ਪੰਜਾਬ ਦੇ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਦੇ ਕਤਲ ਦੇ ਦੋਸ਼ ਵਿੱਚ ਜੇਲ੍ਹ ਵਿੱਚ ਬੰਦ ਬਲਵੰਤ ਸਿੰਘ ਰਾਜੋਆਣਾ ਨੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੂੰ ਚਿੱਠੀ ਲਿਖੀ ਹੈ। ਉਨ੍ਹਾਂ ਨੇ ਆਪਣੀ ਮਰਸੀ ਪਟੀਸ਼ਨ ਯਾਨੀ ਰਹਿਮ ਦੀ ਅਪੀਲ ਉੱਤੇ ਜਲਦੀ ਫੈਸਲਾ ਲੈਣ ਦੀ ਮੰਗ ਕੀਤੀ ਹੈ।
ਰਾਜੋਆਣਾ ਨੇ ਚਿੱਠੀ ਵਿੱਚ ਲਿਖਿਆ ਹੈ ਕਿ ਉਹ ਪਿਛਲੇ 31 ਸਾਲਾਂ ਤੋਂ ਜੇਲ੍ਹ ਵਿੱਚ ਹਨ ਅਤੇ 20 ਸਾਲਾਂ ਤੋਂ ਫਾਂਸੀ ਦੀ ਸਜ਼ਾ ਹੇਠ ਬੈਠੇ ਹਨ। ਉਨ੍ਹਾਂ ਦੀ ਫਾਂਸੀ ਸਬੰਧੀ ਅਪੀਲ ਪਿਛਲੇ 15 ਸਾਲਾਂ ਤੋਂ ਸਰਕਾਰ ਕੋਲ ਵਿਚਾਰ ਅਧੀਨ ਹੈ। ਉਨ੍ਹਾਂ ਨੇ ਯਾਦ ਦਿਵਾਇਆ ਕਿ 2019 ਵਿੱਚ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੂਰਬ ਮੌਕੇ ਇੱਕ ਨੋਟੀਫਿਕੇਸ਼ਨ ਜਾਰੀ ਹੋਇਆ ਸੀ ਪਰ ਉਹ ਹਾਲੇ ਤੱਕ ਲਾਗੂ ਨਹੀਂ ਹੋਇਆ। ਸੁਪਰੀਮ ਕੋਰਟ ਵੀ ਪਿਛਲੇ ਛੇ ਸਾਲਾਂ ਤੋਂ ਸਰਕਾਰ ਨੂੰ ਇਸ ਅਪੀਲ ਉੱਤੇ ਫੈਸਲਾ ਲੈਣ ਲਈ ਹੁਕਮ ਜਾਰੀ ਕਰ ਰਹੀ ਹੈ ਪਰ ਫੈਸਲਾ ਨਹੀਂ ਹੋਇਆ।
ਰਾਜੋਆਣਾ ਨੇ ਲਿਖਿਆ ਹੈ ਕਿ 2023 ਵਿੱਚ ਸਰਕਾਰ ਨੇ ਸੁਪਰੀਮ ਕੋਰਟ ਵਿੱਚ ਹਲਫ਼ਨਾਮਾ ਦਾਇਰ ਕਰਕੇ ਕਿਹਾ ਸੀ ਕਿ ਫੈਸਲਾ ਲੈਣ ਨਾਲ ਦੇਸ਼ ਦੀ ਸੁਰੱਖਿਆ ਨੂੰ ਖ਼ਤਰਾ ਹੋ ਸਕਦਾ ਹੈ। ਉਨ੍ਹਾਂ ਸਵਾਲ ਉਠਾਇਆ ਕਿ ਜਿਹੜਾ ਇਨਸਾਨ ਸਰਕਾਰੀ ਹਿਰਾਸਤ ਵਿੱਚ ਹੈ ਅਤੇ ਜਿਸ ਦੀ ਹਰ ਪਲ ਦੀ ਜਾਣਕਾਰੀ ਉਪਲਬਧ ਹੈ ਉਸ ਉੱਤੇ ਫੈਸਲਾ ਲੈਣ ਨਾਲ ਪ੍ਰਮਾਣੂ ਸ਼ਕਤੀ ਵਾਲੇ ਦੇਸ਼ ਦੀ ਸੁਰੱਖਿਆ ਨੂੰ ਕਿਵੇਂ ਖ਼ਤਰਾ ਹੋ ਸਕਦਾ ਹੈ। ਉਨ੍ਹਾਂ ਕਿਹਾ ਕਿ ਉਹ ਇੱਕ ਆਮ ਇਨਸਾਨ ਹਨ ਜਿਸ ਦੇ ਪਿੱਛੇ ਕੋਈ ਨਹੀਂ ਹੈ ਇਸ ਲਈ ਉਸ ਤੋਂ ਸੁਰੱਖਿਆ ਨੂੰ ਕੋਈ ਖ਼ਤਰਾ ਨਹੀਂ। ਉਨ੍ਹਾਂ ਮੰਗ ਕੀਤੀ ਹੈ ਕਿ ਪਿਛਲੇ 15 ਸਾਲਾਂ ਤੋਂ ਲਟਕ ਰਹੀ ਇਸ ਅਪੀਲ ਉੱਤੇ ਜਲਦੀ ਫੈਸਲਾ ਲਿਆ ਜਾਵੇ ਭਾਵੇਂ ਉਹ ਕੋਈ ਵੀ ਹੋਵੇ।

