The Khalas Tv Blog Punjab ਬਹਿਬਲ ਕਲਾ ਗੋਲੀਕਾਂਡ – ਕੋਈ ਵੱਡਾ ਐਕਸ਼ਨ ਲੈਣ ਦੀ ਤਿਆਰੀ ‘ਚ ਹਨ ਧਾਰਮਿਕ ਜਥੇਬੰਦੀਆਂ
Punjab

ਬਹਿਬਲ ਕਲਾ ਗੋਲੀਕਾਂਡ – ਕੋਈ ਵੱਡਾ ਐਕਸ਼ਨ ਲੈਣ ਦੀ ਤਿਆਰੀ ‘ਚ ਹਨ ਧਾਰਮਿਕ ਜਥੇਬੰਦੀਆਂ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਪੰਜਾਬ ਅਤੇ ਹਰਿਆਣਾ ਹਾਈਕੋਰਟ ਵੱਲੋਂ ਪੰਜਾਬ ਦੇ ਸਾਬਕਾ ਆਈਜੀ ਕੁੰਵਰ ਵਿਜੇ ਪ੍ਰਤਾਪ ਸਿੰਘ ਦੀ ਅਗਵਾਈ ਹੇਠ ਕੋਟਕਪੁਰਾ ਗੋਲੀਕਾਂਡ ਮਾਮਲੇ ਦੀ ਜਾਂਚ ਕਰ ਰਹੀ ਐੱਸਆਈਟੀ ਦੀ ਜਾਂਚ ਰਿਪੋਰਟ ਨੂੰ ਰੱਦ ਕਰਨ ਤੋਂ ਬਾਅਦ ਜਿੱਥੇ ਪੰਜਾਬ ਸਰਕਾਰ ਨੂੰ ਝਟਕਾ ਲੱਗਾ, ਉੱਥੇ ਹੀ ਸਿੱਖ ਕੌਮ ਨੂੰ ਵੀ ਇਸ ਫੈਸਲੇ ਤੋਂ ਕਾਫੀ ਨਿਰਾਸ਼ਾ ਹੋਈ। ਕੱਲ੍ਹ ਸ਼੍ਰੀ ਅਕਾਲ ਤਖਤ ਸਾਹਿਬ ਜੀ ਦੇ ਸਾਬਕਾ ਜਥੇਦਾਰ ਭਾਈ ਰਣਜੀਤ ਸਿੰਘ ਦੀ ਅਗਵਾਈ ਹੇਠ ਕਈ ਧਾਰਮਿਕ ਜਥੇਬੰਦੀਆਂ ਦੇ ਨੁਮਾਇੰਦਿਆਂ ਅਤੇ ਵੱਖ ਵੱਖ ਸਿਆਸੀ ਧਿਰਾਂ ਦੇ ਲੀਡਰਾਂ ਨੇ ਚੰਡੀਗੜ੍ਹ ਦੇ ਪੰਜਾਬ ਭਵਨ ਵਿੱਚ ਇੱਕ ਮੀਟਿੰਗ ਕੀਤੀ।

ਭਾਈ ਰਣਜੀਤ ਸਿੰਘ ਨੇ 27 ਅਪ੍ਰੈਲ ਨੂੰ ਮੁਹਾਲੀ ਦੇ ਗੁਰਦੁਆਰਾ ਅੰਬ ਸਾਹਿਬ ਵਿਖੇ ਇਕੱਤਰ ਹੋ ਕੇ ਇਸ ਮਾਮਲੇ ਸਬੰਧੀ ਅੱਗੇ ਦੀ ਰਣਨੀਤੀ ਬਾਰੇ ਐਲਾਨ ਕਰਨ ਦਾ ਦਾਅਵਾ ਕੀਤਾ ਹੈ।  ਜਾਣਕਾਰੀ ਮੁਤਾਬਕ ਇਸ ਮੀਟਿੰਗ ਤੋਂ ਬਾਅਦ ਇਨ੍ਹਾਂ ਜਥੇਬੰਦੀਆਂ ਵੱਲੋਂ ਆਉਣ ਵਾਲੇ ਦਿਨਾਂ ਵਿੱਚ ਇਸ ਪੂਰੇ ਮਾਮਲੇ ਨੂੰ ਲੈ ਕੇ ਨਵਾਂ ਸੰਘਰਸ਼ ਸ਼ੁਰੂ ਕਰਨ ਦੀ ਵਿਚਾਰ ਕੀਤੀ ਜਾ ਰਹੀ ਹੈ। ਕੱਲ੍ਹ ਜਥੇਦਾਰ ਭਾਈ ਰਣਜੀਤ ਸਿੰਘ ਵੱਲੋਂ ਗੁਰਦੁਆਰਾ ਸਾਹਿਬ ਵਿਖੇ ਸਵੇਰੇ 11 ਵਜੇ ਪ੍ਰੈੱਸ ਕਾਨਫਰੰਸ ਕੀਤੀ ਜਾਵੇਗੀ ਅਤੇ ਅਗਲੀ ਰਣਨੀਤੀ ਤੈਅ ਕੀਤੀ ਜਾਵੇਗੀ।

ਇਸ ਮੀਟਿੰਗ ਵਿੱਚ ਹਾਈਕੋਰਟ ਵੱਲੋਂ ਕੁੰਵਰ ਵਿਜੇ ਪ੍ਰਤਾਪ ਸਿੰਘ ਦੀ ਰੱਦ ਕੀਤੀ ਗਈ ਰਿਪੋਰਟ ਬਾਰੇ ਵਿਸਥਾਰ ਵਿੱਚ ਚਰਚਾ ਕੀਤੀ ਗਈ। ਜਥੇਬੰਦੀਆਂ ਨੇ ਇਸ ਫੈਸਲੇ ‘ਤੇ ਹਾਈਕੋਰਟ ਦੀ ਕਾਰਜਪ੍ਰਣਾਲੀ ‘ਤੇ ਸਵਾਲ ਚੁੱਕੇ। ਵਿਧਾਇਕ ਸੁਖਪਾਲ ਖਹਿਰਾ ਨੇ ਕਿਹਾ ਕਿ ਜਿਸ ਤਰ੍ਹਾਂ ਦੀਆਂ ਟਿੱਪਣੀਆਂ ਹਾਈਕੋਰਟ ਵੱਲੋਂ ਆਪਣੇ ਫੈਸਲੇ ‘ਚ ਕੀਤੀਆਂ ਗਈਆਂ, ਉਨ੍ਹਾਂ ਤੋਂ ਕਈ ਸਵਾਲ ਖੜੇ ਹੋ ਰਹੇ ਹਨ। ਉਨ੍ਹਾਂ ਕਿਹਾ ਕਿ ਇਹ ਪ੍ਰਕਿਰਿਆ ਟਰੈਲ ਕੋਰਟ ਦੀ ਸੀ, ਕੀ ਸੱਚ, ਕੀ ਝੂਠ, ਇਹ ਫ਼ੈਸਲਾ ਕਰਨਾ ਟਰੈਲ ਕੋਰਟ ਦਾ ਕੰਮ ਸੀ।

ਇਸ ਮੀਟਿੰਗ ਵਿੱਚ ਪਰਮਿੰਦਰ ਸਿੰਘ ਢੀਂਡਸਾ, ਵਿਧਾਇਕ ਸੁਖਪਾਲ ਸਿੰਘ ਖਹਿਰਾ, ਵਿਧਾਇਕ ਜਗਦੇਵ ਕਮਾਲੂ, ਵਿਧਾਇਕ ਪਿਰਮਲ ਸਿੰਘ ਧਨੌਲਾ, ਦਲ ਖਾਲਸਾ ਦੇ ਲੀਡਰ ਕੰਵਰਪਾਲ ਸਿੰਘ, ਸਿੱਖ ਪ੍ਰਚਾਰਕ ਹਰਜਿੰਦਰ ਸਿੰਘ ਮਾਝੀ ਸਮੇਤ ਕਈ ਹੋਰ ਲੀਡਰ ਸ਼ਾਮਲ ਹੋਏ। ਬਹਿਬਲ ਕਲਾ ਗੋਲੀਕਾਂਡ ‘ਚ ਮਾਰੇ ਗਏ ਕ੍ਰਿਸ਼ਨ ਭਗਵਾਨ ਦੇ ਪੁੱਤਰ ਸੁਖਰਾਜ ਸਿੰਘ ਵੀ ਮੌਜੂਦ ਰਹੇ।

Exit mobile version