The Khalas Tv Blog Punjab ਅੱਜ ਨਹੀਂ ਖੁੱਲ੍ਹਿਆ ਪੰਜਾਬ ਦਾ ਇਹ ਸ਼ਹਿਰ, ਸੁੰਨੀਆਂ ਪਈਆਂ ਰਹੀਆਂ ਰਾਹਾਂ
Punjab

ਅੱਜ ਨਹੀਂ ਖੁੱਲ੍ਹਿਆ ਪੰਜਾਬ ਦਾ ਇਹ ਸ਼ਹਿਰ, ਸੁੰਨੀਆਂ ਪਈਆਂ ਰਹੀਆਂ ਰਾਹਾਂ

‘ਦ ਖ਼ਾਲਸ ਬਿਊਰੋ : ਬਠਿੰਡਾ ਸ਼ਹਿਰ ਦੇ ਇਲਾਕੇ ਮਾਲ ਰੋਡ ਉੱਤੇ ਕੱਲ੍ਹ ਦੇਰ ਸ਼ਾਮ ਦੋ ਮੋਟਰਸਾਈਕਲ ਸਵਾਰਾਂ ਵੱਲੋਂ ਤਾਬੜ ਤੋੜ ਗੋ ਲੀਆਂ ਚਲਾ ਕੇ ਹਰਮਨ ਅੰਮ੍ਰਿਤਸਰੀ ਕੁਲਚਾ ਦੇ ਮਾਲਕ ਹਰਜਿੰਦਰ ਸਿੰਘ ਉਰਫ ਮੇਲਾ ਨੂੰ ਖ਼ਤਮ ਕਰ ਦਿੱਤਾ ਗਿਆ ਸੀ। ਉਸਦੇ ਰੋਸ ਵਜੋਂ ਦਿੱਤੇ ਬਠਿੰਡਾ ਬੰਦ ਦੇ ਸੱਦੇ ਮੌਕੇ ਲਾਏ ਧਰਨੇ ਦੌਰਾਨ ਗਾਇਕ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਸਿੱਧੂ ਨੇ ਸ਼ਿਰਕਤ ਕੀਤੀ ਅਤੇ ਇਸ ਮੌਕੇ ਆਪਣੇ ਸੰਬੋਧਨ ਦੌਰਾਨ ਪੰਜਾਬ ਅਤੇ ਕੇਂਦਰ ਦੀਆਂ ਸਰਕਾਰਾਂ ਖਿਲਾਫ ਤਿੱਖੇ ਨਿਸ਼ਾਨੇ ਲਾਏ ਅਤੇ ਗੈਂਗਸਟਰਵਾਦ  ਨੂੰ ਲੈ ਕੇ ਕਟਹਿਰੇ ‘ਚ ਖੜ੍ਹਾਇਆ। ਅੱਜ ਦੇ ਬੰਦ ਦਾ ਸੱਦਾ ਸ਼ਹਿਰ ਦੀਆਂ ਸਮੂਹ ਵਪਾਰਕ, ਸਮਾਜਿਕ ਅਤੇ ਸਿਆਸੀ ਜਥੇਬੰਦੀਆਂ ਵੱਲੋਂ ਦਿੱਤਾ ਗਿਆ ਹੈ।

ਸਿੱਧੂ ਮੂਸੇ ਵਾਲਾ ਦੇ ਪਿਤਾ ਨੇ ਕਿਹਾ ਕਿ ਉਹਨਾਂ ਦਾ ਅਜਿਹੇ ਪ੍ਰੋਗਰਾਮਾਂ ਵਿੱਚ ਆਉਣ ਦਾ ਮਕਸਦ ਕੋਈ ਸਿਆਸੀ ਨਹੀਂ ਬਲਕਿ ਉਹ ਤਾਂ ਖੁਦ ਇਸ ਮਾਮਲੇ ਤੋਂ ਪੀੜਤ ਹਨ ਜਿਸ ਕਰਕੇ ਉਹ ਅੱਜ ਦੇ ਧਰਨੇ ਵਿੱਚ ਸ਼ਾਮਿਲ ਹੋਏ ਹਨ। ਉਹਨਾਂ ਕਿਹਾ ਕਿ ਉਹਨਾਂ ਨੂੰ ਅੱਜ 29 ਮਈ ਯਾਦ ਆ ਗਈ ਹੈ, ਜਿਸ ਦਿਨ ਉਹਨਾਂ ਦੇ ਗੱਭਰੂ ਪੁੱਤਰ ਨੂੰ ਖ਼ਤਮ ਕੀਤਾ ਗਿਆ ਸੀ।

ਉਹਨਾਂ ਕਿਹਾ ਕਿ ਉਹ ਗੈਂਗਸਟਰ ਕਲਚਰ ਖਿਲਾਫ ਪਿਛਲੇ ਡੇਢ ਸਾਲ ਤੋਂ ਲੜਾਈ ਲੜ ਰਹੇ ਹਨ ਪਰ ਦੁੱਖ ਦੀ ਗੱਲ ਇਹ ਹੈ ਕਿ ਪੰਜਾਬ ਸਰਕਾਰ ਇਸ ਪ੍ਰਤੀ ਗੰਭੀਰ ਨਹੀਂ ਹੈ। ਉਹਨਾਂ ਕਿਹਾ ਕਿ ਮੁੱਖ ਮੰਤਰੀ ਪੰਜਾਬ ਨੇ 1 ਨਵੰਬਰ ਨੂੰ ਬਹਿਸ ਦਾ ਸੱਦਾ ਦਿੱਤਾ ਹੋਇਆ ਹੈ ਜਿਸ ਵਿੱਚ ਪਾਣੀਆਂ ਦਾ ਮਸਲਾ ਤਾਂ ਵਿਚਾਰਿਆ ਜਾਣਾ ਹੈ ਪਰ ਇਸ ਵੇਲੇ ਸੂਬੇ ਨੂੰ ਦਰਪੇਸ਼ ਸਭ ਤੋਂ ਵੱਡੇ ਖਤਰੇ ਬਾਰੇ ਵਿਚਾਰ ਕਰਨ ਬਾਰੇ ਨਹੀਂ ਸੋਚਿਆ ਜਾ ਰਿਹਾ ਹੈ।

ਉਹਨਾਂ ਕਿਹਾ ਕਿ ਆਪਾਂ ਮੇਲਾ ਤਾਂ ਗੁਆ ਲਿਆ ਹੈ ਪਰ ਕੋਈ ਹੋਰ ਮੇਲਾ ਨਾ ਗੁਵਾਚੇ ਇਸ ਲਈ ਆਪਾਂ ਨੂੰ ਅੱਜ ਤੋਂ ਹੀ ਲੜਾਈ ਸ਼ੁਰੂ ਕਰਨੀ ਪਵੇਗੀ। ਹੁਣ ਤਾਂ ਸਥਿਤੀ ਇਹ ਹੈ ਕਿ ਦੋ ਦੋ ਤਿੰਨ ਤਿੰਨ ਪਿੰਡਾਂ ਵਿੱਚ ਗੈਂਗਸਟਰ ਪੈਦਾ ਹੋ ਗਏ ਹਨ ਜਿਨਾਂ ਵੱਲੋਂ ਲੋਕਾਂ ਤੋਂ ਫਿਰੌਤੀ ਮੰਗੀ ਜਾ ਰਹੀ ਹੈ ਅਤੇ ਪੈਸੇ ਨਾ ਦੇਣ ਦੀ ਸੂਰਤ ਵਿੱਚ ਕਤਲ ਕੀਤੇ ਜਾ ਰਹੇ ਹਨ। ਉਹਨਾਂ ਕਿਹਾ ਕਿ  ਹਾਲਾਤ ਇਹ ਹਨ ਕਿ ਕਿਸੇ ਵਿਅਕਤੀ  ਬਾਰੇ ਇਹ ਨਹੀਂ ਪਤਾ ਕਿ ਉਹ ਸ਼ਾਮ ਨੂੰ ਘਰ ਪਹੁੰਚੇਗਾ ਵੀ ਜਾਂ ਨਹੀਂ‌।

ਉਹਨਾਂ ਐਨਆਈਏ ਦੀ ਜਾਂਚ ਦੇ ਹਵਾਲੇ ਨਾਲ ਕਿਹਾ ਕਿ ਲਾਰੈਂਸ ਬਿਸ਼ਨੋਈ ਜੇਲ੍ਹ ਵਿੱਚ ਬੈਠਾ ਪੰਜ ਕਰੋੜ ਕਮਾ ਰਿਹਾ ਹੈ। ਉਹਨਾਂ ਕਿਹਾ ਕਿ ਉਹ ਪਿਛਲੇ ਡੇਢ ਸਾਲ ਤੋਂ ਕਹਿ ਰਹੇ ਹਨ ਕਿ ਗੈਂਗਸਟਰਵਾਦ ਦੀ ਸਮੱਸਿਆ ਦਾ ਹੱਲ ਕਰ ਲਿਆ ਜਾਵੇ ਨਹੀਂ ਤਾਂ ਸਥਿਤੀ ਹੱਥੋਂ ਤਿਲਕ ਜਾਵੇਗੀ।

ਉਨ੍ਹਾਂ ਕਿਹਾ ਕਿ ਕਾਰੋਬਾਰੀ ਅਤੇ ਉਦਯੋਗਪਤੀਆਂ ਤੋਂ ਇਲਾਵਾ ਆਮ ਲੋਕ ਇਨਾ ਘਟਨਾਵਾਂ ਕਾਰਨ ਫਿਕਰਮੰਦ ਹਨ ਪਰ ਸਰਕਾਰ ਟਸ ਤੋਂ ਮਸ ਨਹੀਂ ਹੋ ਰਹੀ ਹੈ।

ਬਠਿੰਡਾ ਪੁਲਿਸ ਨੇ ਬੀਤੀ ਦੇਰ ਸ਼ਾਮ ਅੰਨੇ ਵਾਹ ਫਾਇਰਿੰਗ ਕਰਕੇ ਹਰਮਨ ਅੰਮ੍ਰਿਤਸਰੀ ਕੁਲਚਾ ਦੇ ਮਾਲਕ ਹਰਜਿੰਦਰ ਸਿੰਘ ਉਰਫ ਮੇਲਾ ਦੀ ਹੱਤਿਆ ਕਰਨ ਵਾਲਿਆਂ ਦੀ ਸੂਹ ਦੇਣ ਵਾਲੇ ਨੂੰ 2 ਲੱਖ ਰੁਪਏ ਨਗਦ ਇਨਾਮ ਐਲਾਨ ਦੇਣ ਦਾ ਐਲਾਨ ਕੀਤਾ ਹੈ। ਪੁਲਿਸ ਨੇ ਅੱਜ ਸ਼ੱਕੀ ਕਾਤਲਾਂ ਦੀਆਂ ਫੋਟੋਆਂ ਵੀ ਜਾਰੀ ਕੀਤੀਆਂ ਹਨ। ਜ਼ਿਲ੍ਹਾ ਪੁਲਿਸ ਨੇ ਇਹ ਵੀ ਫੈਸਲਾ ਲਿਆ ਹੈ ਕਿ ਕਿਸੇ ਵੀ ਕਿਸਮ ਦੀ ਸੂਹ ਦੇਣ ਵਾਲੇ ਦਾ ਨਾਮ ਗੁਪਤ ਰੱਖਿਆ ਜਾਏਗਾ।

ਜ਼ਿਲ੍ਹਾ ਪੁਲਿਸ ਨੇ ਤਸਵੀਰਾਂ ਸਮੇਤ ਸੂਚਨਾ ਜਾਰੀ ਕਰਦਿਆਂ ਕਿਹਾ ਹੈ ਕਿ ਜੇਕਰ ਕੋਈ ਵੀ ਇਸ ਬਾਰੇ ਜਾਣਕਾਰੀ ਦਿੰਦਾ ਹੈ ਜਾਂ ਪਛਾਣ ਕਰਦਾ ਹੈ, ਉਸ ਨੂੰ 2 ਲੱਖ ਰੁਪਏ ਇਨਾਮ ਦਿੱਤਾ ਜਾਵੇਗਾ। ਪੁਲਿਸ ਵੱਲੋਂ ਇਸ ਮਾਮਲੇ ’ਚ ਜਾਣਕਾਰੀ ਦੇਣ ਲਈ ਬਠਿੰਡਾ ਦੇ ਐਸਪੀ ਦਾ ਨੰਬਰ 75080-18002 ਅਤੇ ਕੰਟਰੋਲ ਰੂਮ ਬਠਿੰਡਾ 91155-02252 ਦੇ ਨੰਬਰ ਵੀ ਜਾਰੀ ਕੀਤੇ ਗਏ ਹਨ।

Exit mobile version