‘ਦ ਖ਼ਾਲਸ ਟੀਵੀ ਬਿਊਰੋ:-ਕਿਸੇ ਸ਼ਾਇਰ ਨੇ ਕਿਹਾ ਸੀ ਕਿ ਕਿਸਮਤ ਤਾਂ ਉਨ੍ਹਾਂ ਦੀ ਵੀ ਹੁੰਦੀ ਹੈ, ਜਿਨ੍ਹਾਂ ਦੇ ਹੱਥ ਨਹੀਂ ਹੁੰਦੇ, ਪਰ ਕਈ ਵਾਰ ਦੁਨੀਆਂ ਵਿੱਚ ਨਰੋਏ ਹੱਡਾਂ ਪੈਰਾਂ ਵਾਲੇ ਲੋਕ ਸਾਡਾ ਕੋਈ ਭਲਾ ਨਹੀਂ ਕਰ ਪਾਉਂਦੇ। ਬੰਗਾ ਦੇ ਖਟਕੜ ਕਲਾਂ ਵਿੱਚ ਇਕ ਮਹੀਨਾ ਪਹਿਲਾਂ ਦੀ ਗੱਲ ਹੈ ਜਦੋਂ ਸੀਐੱਮ ਚਰਨਜੀਤ ਸਿੰਘ ਚੰਨੀ ਇੱਥੇ ਕਿਸੇ ਪ੍ਰੋਗਰਾਮ ਵਿੱਚ ਹਿੱਸਾ ਲੈਣ ਲਈ ਆਏ ਸਨ।
ਇੱਥੇ ਚੰਨੀ ਵੱਲੋਂ ਹੱਥ ਵਿਹੂਣੇ 23 ਸਾਲ ਦੇ ਨੌਜਵਾਨ ਪ੍ਰਭੂ ਨੂੰ ਕਲਾਵੇ ਵਿਚ ਲੈ ਕੇ ਕਿਹਾ ਸੀ ਕਿ ਉਹ ਉਸਦੀਆਂ ਬਾਹਵਾਂ ਬਣਨਗੇ। ਪਰ ਇਹ ਚੰਨੀ ਸਾਹਿਬ ਦਾ ਰੁਝੇਵਾਂ ਕਹਿ ਲਵੋ ਜਾਂ ਅਣਗਹਿਲੀ ਕਿ ਇਹ ਮੁੰਡਾ ਆਪਣੀ ਪੜ੍ਹਾਈ ਦੇ ਕਾਗਜਾਂ ਤੇ ਹੋਰ ਦਸਤਾਵੇਜ ਲੈ ਕੇ ਚੰਡੀਗੜ੍ਹ ਦੇ ਚੱਕਰ ਲਾ ਰਿਹਾ ਹੈ ਪਰ ਮੁੱਖ ਮੰਤਰੀ ਦੇ ਦਫਤਰ ਉਹ ਸੀਐਮ ਚੰਨੀ ਨਾਲ ਮੁਲਾਕਾਤ ਨਹੀਂ ਕਰ ਪਾ ਰਿਹਾ।
ਜਾਣਕਾਰੀ ਅਨੁਸਾਰ ਪ੍ਰਭ ਬੀਏ ਪਾਸ ਹੈ ਪਰ ਉਸਦੇ ਹੱਥ ਨਹੀਂ ਹਨ। ਬੰਗਾ ਦੇ ਰਹਿਣ ਵਾਲੇ ਇਸ ਲੜਕੇ ਨੇ ਕਿਹਾ ਹੈਕਿ ਉਹ ਤਿੰਨ ਵਾਰ ਚੰਡੀਗੜ੍ਹ ਸੀਐਮ ਚਰਨਜੀਤ ਸਿੰਘ ਚੰਨੀ ਨੂੰ ਮਿਲਣ ਜਾ ਚੁੱਕਾ ਹੈ ਪਰ ਉਸਦੇ ਹੱਥ ਪੱਲੇ ਕੁੱਝ ਨਹੀਂ ਪੈ ਰਿਹਾ। ਮੁੱਖ ਮੰਤਰੀ ਦਫਤਰ ‘ਤੇ ਵੀ ਇਸ ਹੱਥਾਂ ਤੋਂ ਸੱਖਣੇ ਲੜਕੇ ਵੱਲੋਂ ਸੰਪਰਕ ਕਰਨ ਉੱਤੇ ਕੋਈ ਰਾਹ ਪੱਲਾ ਨਹੀਂ ਫੜਾਇਆ ਜਾ ਰਿਹਾ। ਉਸਨੇ ਫਿਰ ਤੋਂ ਸੀਐੱਮ ਚੰਨੀ ਨੂੰ ਫਰਿਆਦ ਕੀਤੀ ਹੈ ਕਿ ਉਸਦੀਆਂ ਲੋੜਾਂ ਤੇ ਮਜ਼ਬੂਰੀ ਨੂੰ ਧਿਆਨ ਵਿਚ ਰੱਖ ਕੇ ਸਰਕਾਰੀ ਰੁਜ਼ਗਾਰ ਦਿੱਤਾ ਜਾਵੇ ਤਾਂ ਜੋ ਉਹ ਇਕ ਸਨਮਾਨ ਭਰੀ ਜਿੰਦਗੀ ਜੀਅ ਸਕੇ।
ਇੱਥੇ ਦੱਸ ਦਈਏ ਕਿ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਖਟਕੜ ਕਲਾਂ ’ਚ ਪ੍ਰਭੂ ਨੂੰ ਹੌਸਲਾ ਦਿੰਦਿਆਂ ਉਸਦੀਆਂ ਬਾਹਵਾਂ ਬਣਨ ਦਾ ਵਾਅਦਾ ਕੀਤਾ ਸੀ, ਤੇ ਇਸ ਐਲਾਨ ਦੀਆਂ ਖਬਰਾਂ ਵੀ ਛਪੀਆਂ ਸਨ। ਪ੍ਰਭੂ ਦੇ ਜਨਮ ਤੋਂ ਹੀ ਦੋਵੇਂ ਹੱਥ ਨਹੀਂ ਹਨ ਤੇ ਉਸਨੇ ਬੀਏ ਦੇ ਨਾਲ ਨਾਲ ਕੰਪਿਊਟਰ ਦਾ ਵੀ ਕੋਰਸ ਕੀਤਾ ਹੈ। ਪ੍ਰਭ ਦੇ ਪਿਤਾ ਜੀ ਇਸ ਦੁਨੀਆਂ ਨੂੰ ਅਲਵਿਦਾ ਕਹਿ ਚੁੱਕੇ ਹਨ ਤੇ ਪ੍ਰਭ ਦੀ ਮਾਤਾ ਜੀ ਲੰਬੇ ਸਮੇਂ ਤੋਂ ਬਿਮਾਰ ਹਨ।