‘ਦ ਖ਼ਾਲਸ ਬਿਊਰੋ : ਪੰਜਾਬ ਦੇ ਕੈਬਨਿਟ ਮੰਤਰੀ ਬਲਜੀਤ ਕੌਰ ਅੱਜ ਮਾਨਸਾ ਦੌਰੇ ਉੱਤੇ ਸਨ ਅਤੇ ਇਸ ਦੌਰਾਨ ਉਨ੍ਹਾਂ ਨੇ ਅਧਿਕਾਰੀਆਂ ਨਾਲ ਬੈਠਕ ਕਰਕੇ ਵਿਕਾਸ ਕਾਰਜਾਂ ਦਾ ਜਾਇਜ਼ਾ ਲਿਆ। ਇਸ ਮੌਕੇ ਇੱਕ ਗੱਲ ਬਹੁਤ ਦਿਲਚਸਪ ਰਹੀ ਕਿ ਕੈਬਨਿਟ ਤੋਂ ਬਰਖਾਸਤ ਕੀਤੇ ਗਏ ਮਾਨਸਾ ਦੇ ਸਾਬਕਾ ਵਿਧਾਇਕ ਡਾ. ਵਿਜੇ ਸਿੰਗਲਾ ਕੈਬਨਿਟ ਮੰਤਰੀ ਦੇ ਨਾਲ ਜਿੱਥੇ ਬੈਠੇ ਹੋਏ ਦਿਖਾਈ ਦਿੱਤੇ, ਬਲਕਿ ਉਨ੍ਹਾਂ ਨੇ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦੇ ਹੋਏ ਬਲਜੀਤ ਕੌਰ ਨੂੰ ਵਿਚੋਂ ਹੀ ਰੋਕਦਿਆਂ ਖੁਦ ਸੰਬੋਧਨ ਕਰਨ ਲੱਗ ਪਏ। ਇਸ ਗੱਲ ਨੂੰ ਲੈ ਕੇ ਅਧਿਕਾਰੀਆਂ ਵਿੱਚ ਘੁਸਰ ਮੁਸਰ ਸ਼ੁਰੂ ਹੋ ਗਈ ਕਿ ਆਖ਼ਰ ਆਮ ਆਦਮੀ ਪਾਰਟੀ ਵਿੱਚ ਅਜਿਹਾ ਕੀ ਚੱਲ ਰਿਹਾ ਹੈ ਡਾ.ਵਿਜੇ ਸਿੰਗਲਾ ਫਿਰ ਤੋਂ ਸਰਗਰਮ ਦਿਖਣ ਲੱਗੇ ਹਨ।
ਇਸ ਮੌਕੇ ਬਲਜੀਤ ਕੌਰ ਨੇ ਕਿਹਾ ਕਿ ਉਨ੍ਹਾਂ ਨੇ ਅਧਿਕਾਰੀਆਂ ਨੂੰ ਲੋਕਾਂ ਦੇ ਕੰਮ ਕਰਨ ਦੇ ਨਿਰਦੇਸ਼ ਦਿੱਤੇ ਹਨ ਅਤੇ ਬੁਢਾਪਾ ਪੈਨਸ਼ਨ ਜੋ ਕਾਫ਼ੀ ਲੰਬੇ ਸਮੇਂ ਤੋਂ ਮ੍ਰਿਤਕ ਵਿਅਕਤੀ ਲੈ ਰਹੇ ਸਨ, ਉਨ੍ਹਾਂ ਤੋਂ ਪੈਸੇ ਵਾਪਸ ਲੈਣ ਦੇ ਲਈ ਕਾਰਵਾਈ ਜਲਦ ਹੀ ਕੀਤੀ ਜਾ ਰਹੀ ਹੈ ਜੋ ਰਾਸ਼ੀ ਕਰੋੜਾਂ ਰੁਪਏ ਵਿੱਚ ਬਣਦੀ ਹੈ।