ਕਾਊਂਟਰ-ਇੰਟੈਲੀਜੈਂਸ ਬਠਿੰਡਾ ਤੇ ਬਠਿੰਡਾ ਪੁਲਿਸ ਨੇ ਸਿੱਖਸ ਫਾਰ ਜਸਟਿਸ (SFJ) ਦੇ ਮੁਖੀ ਗੁਰਪਤਵੰਤ ਪੰਨੂ ਦੇ 3 ਕਰਿੰਦਿਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਨ੍ਹਾਂ ’ਤੇ ਬਠਿੰਡਾ, ਪੰਜਾਬ ਤੇ ਦਿੱਲੀ ਸਮੇਤ ਵੱਖ-ਵੱਖ ਜਨਤਕ ਥਾਵਾਂ ’ਤੇ ਦੇਸ਼ ਵਿਰੋਧੀ ਨਾਅਰੇ ਲਿਖਣ ਦਾ ਇਲਜ਼ਾਮ ਹੈ।
ਦਰਅਸਲ 27 ਅਪ੍ਰੈਲ ਨੂੰ ਬਠਿੰਡਾ ਦੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਤੇ ਕੋਰਟ ਕੰਪਲੈਕਸ ਦੀਆਂ ਕੰਧਾਂ ’ਤੇ ਦੇਸ਼ ਵਿਰੋਧੀ ਨਾਅਰੇ ਲਿਖੇ ਗਏ ਸਨ। ਇਸ ਮਗਰੋਂ 9 ਮਈ ਨੂੰ ਦਿੱਲੀ ਦੇ ਝੰਡੇਵਾਲਾ ਮੈਟਰੋ ਸਟੇਸ਼ਨ ਤੇ ਕਰੋਲ ਬਾਗ ਮੈਟਰੋ ਸਟੇਸ਼ਨ ’ਤੇ ਦੇਸ਼ ਵਿਰੋਧੀ ਨਾਅਰੇ ਲਿਖਣ ਦਾ ਮਾਮਲਾ ਸਾਹਮਣੇ ਆਇਆ।
ਪੁਲਿਸ ਮੁਤਾਬਕ ਨਾਅਰੇ ਲਿਖਣ ਦੀਆਂ ਇਹ ਫੋਟੋਆਂ ਤੇ ਵੀਡੀਓ ਗੁਰਪਤਵੰਤ ਸਿੰਘ ਪੰਨੂ ਨੂੰ ਭੇਜੀਆਂ ਗਈਆਂ ਸਨ। ਪੁਲਿਸ ਦਾ ਕਹਿਣਾ ਹੈ ਕਿ ਇਸ ਮਾਮਲੇ ਨੂੰ ਸੁਲਝਾਉਣ ਲਈ ਪੇਸ਼ੇਵਰ ਤੇ ਵਿਗਿਆਨਕ ਤਰੀਕਿਆਂ ਨਾਲ ਸਾਰੇ ਪਹਿਲੂਆਂ ਦੀ ਜਾਂਚ ਕੀਤੀ ਗਈ ਹੈ।