‘ਦ ਖ਼ਾਲਸ ਬਿਊਰੋ (ਜਗਜੀਵਨ ਮੀਤ) :- ਰਵਨੀਤ ਬਿੱਟੂ ਨੂੰ ਲੋਕ ਸਭਾ ਦੇ ਮੌਜੂਦਾ ਸੈਸ਼ਨ ਲਈ ਵਿਰੋਧੀ ਧਿਰ ਦੇ ਨੇਤਾ ਵਜੋਂ ਜਿੰਮੇਦਾਰੀ ਦੇਣ ਬਾਰੇ ਪੁੱਛੇ ਸਵਾਲ ਦਾ ਕਿਸਾਨ ਲੀਡਰ ਬਲਬੀਰ ਸਿੰਘ ਰਾਜੇਵਾਲ ਨੇ ਠੋਕਵਾਂ ਜਵਾਬ ਦਿੱਤਾ ਹੈ। ਚੰਡੀਗੜ੍ਹ ‘ਚ ਕਿਸਾਨ ਭਵਨ ਵਿਖੇ ਹੋਈ ਪ੍ਰੈੱਸ ਕਾਨਫਰੰਸ ਦੌਰਨ ਜਦੋਂ ਪੱਤਰਕਾਰਾਂ ਨੇ ਰਵਨੀਤ ਬਿੱਟੂ ਨੂੰ ਕਾਂਗਰਸ ਵੱਲੋਂ ਲੋਕ ਸਭਾ ਦੇ ਮੌਜੂਦਾ ਸੈਸ਼ਨ ਵਿੱਚ ਜਿੰਮੇਦਾਰੀ ਦੇਣ ਦਾ ਸਵਾਲ ਪੁੱਛਿਆ ਤਾਂ ਰਾਜੇਵਾਲ ਨੇ ਸਿੱਧਾ ਜਵਾਬ ਦਿੱਤਾ ਕਿ ਰਵਨੀਤ ਬਿੱਟੂ ਮੇਰੇ ਏਜੰਡੇ ਦਾ ਹਿੱਸਾ ਹੀ ਨਹੀਂ ਹੈ।
ਉਨ੍ਹਾਂ ਕਿਹਾ ਕਿ ਅਸੀਂ ਕੋਲਕਾਤਾ ਵਿੱਚ ਕਿਸੇ ਪਾਰਟੀ ਦਾ ਸਮਰਥਨ ਕਰਨ ਨਹੀਂ ਜਾ ਰਹੇ, ਸਾਡੀ ਲੜਾਈ ਬੀਜੇਪੀ ਨਾਲ ਹੈ ਤੇ ਉੱਥੋਂ ਦੇ 294 ਹਲਕਿਆਂ ਵਿੱਚ ਸਾਡੀਆਂ ਗੱਡੀਆਂ ਲਿਟਰੇਚਰ ਵੰਡ ਕੇ ਆਪਣੇ ਵਿਰੋਧ ਦਾ ਪ੍ਰਦਰਸ਼ਨ ਕਰਨਗੀਆਂ। ਉਨ੍ਹਾਂ ਕਿਹਾ ਕਿ ਇਸ ਅੰਦੋਲਨ ਦੇ ਕਈ ਸਿੱਟੇ ਨਿੱਕਲਣਗੇ। ਮੋਦੀ ਸਰਕਾਰ ਦੇ ਵਿਰੁੱਧ ਕੋਈ ਵੀ ਅੰਦੋਲਨ ਕਰਨ ਲਈ ਤਿਆਰ ਨਹੀਂ ਸੀ, ਇਸਦੀ ਸ਼ਰੂਆਤ ਵੀ ਕਿਸਾਨਾਂ ਨੂੰ ਹੀ ਕਰਨੀ ਪਈ ਹੈ।
ਹਰਿਆਣਾ ਵਿਧਾਨ ਸਭਾ ਵਿੱਚ ਕਾਂਗਰਸ ਦੇ ਬੇਭਰੋਸਗੀ ਦੇ ਮਤੇ ਦਾ ਕੋਈ ਨਤੀਜਾ ਨਾ ਨਿੱਲਣ ‘ਤੇ ਉਨ੍ਹਾਂ ਕਿਹਾ ਕਿ ਹਰਿਆਣਾ ਦੇ ਲੋਕ ਜਾਗਰੂਕ ਨੇ, ਪਰ ਐੱਮਐੱਲਏ ਜਾਗਰੂਕ ਨਹੀਂ ਹਨ, ਨਹੀਂ ਤਾਂ ਬੇਭਰੋਸਗੀ ਦਾ ਇਹ ਮਤਾ ਸਰਕਾਰ ਦੀਆਂ ਜੜ੍ਹਾਂ ਖੋਰ ਦਿੰਦਾ।
ਕਿਸਾਨ ਲੀਡਰ ਰਾਜੇਵਾਲ ਨੇ ਕਿਹਾ ਡੀਜ਼ਲ-ਪੈਟਰੋਲ ਦੀਆਂ ਵਧੀਆਂ ਕੀਮਤਾਂ ਪਹਿਲਾਂ ਤੋਂ ਹੀ ਸਾਡੇ ਏਜੰਡੇ ਵਿੱਚ ਸ਼ਾਮਿਲ ਹਨ। ਕੇਂਦਰ ਸਰਕਾਰ ਅੰਦਰ ਖਾਤੇ ਹਿੱਲੀ ਹੋਈ ਹੈ। ਇਸ ਲਈ ਕਿਸਾਨਾਂ ਤੇ ਲੋਕਾਂ ਨੂੰ ਨੋਟਿਸ ਦੇਣ ‘ਤੇ ਲੱਕ ਬੰਨ੍ਹਿਆਂ ਹੋਇਆ ਹੈ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਸਰਕਾਰ ਦੇ ਕਿਸੇ ਵੀ ਨੋਟਿਸ ਦੀ ਪਰਵਾਹ ਨਹੀਂ ਕਰਨੀ ਹੈ। ਮੋਰਚੇ ਦਾ ਕੋਈ ਆਪਣਾ ਫੰਡ ਨਹੀਂ ਹੈ, ਜੋ ਕੁੱਝ ਵੀ ਹੈ ਉਹ ਲੋਕਾਂ ਦਾ ਹੈ ਤੇ ਲੋਕਾਂ ਨੂੰ ਹੀ ਸਮਰਪਿਤ ਹੈ।