The Khalas Tv Blog Punjab ਬਲਵੰਤ ਸਿੰਘ ਰਾਜੋਆਣਾ ਨੇ ਜਥੇਦਾਰ ਕੁਲਦੀਪ ਸਿੰਘ ਗੜਗੱਜ ਨੂੰ ਮੁੜ ਲਿਖੀ ਚਿੱਠੀ
Punjab Religion

ਬਲਵੰਤ ਸਿੰਘ ਰਾਜੋਆਣਾ ਨੇ ਜਥੇਦਾਰ ਕੁਲਦੀਪ ਸਿੰਘ ਗੜਗੱਜ ਨੂੰ ਮੁੜ ਲਿਖੀ ਚਿੱਠੀ

ਕੇਂਦਰੀ ਜੇਲ੍ਹ ਪਟਿਆਲਾ ਵਿਚ ਲੰਮੇ ਸਮੇਂ ਤੋਂ ਨਜ਼ਰਬੰਦ ਭਾਈ ਬਲਵੰਤ ਸਿੰਘ ਰਾਜੋਆਣਾ ਨੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੂੰ ਮੁੜ ਇੱਕ ਪੱਤਰ ਲਿਖਿਆ ਹੈ।

ਉਨ੍ਹਾਂ ਜਥੇਦਾਰ ਸਾਹਿਬ ਤੋਂ ਅਪੀਲ ਕੀਤੀ ਹੈ ਕਿ ਜਾਂ ਤਾਂ ਉਨ੍ਹਾਂ ਦੀ ਫਾਂਸੀ ਦੀ ਸਜ਼ਾ ਨੂੰ ਉਮਰ ਕੈਦ ਵਿਚ ਤਬਦੀਲ ਕਰਨ ਵਾਲੀ ਅਪੀਲ ਵਾਪਸ ਲੈ ਲਈ ਜਾਵੇ ਤਾਂ ਜੋ ਉਹ ਇਨ੍ਹਾਂ ਸਾਜ਼ਿਸ਼ੀ ਹੁਕਮਰਾਨਾਂ ਦੀਆਂ ਰਾਜਨੀਤੀਆਂ ਤੋਂ ਮੁਕਤ ਹੋ ਸਕਣ, ਜਾਂ ਫਿਰ ਭਾਜਪਾ ਨਾਲ ਜੁੜੇ ਪ੍ਰਮੁੱਖ ਸਿੱਖ ਆਗੂਆਂ ਨੂੰ ਸ੍ਰੀ ਅਕਾਲ ਤਖਤ ਸਾਹਿਬ ਉਤੇ ਤਲਬ ਕੀਤਾ ਜਾਵੇ। ਉਨ੍ਹਾਂ ਤੋਂ ਪੁੱਛਿਆ ਜਾਵੇ ਕਿ ਮਹਾਰਾਜਾ ਰਣਜੀਤ ਸਿੰਘ ਵਰਗਾ ਰਾਜ ਅਤੇ ਸਰਕਾਰ-ਏ-ਖਾਲਸਾ ਬਣਾਉਣ ਦਾ ਦਾਅਵਾ ਕਰਨ ਵਾਲੇ ਇਹ ਆਗੂ ਆਪਣੇ ਵਾਅਦਿਆਂ ਤੇ ਕਿਉਂ ਖਰੇ ਨਹੀਂ ਉਤਰ ਰਹੇ।

ਭਾਈ ਰਾਜੋਆਣਾ ਨੇ ਇਹ ਵੀ ਪੁੱਛਿਆ ਕਿ 2019 ਵਿਚ ਜਾਰੀ ਕੀਤਾ ਗਿਆ ਨੋਟੀਫਿਕੇਸ਼ਨ ਅਜੇ ਤੱਕ ਲਾਗੂ ਕਿਉਂ ਨਹੀਂ ਹੋਇਆ? ਅਕਾਲ ਤਖਤ ਵੱਲੋਂ ਬਣਾਈ ਗਈ ਪੰਜ ਮੈਂਬਰੀ ਕਮੇਟੀ ਨੂੰ ਮਿਲਣ ਲਈ ਸਮਾਂ ਕਿਉਂ ਨਹੀਂ ਦਿੱਤਾ ਜਾ ਰਿਹਾ? ਉਨ੍ਹਾਂ ਚਿਤਾਵਨੀ ਦਿੱਤੀ ਕਿ ਇਸ ਮਾਮਲੇ ਵਿਚ ਠੋਸ ਫੈਸਲਾ ਲਿਆ ਜਾਵੇ, ਨਹੀਂ ਤਾਂ ਸੁਪਰੀਮ ਕੋਰਟ ਵਿਚ ਪਈਆਂ 41 ਤਰੀਕਾਂ ਵਾਂਗ ਉਨ੍ਹਾਂ ਵੱਲੋਂ ਲਿਖੇ ਗਏ ਪੱਤਰਾਂ ਦਾ ਵੀ ਸਿਰਫ਼ ਇਤਿਹਾਸ ਬਣ ਜਾਵੇਗਾ।

 

ਪੱਤਰ ਵਿਚ ਭਾਈ ਰਾਜੋਆਣਾ ਨੇ ਲਿਖਿਆ ਕਿ ਉਨ੍ਹਾਂ ਦਾ ਸਾਰਾ ਜੀਵਨ ਸ੍ਰੀ ਅਕਾਲ ਤਖਤ ਸਾਹਿਬ ਨੂੰ ਸਮਰਪਿਤ ਹੈ ਅਤੇ ਤਖਤ ਸਾਹਿਬ ਦਾ ਹਰ ਆਦੇਸ਼ ਉਨ੍ਹਾਂ ਲਈ ਇਲਾਹੀ ਹੁਕਮ ਹੈ, ਜਿਸ ਨੂੰ ਉਹ ਪੂਰੀ ਤਰ੍ਹਾਂ ਮੰਨਣ ਲਈ ਤਿਆਰ ਹਨ। ਉਨ੍ਹਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਵੀ ਧੰਨਵਾਦ ਕੀਤਾ ਜੋ ਉਨ੍ਹਾਂ ਦੇ ਕੇਸ ਦੀ ਪੈਰਵਾਈ ਕਰ ਰਹੀ ਹੈ।

ਉਨ੍ਹਾਂ ਦੱਸਿਆ ਕਿ ਉਨ੍ਹਾਂ ਨੂੰ ਜੇਲ੍ਹ ਵਿਚ 31ਵਾਂ ਸਾਲ ਅਤੇ ਫਾਂਸੀ ਦੀ ਚੱਕੀ ਵਿਚ 31 ਜੁਲਾਈ ਨੂੰ 19 ਸਾਲ ਪੂਰੇ ਹੋਣ ਜਾ ਰਹੇ ਹਨ। ਇਸ ਪੂਰੇ ਮਾਮਲੇ ਨੂੰ ਉਨ੍ਹਾਂ ਬੇਇਨਸਾਫੀ ਦਾ ਇਤਿਹਾਸ ਦੱਸਿਆ ਅਤੇ ਕਿਹਾ ਕਿ ਭਵਿੱਖ ਵਿਚ ਆਉਣ ਵਾਲੀਆਂ ਪੀੜ੍ਹੀਆਂ ਨੂੰ ਇਸ ਤੋਂ ਪਤਾ ਲੱਗੇਗਾ ਕਿ ਇਸ ਦੇਸ਼ ਦੇ ਹੁਕਮਰਾਨਾਂ ਅਤੇ ਨਿਆਂਇਕ ਤੰਤਰ ਨੇ ਸਿੱਖਾਂ ਨਾਲ ਇਨਸਾਫ਼ ਦਾ ਕਿਹੜਾ ਮਾਪਦੰਡ ਅਪਣਾਇਆ ਹੈ।ਭਾਈ ਰਾਜੋਆਣਾ ਨੇ ਜਥੇਦਾਰ ਤੋਂ ਤੁਰੰਤ ਅਤੇ ਠੋਸ ਫੈਸਲੇ ਦੀ ਉਮੀਦ ਪ੍ਰਗਟਾਈ ਹੈ।

 

Exit mobile version