The Khalas Tv Blog India ਬਠਿੰਡਾ ਦੀ ਪੜ੍ਹੀ ਲਿਖੀ ਨੌਜਵਾਨ ਸਰਪੰਚ ਦੇ ਪਿੰਡ ਨੂੰ ਮਿਲਣਗੇ ਦੋ ਕੌਮੀ ਪੁਰਸਕਾਰ
India Punjab

ਬਠਿੰਡਾ ਦੀ ਪੜ੍ਹੀ ਲਿਖੀ ਨੌਜਵਾਨ ਸਰਪੰਚ ਦੇ ਪਿੰਡ ਨੂੰ ਮਿਲਣਗੇ ਦੋ ਕੌਮੀ ਪੁਰਸਕਾਰ

ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):- ਬਠਿੰਡਾ ਦੇ ਪਿੰਡ ਮਾਣਕਖਾਨਾ ਦੀ ਸਰਪੰਚ ਸੈਸ਼ਨਦੀਪ ਕੌਰ ਨੇ ਸਰਪੰਚ ਦੇ ਰੂਪ ਵਿੱਚ ਅਜਿਹੀ ਭੂਮਿਕਾ ਨਿਭਾਈ ਹੈ ਕਿ ਇਸ ਪਿੰਡ ਦੀ ਪੰਚਾਇਤ ਨੂੰ ਕੌਮੀ ਪੱਧਰ ’ਤੇ ਦੋ ਪੁਰਸਕਾਰਾਂ ਲਈ ਚੁਣਿਆ ਗਿਆ ਹੈ। ਜਾਣਕਾਰੀ ਅਨੁਸਾਰ ਇਹ ਪੁਰਸਕਾਰ 21 ਅਪ੍ਰੈਲ ਨੂੰ ਦਿੱਲੀ ਵਿਖੇ ਹੋਣ ਵਾਲੇ ਕੌਮੀ ਪੰਚਾਇਤੀ ਰਾਜ ਦਿਵਸ ਮੌਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਦਿੱਤੇ ਜਾਣਗੇ। ਬੀਐਸਸੀ ਐਗਰੀਕਲਚਰ ਦੀ ਯੋਗਤਾ ਵਾਲੀ ਇਸ ਸਰਪੰਚ ਦੇ ਵਿਕਾਸ ਕੰਮਾਂ ਦੀ ਹਰ ਪਾਸੇ ਚਰਚਾ ਹੈ।

ਜਾਣਕਾਰੀ ਅਨੁਸਾਰ ਕੇਂਦਰ ਸਰਕਾਰ ਦੇ ਪੰਚਾਇਤੀ ਰਾਜ ਮੰਤਰਾਲੇ ਵੱਲੋਂ ਬਿਹਤਰੀਨ ਕਾਰਗੁਜ਼ਾਰੀ ਦਿਖਾਉਣ ਵਾਲੀਆਂ ਪੰਚਾਇਤਾਂ, ਬਲਾਕ ਸੰਮਤੀਆਂ ਅਤੇ ਜ਼ਿਲਾ ਪ੍ਰੀਸ਼ਦਾਂ ਦਾ ਐਲਾਨ ਕੀਤਾ ਗਿਆ ਹੈ ਅਤੇ ਇਸ ਸੂਚੀ ਵਿੱਚ ਪਿੰਡ ਮਾਣਕਖਾਨਾ ਦਾ ਨਾਂ ਵੀ ਸ਼ਾਮਿਲ ਹੈ। ਪਿੰਡ ਦੇ ਸਮੁੱਚੇ ਵਿਕਾਸ ਤੋਂ ਇਲਾਵਾ ਮੀਂਹ ਆਦਿ ਦੇ ਪਾਣੀ ਨੂੰ ਧਰਤੀ ’ਚ ਹੀ ਰੀਚਾਰਜ਼ ਕਰਨ ਲਈ ਬਣਾਏ ਸੋਕਪਿਟ, ਕੂੜੇ ਕਰਕਟ ਦੀ ਸੰਭਾਲ ਤੋਂ ਇਲਾਵਾ ਨੌਜਵਾਨਾਂ ਨੂੰ ਕਿਤਾਬਾਂ ਨਾਲ ਜੋੜਨ ਲਈ ਖੋਲ੍ਹੀ ਗਈ ਜਨਤਕ ਲਾਇਬ੍ਰੇਰੀ ਇਸ ਪਿੰਡ ਦੀ ਖਾਸ ਪ੍ਰਾਪਤੀ ਹੈ।

ਇਸ ਪਿੰਡ ਨੂੰ ਮਿਲਣ ਵਾਲੇ ਦੋ ਪੁਰਸਕਾਰਾਂ ਵਿੱਚ ਦੀਨ ਦਿਆਲ ਉਪਾਧਿਆਇ ਪੰਚਾਇਤ ਸਸ਼ਕਤੀਕਰਨ ਪੁਰਸਕਾਰ ਅਤੇ ਨਾਨਾ ਜੀ ਦੇਸਮੁੱਖ ਗੌਰਵ ਗ੍ਰਾਮ ਸਭਾ ਪੁਰਸਕਾਰ ਸ਼ਾਮਿਲ ਹੈ। ਇਸ ਪ੍ਰਾਪਤੀ ‘ਤੇ ਬਠਿੰਡਾ ਜ਼ਿਲੇ ਦੇ ਏਡੀਸੀ ਪਰਮਵੀਰ ਸਿੰਘ ਨੇ ਸਮੁੱਚੀ ਪੰਚਾਇਤ ਤੇ ਪਿੰਡ ਵਾਸੀਆਂ ਨੂੰ ਵਧਾਈ ਦਿੱਤੀ ਹੈ। ਉਨ੍ਹਾ ਕਿਹਾ ਕਿ ਸਾਨੂੰ ਇਸ ਪਿੰਡ ਦੀ ਬੇਟੀ ‘ਤੇ ਮਾਣ ਹੈ, ਜਿਨ੍ਹਾਂ ਦੀ ਮਿਹਨਤ ਰੰਗ ਲਿਆਈ ਹੈ ਤੇ ਪਿੰਡ ਮਾਣਕਖਾਨਾ ਜ਼ਿਲੇ ’ਚ ਵਿਕਾਸ ਪੱਖੋਂ ਰੋਲ ਮਾਡਲ ਬਣਕੇ ਉੱਭਰਿਆ ਹੈ। ਬਠਿੰਡਾ ਦੇ ਮਾਣਕਖਾਨਾ ਦੀ ਸਰਪੰਚ ਸੈਸ਼ਨਦੀਪ ਕੌਰ ਨੇ ਕਿਹਾ ਕਿ ਪਿੰਡ ਵਾਲਿਆਂ ਦੇ ਸਹਿਯੋਗ ਕਾਰਨ ਹੀ ਇਹ ਪੁਰਸਕਾਰ ਮਿਲਣੇ ਸੰਭਵ ਹੋਏ ਹਨ।

Exit mobile version