The Khalas Tv Blog Punjab ਰਾਜੋਆਣਾ ਨੇ ਇਸ ਸ਼ਰਤ ਨਾਲ ਜਥੇਦਾਰ ਸਾਹਿਬ ਨਾਲ ਮੁਲਾਕਾਤ ਤੋਂ ਬਾਅਦ ਭੁੱਖ ਹੜਤਾਲ ਤੋੜੀ !
Punjab

ਰਾਜੋਆਣਾ ਨੇ ਇਸ ਸ਼ਰਤ ਨਾਲ ਜਥੇਦਾਰ ਸਾਹਿਬ ਨਾਲ ਮੁਲਾਕਾਤ ਤੋਂ ਬਾਅਦ ਭੁੱਖ ਹੜਤਾਲ ਤੋੜੀ !

ਬਿਉਰੋ ਰਿਪੋਰਟ : ਬਲਵੰਤ ਸਿੰਘ ਰਾਜੋਆਣਾ ਨੇ ਪਟਿਆਲਾ ਜੇਲ੍ਹ ਵਿੱਚ ਚੌਥੇ ਦਿਨ ਆਪਣੀ ਭੁੱਖ ਹੜਤਾਲ ਖ਼ਤਮ ਕਰ ਦਿੱਤੀ ਹੈ । ਜਥੇਦਾਰ ਸ਼੍ਰੀ ਅਕਾਲ ਤਖ਼ਤ ਗਿਆਨੀ ਰਘਬੀਰ ਸਿੰਘ ਦੀ ਅਗਵਾਈ ਵਿੱਚ ਤਿੰਨ ਮੈਂਬਰ ਵਫ਼ਦ ਨੇ ਉਨ੍ਹਾਂ ਦੇ ਨਾਲ ਮੁਲਾਕਾਤ ਕੀਤੀ ਸੀ। ਜਿਸ ਤੋਂ ਬਾਅਦ ਰਾਜੋਆਣਾ ਨੇ ਸ੍ਰੀ ਦਰਬਾਰ ਸਾਹਿਬ ਦਾ ਅੰਮ੍ਰਿਤ ਪੀ ਕੇ ਕੀਤੀ ਭੁੱਖ ਹੜਤਾਲ ਸਮਾਪਤ ਕੀਤੀ । ਵਫ਼ਦ ਵਿੱਚ ਸ਼ਾਮਲ SGPC ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਦੱਸਿਆ ਕਿ ਚੰਗੇ ਮਾਹੌਲ ਵਿੱਚ ਭਾਈ ਰਾਜੋਆਣਾ ਨਾਲ ਮੁਲਾਕਾਤ ਹੋਈ । ਉਨ੍ਹਾਂ ਨੇ ਸਿੰਘ ਸਾਹਿਬ ਨੂੰ ਕਿਹਾ ਕਿ ਜੇਕਰ ਤੁਹਾਡੇ ਵੱਲੋਂ ਦਿੱਤੇ ਗਏ 31 ਦਸੰਬਰ ਦੇ ਅਲਟੀਮੇਟਮ ‘ਤੇ ਕੇਂਦਰ ਫੈਸਲਾ ਨਹੀਂ ਲੈਂਦੀ ਤਾਂ ਮੇਰੀ ਰਹਿਮ ਦੀ ਅਪੀਲ ਵਾਪਸ ਲਈ ਜਾਵੇ। ਧਾਮੀ ਨੇ ਕਿਹਾ ਰਾਜੋਆਣਾ ਦਾ ਗੁੱਸਾ ਜਾਇਜ਼ ਹੈ ਅਸੀਂ ਇਹ ਡੈਡ ਲਾਈਨ ਨਹੀਂ ਦਿੱਤੀ ਹੈ ਇਹ ਸਿੰਘ ਸਾਹਿਬ ਨੇ ਦਿੱਤੀ ਹੈ ਇਸ ਲਈ ਕੇਂਦਰ ਨੂੰ ਇਸ ਦੀ ਕਦਰ ਵੀ ਕਰਨੀ ਚਾਹੀਦੀ ਹੈ । ਸਾਡੇ ਸਬਰ ਨੂੰ ਹੋਰ ਲੰਮਾ ਨਾ ਕੀਤਾ ਜਾਵੇ ਕਿਉਂਕਿ ਸਬਰ ਵੇਖਦੇ ਵੇਖਦੇ ਲਈ ਵਾਰ ਦੇਰ ਹੋ ਜਾਂਦੀ ਹੈ। ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਅਸੀਂ ਭੀਖ ਨਹੀਂ ਮੰਗ ਰਹੇ ਹਾਂ, ਅਸੀਂ ਇਨਸਾਫ ਮੰਗ ਰਹੇਹਾ । ਕਾਨੂੰਨ ਵੀ ਇਹ ਹੀ ਕਹਿੰਦਾ ਹੈ ਕਿ ਜੇਕਰ ਕਿਸੇ ਦੀ ਫਾਂਸੀ ਦੀ ਸਜ਼ਾ ‘ਤੇ ਕੇਂਦਰ 5 ਤੋਂ 7 ਸਾਲ ਵਿੱਚ ਫੈਸਲਾ ਨਹੀਂ ਕਰਦਾ ਹੈ ਤਾਂ ਉਸ ਨੂੰ ਉਮਰ ਕੈਦ ਵਿੱਚ ਬਦਲ ਦਿੱਤਾ ਜਾਵੇ। ਉਨ੍ਹਾਂ ਕਿਹਾ ਜੇਕਰ 31 ਦਸੰਬਰ ਤੱਕ ਕੇਂਦਰ ਕੋਈ ਫੈਸਲਾ ਨਹੀਂ ਕਰਦਾ ਹੈ ਤਾਂ ਉਸ ਤੋਂ ਬਾਅਦ ਜੋ ਵੀ ਹੋਵੇਗਾ ਉਸ ਦੇ ਲਈ ਕੇਂਦਰ ਸਰਕਾਰ ਆਪ ਜ਼ਿੰਮੇਵਾਰੀ ਹੋਵੇਗੀ ।SGPC ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਕੇਂਦਰ ਨੂੰ ਚਿਤਾਵਨੀ ਦਿੱਤੀ ਕਿ ਹੁਣ ਇਸ ‘ਤੇ ਸਿਆਸਤ ਨਾ ਕਰੇ

ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਦੱਸਿਆ ਕਿ ਜਥੇਦਾਰ ਸ਼੍ਰੀ ਅਕਾਲ ਤਖ਼ਤ ਵੱਲੋਂ ਭਾਈ ਰਾਜੋਆਣਾ ਦੀ ਰਿਹਾਈ ਦੇ ਲਈ ਜਿਹੜੀ ਕਮੇਟੀ ਬਣਾਈ ਹੈ ਉਹ ਇਕ ਤੋਂ ਦੋ ਦਿਨਾਂ ਦੇ ਅੰਦਰ ਮੀਟਿੰਗ ਕਰੇਗੀ ਫਿਰ ਅਗਲਾ ਪ੍ਰੋਗਰਾਮ ਦਿੱਤਾ ਜਾਵੇਗਾ। ਉਧਰ ਰਾਜੋਆਣਾ ਦੀ ਭੈਣ ਕਮਲਦੀਪ ਕੌਰ ਨੇ ਕਿਹਾ ਕਿ ਮੇਰੇ ਵੀਰਜੀ ਦਾ ਭਰੋਸਾ ਸ਼੍ਰੀ ਅਕਾਲ ਤਖ਼ਤ ਸਾਹਿਬ ‘ਤੇ ਹੈ,ਇਸੇ ਲਈ ਉਨ੍ਹਾਂ ਨੇ 31 ਦਸੰਬਰ ਤੱਕ ਕੇਂਦਰ ਦੇ ਕਦਮ ਦਾ ਇੰਤਜ਼ਾਰ ਕਰਨ ਦਾ ਫੈਸਲਾ ਲਿਆ ਹੈ । ਨਾਲ ਹੀ ਉਨ੍ਹਾਂ ਇਹ ਵੀ ਜਥੇਦਾਰ ਸਾਹਿਬ ਨੂੰ ਕਹਿ ਦਿੱਤਾ ਹੈ ਕਿ ਜੇਕਰ ਕੇਂਦਰ ਕੋਈ ਫੈਸਲਾ ਨਹੀਂ ਲੈਂਦੀ ਹੈ ਤਾਂ ਉਹ SGPC ਨੂੰ ਪਟੀਸ਼ਨ ਵਾਪਸ ਲੈਣ ਦਾ ਆਦੇਸ਼ ਕਰਨ । ਮੈਂ ਉਮੀਦ ਕਰਦਾ ਹਾਂ ਕਿ ਜਿਹੜਾ ਤੁਸੀਂ ਵਾਅਦਾ ਕੀਤਾ ਹੈ ਉਸ ਨੂੰ ਪੂਰਾ ਕਰੋਗੇ ਤਾਂਕੀ ਮੇਰਾ ਭਰੋਸਾ ਤੁਹਾਡੇ ‘ਤੇ ਬਣਿਆ ਰਹੇ । ਭੈਣ ਕਮਲਦੀਪ ਕੌਰ ਨੇ ਕਿਹਾ ਬਲਵੰਤ ਸਿੰਘ ਰਾਜੋਆਣਾ ਨੇ ਜਥੇਦਾਰ ਸਾਹਿਬ ਨੂੰ ਇਹ ਵੀ ਅਪੀਲ ਕੀਤੀ ਕਿ ਸਾਨੂੰ ਕੇਂਦਰ ਨੂੰ ਬੇਨਤੀ ਨਹੀਂ ਕਰਨੀ ਚਾਹੀਦੀ ਹੈ । ਸਾਡੇ ਨਾਲ ਤਾਂ ਬੇਇਨਸਾਫੀ ਹੋਈ ਹੈ,ਮੈਂ ਸਿਰਫ ਫੈਸਲਾ ਚਾਹੁੰਦਾ ਹਾਂ ਭਾਵੇ ਉਹ ਫਾਂਸੀ ਦਾ ਹੋਵੇ ਜਾਂ ਫਿਰ ਉਮਰ ਕੈਦ ਵਿੱਚ ਬਦਲਣ ਦਾ ।

2007 ਵਿੱਚ ਫਾਂਸੀ ਹੋਈ ਸੀ

ਬੇਅੰਤ ਸਿੰਘ ਕਤਲਕਾਂਡ ਵਿੱਚ ਬਲਵੰਤ ਸਿੰਘ ਰਾਜੋਆਣਾ ਨੂੰ 2007 ਵਿੱਚ CBI ਅਦਾਲਤ ਨੇ ਫਾਂਸੀ ਦੀ ਸਜ਼ਾ ਸੁਣਾਈ ਸੀ । ਅਦਾਲਤ ਵਿੱਚ ਰਾਜੋਆਣਾ ਨੇ ਆਪਣੇ ਬਚਾਅ ਦੇ ਲਈ ਕੋਈ ਵਕੀਲ ਨਹੀਂ ਰੱਖਿਆ ਸੀ। ਉਨ੍ਹਾਂ ਨੇ ਕਿਹਾ ਕਿ ਮੈਂ ਇਸ ਨੂੰ ਅੰਜਾਮ ਦਿੱਤਾ ਹੈ ਮੈਨੂੰ ਕੋਈ ਪੱਛਤਾਵਾ ਨਹੀਂ ਹੈ । ਇਸ ਤੋਂ ਬਾਅਦ 2012 ਵਿੱਚ ਜਦੋਂ ਰਾਜੋਆਣਾ ਨੂੰ ਫਾਂਸੀ ਦੇਣ ਦੀ ਤਰੀਕ ਤੈਅ ਹੋਈ ਸੀ ਤਾਂ SGPC ਨੇ ਰਾਸ਼ਟਰਪਤੀ ਨੂੰ ਰਹਿਮ ਦੀ ਅਪੀਲ ਕਰਦੇ ਹੋਏ ਫਾਂਸੀ ਦੀ ਸਜ਼ਾ ਨੂੰ ਉਮਰ ਕੈਦ ਵਿੱਚ ਬਦਲਣ ਦੀ ਅਪੀਲ ਕੀਤੀ । ਰਾਸ਼ਟਰਪਤੀ ਨੇ ਫਾਂਸੀ ਨੂੰ ਰੋਕ ਦਿੱਤਾ ਸੀ। ਪਰ ਜਦੋਂ 9 ਸਾਲ ਤੱਕ ਫਾਂਸੀ ‘ਤੇ ਕੋਈ ਫੈਸਲਾ ਨਹੀਂ ਹੋਇਆ ਤਾਂ ਰਾਜੋਆਣਾ ਦੀ ਭੈਣ ਕਮਲਦੀਪ ਕੌਰ ਨੇ 2021 ਵਿੱਚ ਸੁਪਰੀਮ ਕੋਰਟ ਵਿੱਚ ਅਪੀਲ ਪਾਕੇ ਜਲਦ ਫੈਸਲਾ ਕਰਨ ਦੀ ਮੰਗ ਕੀਤੀ ਸੀ । ਅਦਾਲਤ ਨੇ ਵਾਰ-ਵਾਰ ਕੇਂਦਰ ਨੂੰ ਫੈਸਲਾ ਲੈਣ ਦੇ ਨਿਰਦੇਸ਼ ਦਿੱਤੇ ਪਰ ਕੇਂਦਰ ਨੇ ਸੁਰੱਖਿਆ ਕਾਰਨਾਂ ਦਾ ਹਵਾਲਾ ਦੇ ਕੇ ਫੈਸਲੇ ਨਾ ਲੈਣ ਦੀ ਗੱਲ ਕਹੀ । ਅਖੀਰ ਵਿੱਚ ਮਾਰਚ 2023 ਵਿੱਚ ਪਟੀਸ਼ਨ ਨੂੰ ਡਿਸਮਿਲ ਕਰਦੇ ਹੋਏ ਸੁਪਰੀਮ ਕੋਰਟ ਨੇ ਕਿਹਾ ਭਾਰਤ ਸਰਕਾਰ ਇਸ ‘ਤੇ ਜਲਦ ਤੋਂ ਜਲਦ ਫੈਸਲਾ ਲਏ । SGPC ਦਾ ਕਹਿਣਾ ਹੈ ਕਿ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 550 ਵੇਂ ਪ੍ਰਕਾਸ਼ ਦਿਹਾੜੇ ‘ਤੇ ਜਿੰਨਾਂ ਬੰਦੀ ਸਿੰਘਾਂ ਦੀ ਰਿਹਾਈ ਦਾ ਫੈਸਲਾ ਲਿਆ ਸੀ ਉਸ ਵਿੱਚ ਰਾਜੋਆਣਾ ਦਾ ਨਾਂ ਵੀ ਸੀ ਪਰ ਹੁਣ ਤੱਕ ਕੇਂਦਰ ਨੇ ਆਪਣਾ ਵਾਅਦਾ ਪੂਰਾ ਨਹੀਂ ਕੀਤਾ ਹੈ।

 

Exit mobile version