The Khalas Tv Blog Punjab ’10 ਦਿਨਾਂ ‘ਚ ਮੇਰੀ ਪਟੀਸ਼ਨ ਵਾਪਸ ਨਹੀਂ ਲਈ ਤਾਂ ਭੁੱਖ ਹੜਤਾਲ ਕਰਾਂਗਾ’ ! ਪੰਜਾਬ ਦੇ ਹੂਟਰ ਮਾਰਨ ਵਾਲੇ ਆਗੂਆਂ ਦੀ ਦਿੱਲੀ ਦੀ ਨਜ਼ਰ ‘ਚ ਰੂੜੀ ਜਿੰਨੀ ਵੀ ਅਹਿਮੀਅਤ ਨਹੀਂ ਹੈ’ !
Punjab

’10 ਦਿਨਾਂ ‘ਚ ਮੇਰੀ ਪਟੀਸ਼ਨ ਵਾਪਸ ਨਹੀਂ ਲਈ ਤਾਂ ਭੁੱਖ ਹੜਤਾਲ ਕਰਾਂਗਾ’ ! ਪੰਜਾਬ ਦੇ ਹੂਟਰ ਮਾਰਨ ਵਾਲੇ ਆਗੂਆਂ ਦੀ ਦਿੱਲੀ ਦੀ ਨਜ਼ਰ ‘ਚ ਰੂੜੀ ਜਿੰਨੀ ਵੀ ਅਹਿਮੀਅਤ ਨਹੀਂ ਹੈ’ !

ਬਿਉਰੋ ਰਿਪੋਰਟ  : ਬਲਵੰਤ ਸਿੰਘ ਰਾਜੋਆਣਾ ਨੇ ਸ਼੍ਰੀ ਅਕਾਲ ਤਖਤ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਨੂੰ ਚਿੱਠੀ ਲਿਖ ਕੇ ਮੰਗ ਕੀਤੀ ਹੈ ਕਿ ਜੇਕਰ ਉਨ੍ਹਾਂ ਨੇ ਮੇਰੀ ਰਾਸ਼ਟਰਪਤੀ ਨੂੰ ਕੀਤੀ ਅਪੀਲ ਅਗਲੇ 7 ਤੋਂ 10 ਦਿਨਾਂ ਦੇ ਅੰਦਰ ਵਾਪਸ ਨਹੀਂ ਲਈ ਗਈ ਤਾਂ ਉਹ ਭੁੱਖ ਹੜ੍ਹਤਾਲ ‘ਤੇ ਬੈਠ ਜਾਣਗੇ । ਰਾਜੋਆਣਾ ਨੇ ਨਰਾਜ਼ਗੀ ਜ਼ਾਹਿਰ ਕਰਦੇ ਹੋਏ ਕਿਹਾ  28 ਸਾਲਾਂ ਤੋਂ ਜੇਲ੍ਹ ਵਿੱਚ ਸਜ਼ਾ ਕੱਟ ਰਿਹਾ ਹਾਂ  ਅਤੇ ਪਿਛਲੇ 17 ਸਾਲਾਂ ਤੋਂ ਫਾਂਸੀ ਚੱਕੀ ਵਿੱਚ ਬੈਠੇ ਕਿਸੇ ਵਿਅਕਤੀ ਨੂੰ ਅਗਰ ਆਪਣੀ ਅਪੀਲ ਵਾਪਸ ਕਰਵਾਉਣ ਲਈ ਭੁੱਖ ਹੜਤਾਲ ਕਰਨੀ ਪਵੇ ਤਾਂ ਇਹ ਹੋਰ ਵੀ ਅਫ਼ਸੋਸਨਾਕ ਹੋਵੇਗਾ। ਇਹ ਸਾਰੀ ਜਿੰਮੇਵਾਰੀ ਤੁਹਾਡੀ ਹੋਵੇਗੀ। ਤੁਸੀਂ ਚੁੱਪ ਬੈਠ ਕੇ ਆਪਣੇ ਬਣਦੇ ਫਰਜ਼ਾਂ ਤੋਂ ਨਾ ਭੱਜਣਾ, ਸਗੋਂ ਇਸ ਮੁੱਦੇ ਤੇ ਕਾਰਵਾਈ ਕਰਕੇ ਆਪਣੇ ਬਣਦੇ ਪੰਥਕ ਫਰਜ਼ ਅਦਾ ਕਰਨਾ।
ਬਲਵੰਤ ਸਿੰਘ ਰਾਜੋਆਣਾ ਦੀ ਇਹ ਚਿੱਠੀ ਸੋਸ਼ਲ ਮੀਡੀਆ ‘ਤੇ ਭੈਣ ਕਮਲਦੀਪ ਕੌਰ ਨੇ ਜੇਲ੍ਹ ਵਿੱਚ ਮੁਲਾਕਾਤ ਤੋਂ ਬਾਅਦ ਜਾਰੀ ਕੀਤੀ ਹੈ । ਇਸ ਤੋਂ ਪਹਿਲਾਂ ਪਿਛਲੇ ਹਫਤੇ ਇਸੇ ਮੰਗ ਨੂੰ ਲੈਕੇ
ਕਰਮਲਦੀਪ ਕੌਰ ਨੇ ਸ਼੍ਰੀ ਅਕਾਲ ਤਖਤ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਨਾਲ ਮੁਲਾਕਾਤ ਕੀਤੀ ਸੀ । ਚਿੱਠੀ ਵਿੱਚ ਰਾਜੋਆਣਾ ਨੇ ਆਪਣੀ ਫਾਂਸੀ ਦੀ  ਸਜ਼ਾ ਉਮਰ ਕੈਦ ਵਿੱਚ ਬਦਲਣ ਵਿੱਚ ਹੋ ਰਹੀ ਦੇਰੀ ਦੇ ਲਈ ਸਿਆਸਤ ਨੂੰ  ਜ਼ਿੰਮੇਵਾਰ ਠਹਿਰਾਇਆ ਹੈ ਅਤੇ ਸਿਆਸਤਦਾਨਾਂ ‘ਤੇ ਵੀ ਵੱਡੀ ਟਿੱਪਣੀ ਕਰਦੇ ਹੋਏ ਉਨ੍ਹਾ ਦੀ ਤਾਕਤ ‘ਤੇ ਸਵਾਲ ਚੁੱਕੇ ਹਨ
ਰਾਜੋਆਣਾ ਵੱਲੋਂ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਲਿਖੀ ਗਈ ਚਿੱਠੀ
    ਸੱਭ ਤੋਂ ਪਹਿਲਾਂ ਮੈਂ ਸਰਬੱਤ ਦੇ ਭਲੇ ਲਈ ਉਸ ਅਕਾਲ-ਪੁਰਖ ਵਾਹਿਗੁਰੂ ਜੀ ਅੱਗੇ ਅਰਦਾਸ ਕਰਦਾ  ਹਾਂ।  ਸਿੰਘ ਸਾਹਿਬ ਜੀ, 1984 ਦੇ ਵਿੱਚ ਮੈਂ ਗਿਆਰਵੀਂ ਵਿੱਚ ਪੜ੍ਹਦਾ ਸੀ।  ਉਸ ਸਮੇਂ ਦਿੱਲੀ ਦੇ ਤਖ਼ਤ ਤੇ ਬੈਠੇ ਕਾਂਗਰਸੀ ਹੁਕਮਰਾਨਾਂ ਵਲੋਂ ਟੈਕਾਂ ਅਤੇ ਤੋਪਾਂ ਨਾਲ ਢਹਿ ਢੇਰੀ ਕੀਤੇ ਸ਼੍ਰੀ ਅਕਾਲ ਤਖ਼ਤ ਸਾਹਿਬ ਜੀ ਅੱਗੇ ਖੜ੍ਹ ਕੇ ਮੈਂ ਛੇਵੇਂ ਪਾਤਸ਼ਾਹ ਸਾਹਿਬ ਸ਼੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਅੱਗੇ ਇਹ ਅਰਦਾਸ ਕੀਤੀ ਸੀ ਕਿ ਹੇ ਗੁਰੂ ਸਾਹਿਬ ਜੀ, ਜਿਹੜੇ ਹੁਕਮਰਾਨਾਂ ਨੇ ਤੁਹਾਡੇ ਇਸ ਮਹਾਨ ਤਖ਼ਤ ਸਾਹਿਬ ਜੀ ਦਾ ਇਹ ਹਾਲ ਕੀਤਾ ਹੈ, ਮੈਂ ਉਨ੍ਹਾਂ ਤੋਂ ਬਦਲਾ ਲੈਣਾ ਚਾਹੁੰਦਾ ਹਾਂ, ਤੁਸੀਂ ਆਪ ਹੀ ਕਿਰਪਾ ਕਰਨਾ,ਬਣਤ ਬਣਾਉਣਾ। ਫਿਰ 11 ਸਾਲਾਂ ਬਾਅਦ ਗੁਰੂ ਸਾਹਿਬ ਜੀ ਨੇ ਆਪ ਹੀ ਆਪਣੀ ਸੇਵਾ ਲੈ ਲਈ।  ਹਿੰਦੋਸਤਾਨ ਦੀਆਂ ਅਦਾਲਤਾਂ ਨੇ ਜਦੋਂ ਮੈਨੂੰ ਮੌਤ ਦੀ ਸਜ਼ਾ ਸੁਣਾਈ ਤਾਂ ਉਸ ਸਮੇਂ ਮੈਂ ਆਪਣਾ ਸਾਰਾ ਸੰਘਰਸ਼ ਅਤੇ ਅਦਾਲਤਾਂ ਵਿੱਚ ਦਿੱਤੇ ਬਿਆਨ ਛੇਵੇਂ ਪਾਤਸ਼ਾਹ ਦੇ ਚਰਨਾਂ ਵਿੱਚ ਸ਼੍ਰੀ ਅਕਾਲ ਤਖ਼ਤ ਸਾਹਿਬ ਜੀ ਨੂੰ ਸਮਰਪਿਤ ਕਰ ਦਿੱਤੇ।
    ਸਿੰਘ ਸਾਹਿਬ ਜੀ, ਸ਼੍ਰੀ ਅਕਾਲ ਤਖ਼ਤ ਸਾਹਿਬ ਜੀ ਦੇ ਆਦੇਸ਼ ਤੇ ਮੇਰੀ ਫਾਂਸੀ ਦੀ ਸਜ਼ਾ ਨੂੰ ਉਮਰ ਕੈਦ ਵਿੱਚ ਬਦਲਣ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪਾਈ ਗਈ ਅਪੀਲ ਨੂੰ 12 ਸਾਲ ਹੋ ਗਏ ਹਨ।  ਇਸ ਅਪੀਲ ਤੇ ਫੈਸਲਾ ਲੈਣ ਲਈ ਮੈਂ ਭੁੱਖ ਹੜਤਾਲਾਂ ਕੀਤੀਆਂ, ਸੁਪਰੀਮ ਕੋਰਟ ਵਿੱਚ ਪਟੀਸ਼ਨ ਵੀ ਪਾਈ, ਫਿਰ ਵੀ ਇਸ ਅਪੀਲ ਤੇ ਕੋਈ ਫੈਸਲਾ ਨਹੀਂ ਹੋ ਸਕਿਆ। ਮੇਰੇ ਕੇਸ ਦਾ ਫ਼ੈਸਲਾ ਰਾਜਨੀਤੀ ਦੀਆਂ ਘੁੰਮਣਘੇਰੀਆਂ, ਧੋਖੇਬਾਜੀਆਂ, ਸਾਜਿਸ਼ਾਂ , ਮੌਕਾਪ੍ਰਸਤੀਆਂ ਅਤੇ ਚਾਲਬਾਜ਼ੀਆਂ ਦਾ ਸ਼ਿਕਾਰ ਹੋ ਗਿਆ ਹੈ।  ਸ਼੍ਰੋਮਣੀ ਅਕਾਲੀ ਦਲ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਦਿੱਲੀ ਗੁਰਦੁਆਰਾ ਮੈਨੇਜਮੈਂਟ ਕਮੇਟੀ ਅਤੇ ਸਾਡੀਆਂ ਹੋਰ ਧਾਰਮਿਕ ਸ਼ੰਸਥਾਵਾਂ ਦੇ ਪ੍ਮੁੱਖ ਆਗੂ “ਸ਼੍ਰੀ ਅਕਾਲ ਤਖ਼ਤ ਸਾਹਿਬ ਜੀ, ਜੀ ਦੇ ਆਦੇਸ਼ ਤੇ ਪਾਈ ਇਸ ਅਪੀਲ ਤੇ 12 ਸਾਲਾਂ ਬਾਅਦ ਵੀ ਕੋਈ ਫੈਸਲਾ ਨਹੀਂ ਕਰਵਾ ਸਕੇ।  ਕਹਿੰਦੇ ਹਨ ਕਿ 12 ਸਾਲਾਂ ਬਾਅਦ ਤਾਂ ਰੂੜੀ ਦੀ ਵੀ ਸੁਣੀ ਜਾਂਦੀ ਹੈ। ਵੱਡੀਆਂ-ਵੱਡੀਆਂ ਗੱਡੀਆਂ ਵਿੱਚ ਹੂਟਰ ਮਾਰਦੇ ਫਿਰਦੇ, ਆਪਣੇ ਆਪ ਨੂੰ ਬਹੁਤ ਹੀ ਵੱਡੇ ਧਾਰਮਿਕ ਅਤੇ ਪੰਥਕ ਆਗੂ ਹੋਣ ਦੀ ਫੀਲਿੰਗ ਲੈਣ ਵਾਲੇ, ਸਾਡੇ ਇਨ੍ਹਾਂ ਆਗੂਆਂ ਦੀ, ਇਨ੍ਹਾਂ ਵੱਲੋਂ ਕਹੀ ਹੋਈ ਕਿਸੇ ਗੱਲ ਦੀ ਅਤੇ ਇਨ੍ਹਾਂ ਵੱਲੋਂ ਕੀਤੀ ਗਈ ਕਿਸੇ ਮੰਗ ਦੀ ਦਿੱਲੀ ਦੇ ਹੁਕਮਰਾਨਾਂ ਦੀ ਨਜ਼ਰ ਵਿੱਚ ਰੂੜੀ ਜਿੰਨੀ ਵੀ ਅਹਿਮੀਅਤ ਨਹੀਂ ਹੈ।
    ਸਿੰਘ ਸਾਹਿਬ ਜੀ, ਗੁਰੂ ਸਾਹਿਬਾਨ ਜੀ ਵੱਲੋਂ ਦਿਖਾਏ ਹੋਏ ਮਾਰਗ ਤੇ ਚੱਲਣ ਦੀ ਕੋਸ਼ਿਸ਼ ਕਰਨ ਵਾਲਾ ਮੈਂ ਇੱਕ ਆਮ ਸਿੱਖ ਹਾਂ। ਰਾਜਨੀਤੀ ਦੀਆਂ ਚਾਲਬਾਜ਼ੀਆਂ, ਧੋਖੇਬਾਜੀਆਂ, ਮੌਕਾਪ੍ਰਸਤੀਆਂ ,ਸਾਜਿਸ਼ਾਂ ਮੇਰੇ ਜੀਵਨ ਦਾ ਹਿੱਸਾ ਨਹੀਂ ਹਨ। ਮੈਂ ਤਾਂ ” ਹਾਂ ਜਾਂ ਨਾਂਹ” ਵਿੱਚ ਵਿਸ਼ਵਾਸ ਰੱਖਦਾ ਹਾਂ। ਮੈਂ ਰਾਜਨੀਤੀ ਦੀਆਂ ਇਨ੍ਹਾਂ ਸਾਜਿਸ਼ਾਂ, ਧੋਖੇਬਾਜੀਆਂ, ਚਾਲਬਾਜ਼ੀਆਂ, ਮੌਕਾਪ੍ਰਸਤੀਆਂ ਤੋਂ ਮੁਕਤੀ ਚਾਹੁੰਦਾ ਹਾਂ। ਮੇਰੀ ਆਪ ਜੀ ਨੂੰ ਇਹ ਬੇਨਤੀ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਉਨ੍ਹਾਂ ਵੱਲੋਂ ਰਾਸ਼ਟਰਪਤੀ ਜੀ ਕੋਲ ਪਾਈ ਗਈ ਅਪੀਲ ਨੂੰ ਵਾਪਸ ਲੈਣ ਲਈ ਤੁਰੰਤ ਆਦੇਸ਼ ਜਾਰੀ ਕੀਤੇ ਜਾਣ। ਅਪੀਲ ਵਾਪਸ ਲੈਣ ਦੀ ਇਹ ਸਾਰੀ ਪ੍ਰਕਿਰਿਆ ਨੂੰ 7 ਤੋਂ 10 ਦਿਨਾਂ ਦੇ ਵਿੱਚ ਪੂਰਾ ਕੀਤਾ ਜਾਵੇ। ਨਹੀਂ ਤਾਂ ਮੈਨੂੰ ਬਹੁਤ ਹੀ ਅਫ਼ਸੋਸ ਨਾਲ ਇਹ ਲਿਖਣਾ ਪੈ ਰਿਹਾ ਹੈ ਕਿ ਮੈਨੂੰ ਇਸ ਅਪੀਲ ਨੂੰ ਵਾਪਸ ਕਰਵਾਉਣ ਦੇ ਲਈ ਭੁੱਖ ਹੜਤਾਲ ਕਰਨ ਲਈ ਮਜਬੂਰ ਹੋਣਾ ਪਵੇਗਾ। 28 ਸਾਲਾਂ ਤੋਂ ਜੇਲ੍ਹ ਵਿੱਚ ਸਜ਼ਾ ਕੱਟ ਰਹੇ ਅਤੇ ਪਿਛਲੇ 17 ਸਾਲਾਂ ਤੋਂ ਫਾਂਸੀ ਚੱਕੀ ਵਿੱਚ ਬੈਠੇ ਕਿਸੇ ਵਿਅਕਤੀ ਨੂੰ ਅਗਰ ਆਪਣੀ ਅਪੀਲ ਵਾਪਸ ਕਰਵਾਉਣ ਲਈ ਭੁੱਖ ਹੜਤਾਲ ਕਰਨੀ ਪਵੇ ਤਾਂ ਇਹ ਹੋਰ ਵੀ ਅਫ਼ਸੋਸਨਾਕ ਹੋਵੇਗਾ। ਇਹ ਸਾਰੀ ਜਿੰਮੇਵਾਰੀ ਤੁਹਾਡੀ ਹੋਵੇਗੀ। ਤੁਸੀਂ ਚੁੱਪ ਬੈਠ ਕੇ ਆਪਣੇ ਬਣਦੇ ਫਰਜ਼ਾਂ ਤੋਂ ਨਾ ਭੱਜਣਾ, ਸਗੋਂ ਇਸ ਮੁੱਦੇ ਤੇ ਕਾਰਵਾਈ ਕਰਕੇ ਆਪਣੇ ਬਣਦੇ ਪੰਥਕ ਫਰਜ਼ ਅਦਾ ਕਰਨਾ।
ਖਾਲਸਾ ਪੰਥ ਨੂੰ ਹਮੇਸ਼ਾਂ ਚੜ੍ਹਦੀ ਕਲਾ ਵਿੱਚ ਦੇਖਣ ਦਾ ਚਾਹਵਾਨ
          ਬਲਵੰਤ ਸਿੰਘ ਰਾਜੋਆਣਾਂ
           ਫਾਂਸੀ ਕੋਠੀ ਨੰ 16
           ਕੇਂਦਰੀ ਜੇਲ੍ਹ ਪਟਿਆਲਾ
ਮਿਤੀ 7-11-2023
Exit mobile version