੇ ਗੁਰੂ ਘਰ ਦੇ ਦੋਖੀਆਂ ਨਾਲ ਆਪਣਾ ਨਾਂ ਜੋੜਨ ਤੋਂ ਕੀਤੀ ਤੌਬਾ
ਕਾਂਗਰਸ ਦੇ ਸੰਸਦ ਮੈਂਬਰ ਰਵਨੀਤ ਸਿੰਘ ਬਿੱਟੂ ਨੇ ਆਈਜੀ ਵਿਜੇ ਕੁੰਵਰ ਵਿਜੇ ਪ੍ਰਤਾਪ ਸਿੰਘ ਦੀ ਅਗਵਾਈ ਹੇਠ ਕੋਟਕਪੁਰਾ ਗੋਲੀਕਾਂਡ ਮਾਮਲੇ ਦੀ ਜਾਂਚ ਕਰ ਰਹੀ ਐੱਸਆਈਟੀ ਦੀ ਜਾਂਚ ਰਿਪੋਰਟ ਨੂੰ ਜਨਤਕ ਕਰਨ ਦੀ ਮੰਗ ਕੀਤੀ ਹੈ। ਬਿੱਟੂ ਨੇ ਕਿਹਾ ਕਿ ਜੇ ਇਨਸਾਫ ਨਾ ਮਿਲਿਆ ਤਾਂ ਸਾਡਾ ਪਿੰਡਾਂ ਵਿੱਚ ਜਾਣਾ ਮੁਸ਼ਕਿਲ ਹੋ ਜਾਵੇਗਾ। ਉਨ੍ਹਾਂ ਕਿਹਾ ਕਿ ਲੋਕ ਸਾਨੂੰ ਵੀ ਇਨ੍ਹਾਂ ਦੇ ਬਰਾਬਰ ਦੋਸ਼ੀ ਸਾਬਿਤ ਕਰਨਗੇ, ਲੋਕ ਸਾਨੂੰ ਇਨ੍ਹਾਂ ਦੇ ਨਾਲ ਰਲੇ ਹੋਏ ਹੋਣਗੇ। ਗੁਰੂ ਘਰ ਦੇ ਦੋਖੀਆਂ ਨਾਲ ਅਸੀਂ ਆਪਣਾ ਨਾਂ ਨਹੀਂ ਜੋੜਨਾ ਚਾਹੁੰਦੇ। ਗੁਰੂ ਸਾਹਿਬ ਜੀ ਨੇ ਇਨ੍ਹਾਂ ਨੂੰ ਕਦੇ ਮੁਆਫ ਨਹੀਂ ਕਰਨਾ। ਸਿੱਧੂ ਨੇ ਕਿਹਾ ਕਿ ਸਾਰਿਆਂ ਨੂੰ ਪਤਾ ਹੈ ਕਿ ਬਹਿਬਲ ਕਲਾ ਗੋਲੀਕਾਂਡ ਦੇ ਪਿੱਛੇ ਬਾਦਲ ਪਰਿਵਾਰ ਦਾ ਹੱਥ ਹੈ। ਸਿੱਧੂ ਨੇ ਹਰਪ੍ਰੀਤ ਸਿੱਧੂ ਦੀ ਨਸ਼ੇ ‘ਤੇ ਸੰਗਠਿਤ STF ਰਿਪੋਰਟ ਵੀ ਜਨਤਕ ਕਰਨ ਦੀ ਮੰਗ ਕੀਤੀ।
ਇਸ ਤੋਂ ਪਹਿਲਾਂ ਨਵਜੋਤ ਸਿੰਘ ਸਿੱਧੂ ਨੇ ਵਿਸਾਖੀ ਦੇ ਪਵਿੱਤਰ ਦਿਹਾੜੇ ਮੌਕੇ ਬਰਗਾੜੀ ਪਿੰਡ ਪਹੁੰਚ ਕੇ ਆਈਜੀ ਕੁੰਵਰ ਵਿਜੇ ਪ੍ਰਤਾਪ ਸਿੰਘ ਦੀ ਅਗਵਾਈ ਹੇਠ ਜਾਂਚ ਕਰ ਰਹੀ ਐੱਸਆਈਟੀ ਦੀ ਕੋਟਕਪੁਰਾ ਗੋਲੀਕਾਂਡ ਦੀ ਜਾਂਚ ਰਿਪੋਰਟ ਨੂੰ ਜਨਤਕ ਕਰਨ ਦੀ ਮੰਗ ਕੀਤੀ ਸੀ।
ਸ਼੍ਰੋਮਣੀ ਅਕਾਲੀ ਦਲ ਨੇ ਪਾਵਨ ਸਰੂਪ ਦਾ ਰਾਮ ਰਹੀਮ ਨਾਲ ਕੀਤਾ ਸੌਦਾ – ਕਾਂਗਰਸ
ਕਾਂਗਰਸ ਦੇ ਵਿਧਾਇਕ ਕੁਲਦੀਪ ਵੈਦ ਨੇ ਕਾਂਗਰਸ ਸੰਸਦ ਮੈਂਬਰ ਰਵਨੀਤ ਬਿੱਟੂ ਵੱਲੋਂ ਆਈਜੀ ਕੁੰਵਰ ਵਿਜੇ ਪ੍ਰਤਾਪ ਸਿੰਘ ਦੀ ਅਗਵਾਈ ਹੇਠ ਕੋਟਕਪੁਰਾ ਗੋਲੀਕਾਂਡ ਮਾਮਲੇ ਦੀ ਜਾਂਚ ਕਰ ਰਹੀ ਐੱਸਆਈਟੀ ਦੀ ਜਾਂਚ ਰਿਪੋਰਟ ਨੂੰ ਜਨਤਕ ਕਰਨ ਦੀ ਮੰਗ ਦਾ ਸਮਰਥਨ ਕਰਦਿਆਂ ਕਿਹਾ ਕਿ ਐੱਸਆਈਟੀ ਦੀ ਰਿਪੋਰਟ ਕੋਈ ਗੁਪਤ ਦਸਤਾਵੇਜ਼ ਨਹੀਂ ਹੈ। ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ‘ਤੇ ਸ਼੍ਰੋਮਣੀ ਅਕਾਲੀ ਦਲ ਦੇ ਲੀਡਰਾਂ ਨੇ ਜੋ ਰਾਜਨੀਤੀ ਖੇਡੀ ਹੈ, ਇਸ ਮਾਮਲੇ ਵਿੱਚ 9 ਬੰਦੇ ਫੜ੍ਹੇ ਵੀ ਗਏ ਅਤੇ ਇਨ੍ਹਾਂ ਬੰਦਿਆਂ ਨੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਨ ਗੱਲ ਵੀ ਮੰਨੀ ਹੈ। ਪਰ ਸ਼੍ਰੋਮਣੀ ਅਕਾਲੀ ਦਲ ਨੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਰਾਮ ਰਹੀਮ ਦੇ ਨਾਲ ਸੌਦਾ ਕੀਤਾ, ਅਕਾਲੀ ਦਲ ਨੇ ਸਿਨੇਮਾ ਦੇ ਆਲੇ-ਦੁਆਲੇ ਪੋਸਟਰ ਲਾ ਕੇ ਉਸਦੀਆਂ ਫਿਲਮਾਂ ਚਲਾਈਆਂ। ਅਕਾਲੀ ਦਲ ਨੇ ਰਾਮ ਰਹੀਮ ਨੂੰ ਸ਼੍ਰੀ ਅਕਾਲ ਤਖ਼ਤ ਸਾਹਿਬ ਜੀ ਅੱਗੇ ਪੇਸ਼ ਹੋਣ ਤੋਂ ਬਿਨਾਂ ਹੀ ਮੁਆਫੀ ਦੁਆਈ।
ਸ਼੍ਰੀ ਅਕਾਲ ਤਖਤ ਸਾਹਿਬ ਢਾਹੁਣ ਵਾਲੀ ਕਾਂਗਰਸ ਦੀ ਸ਼ਹਿ ‘ਤੇ IG ਵਿਜੇ ਪ੍ਰਤਾਪ ਨੇ ਕੀਤੀ ਜਾਂਚ – ਅਕਾਲੀ ਦਲ
ਅਕਾਲੀ ਲੀਡਰ ਚਰਨਜੀਤ ਬਰਾੜ ਨੇ ਕਾਂਗਰਸ ਵਿਧਾਇਕ ਕੁਲਦੀਪ ਵੈਦ ਨੂੰ ਜਵਾਬ ਦਿੰਦਿਆਂ ਕਿਹਾ ਕਿ ਕਾਂਗਰਸ ਪਾਰਟੀ ਸ਼੍ਰੀ ਅਕਾਲ ਤਖਤ ਸਾਹਿਬ ਜੀ ਨੂੰ ਢਾਹੁਣ ਵਾਲੀ ਹੈ। ਕਾਂਗਰਸ ਲਈ ਸ਼੍ਰੀ ਅਕਾਲ ਤਖ਼ਤ ਸਾਹਿਬ ਜੀ ਦੇ ਫੈਸਲਿਆਂ ‘ਤੇ ਉਂਗਲ ਚੁੱਕਣਾ ਕੋਈ ਵੱਡੀ ਗੱਲ ਨਹੀਂ ਹੈ। ਸ਼੍ਰੀ ਅਕਾਲ ਤਖਤ ਸਾਹਿਬ ਸਿੱਖ ਨੂੰ ਸਿਰਫ ਤਲਬ ਕਰ ਸਕਦਾ ਹੈ। ਚਰਨਜੀਤ ਬਰਾੜ ਨੇ ਆਈਜੀ ਕੁੰਵਰ ਵਿਜੇ ਪ੍ਰਤਾਪ ਸਿੰਘ ‘ਤੇ ਸਖ਼ਤ ਟਿੱਪਣੀ ਕਰਦਿਆਂ ਕਿਹਾ ਕਿ ਉਹ ਇਕੱਲਾ ਹੀ ਪ੍ਰਧਾਨ ਬਣਿਆ ਫਿਰਦਾ ਸੀ ਅਤੇ ਉਸਨੇ ਐੱਸਆਈਟੀ ਦੇ ਸਾਰੇ ਮੈਂਬਰਾਂ ਨੂੰ ਬਾਹਰ ਕੱਢ ਦਿੱਤਾ ਸੀ। ਇਸ ਤੋਂ ਬਾਅਦ ਸਿੱਟ ਦੇ ਮੈਂਬਰਾਂ ਨੇ ਲਿਖਤੀ ਰੂਪ ਵਿੱਚ ਡੀਜੀਪੀ ਨੂੰ ਸ਼ਿਕਾਇਤ ਕੀਤੀ ਕਿ ਕੁੰਵਰ ਵਿਜੇ ਪ੍ਰਤਾਪ ਸਿੰਘ ਸਾਡੇ ਨਾਲ ਕੋਈ ਸਲਾਹ ਨਹੀਂ ਕਰਦੇ ਹਨ, ਸਾਨੂੰ ਰਿਪੋਰਟ ਤੱਕ ਨਹੀਂ ਦਿਖਾਉਂਦੇ। ਉਸ ਤੋਂ ਬਾਅਦ ਸਿਰਫ ਇਹ ਇਕੱਲੇ ਹੀ ਰਹਿ ਗਏ ਸਨ, ਜਿਸਨੇ ਕੈਪਟਨ ਦੇ ਇਸ਼ਾਰਿਆਂ ‘ਤੇ ਵਿਰੋਧੀ ਧਿਰ ਦੇ ਲੀਡਰਾਂ ਖਿਲਾਫ ਕਾਰਵਾਈ ਕਰ ਰਿਹਾ ਸੀ। ਅਸੀਂ ਨਾ ਤਾਂ ਇਨ੍ਹਾਂ ਦੀ ਰਿਪੋਰਟ ਨੂੰ ਰੱਦ ਕਰਨ ਲਈ ਹਾਈਕੋਰਟ ਵਿੱਚ ਅਪੀਲ ਕੀਤੀ ਸੀ ਅਤੇ ਨਾ ਹੀ ਸਿੱਟ ਦੀ ਜਾਂਚ ਰਿਪੋਰਟ ਨੂੰ ਅਸੀਂ ਰੱਦ ਕੀਤਾ ਹੈ। ਇਨ੍ਹਾਂ ਨੇ ਅੱਜ ਤੱਕ ਇਸ ਮਾਮਲੇ ਵਿੱਚ ਕਿਸਨੂੰ ਸਜ਼ਾ ਦਿਵਾਈ ਹੈ।