‘ਦ ਖ਼ਾਲਸ ਬਿਊਰੋ (ਪੁਨੀਤ ਕੌਰ) : ਬਾਦਲ ਦਲ ਅਤੇ ਸਰਨਾ ਧੜੇ ਦਾ ਅੱਜ ਰਲੇਵਾਂ ਹੋ ਗਿਆ ਹੈ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅੱਜ ਦਿੱਲੀ ਵਿਖੇ ਹੋਏ ਪੰਥਕ ਮੇਲ ਵਿਚ ਪਰਮਜੀਤ ਸਿੰਘ ਸਰਨਾ ਨੂੰ ਸ਼੍ਰੋਮਣੀ ਅਕਾਲੀ ਦਲ ਦੀ ਦਿੱਲੀ ਇਕਾਈ ਦਾ ਪ੍ਰਧਾਨ ਐਲਾਨ ਦਿੱਤਾ ਹੈ। ਸੁਖਬੀਰ ਬਾਦਲ ਨੇ ਕਿਹਾ ਕਿ ਸਿਰਫ ਦਿੱਲੀ ਹੀ ਨਹੀਂ ਬਲਕਿ ਸਰਨਾ ਭਰਾ ਹੋਰਨਾਂ ਸੂਬਿਆਂ ਵਿੱਚ ਵੀ ਅਕਾਲੀ ਦਲ ਦਾ ਪ੍ਰਚਾਰ ਕਰਨ।
ਸੁਖਬੀਰ ਬਾਦਲ ਨੇ ਕਿਹਾ ਕਿ ਇੱਕ ਪਰਿਵਾਰ ਜੋ ਥੋੜੇ ਸਮੇਂ ਵਾਸਤੇ ਅਲੱਗ ਹੋਇਆ ਸੀ,ਉਹ ਪਰਿਵਾਰ ਇਕੱਠਾ ਹੋ ਗਿਆ ਹੈ। ਮੈਂ ਉਦੋਂ ਸਿਆਸਤ ਵਿੱਚ ਵੀ ਨਹੀਂ ਸੀ ਜਦੋਂ ਸਰਨਾ ਨੇ ਦਿੱਲੀ ਸਾਰੇ ਇਲਾਕੇ ਦੀ ਸੇਵਾ ਨਿਭਾਈ ਸੀ। ਸੁਖਬੀਰ ਬਾਦਲ ਨੇ SGPC ਐਕਟ ਨੂੰ ਤੋੜਨ ਵਾਲੇ ਫੈਸਲੇ ਦੀ ਮੁੜ ਨਿੰਦਾ ਕੀਤੀ। ਬਾਦਲ ਨੇ ਕਿਹਾ ਕਿ ਜਿਹੜੇ ਲੋਕ ਛੋਟੇ ਛੋਟੇ ਦਬਕਿਆਂ ਤੋਂ ਡਰ ਜਾਣ, ਉਹ ਅਕਾਲੀ ਕਹਿਣ ਦੇ ਲਾਇਕ ਨਹੀਂ ਹਨ। ਸੁਖਬੀਰ ਬਾਦਲ ਨੇ ਆਪਣੀ ਸਰਕਾਰ ਵੇਲੇ ਦੇ ਸਾਰੇ ਕੰਮ ਗਿਣਵਾਏ।
ਪਰਮਜੀਤ ਸਿੰਘ ਸਰਨਾ ਨੇ ਕਿਹਾ ਕਿ ਅਸੀਂ ਅਕਾਲੀ ਦਲ ਨੂੰ ਪੁਰਾਣੀਆਂ ਲੀਹਾਂ ਉੱਤੇ ਲੈ ਕੇ ਜਾਵਾਂਗੇ, ਕੁਰਸੀਆਂ ਦਾ ਲਾਲਚ ਕਦੇ ਨਹੀਂ ਕਰਾਂਗੇ। ਮੈਨੂੰ ਅਕਾਲੀ ਦਲ ਤੋਂ ਕਢਵਾਇਆ ਗਿਆ ਸੀ। ਸਰਨਾ ਨੇ ਕਿਹਾ ਕਿ ਧਰਮ ਪ੍ਰਤੀ ਘਾਟ ਆਈ ਹੈ, ਉਸਨੂੰ ਦੂਰ ਕਰਨ ਦੇ ਲਈ ਅਸੀਂ ਤੁਹਾਨੂੰ ਪੂਰਾ ਸਹਿਯੋਗ ਦੇਵਾਂਗੇ।
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਸਰਨਾ ਦੇ ਨਾਲ ਚੱਲਣ ਦਾ ਦਾਅਵਾ ਕੀਤਾ। ਸਰਨਾ ਦਾ ਸ਼੍ਰੋਮਣੀ ਅਕਾਲੀ ਦਲ ਵਿੱਚ ਪੰਥਕ ਤੌਰ ਉੱਤੇ ਸ਼ਾਮਿਲ ਹੋਣ ਉੱਤੇ ਸਵਾਗਤ ਕਰਦਿਆਂ ਧੰਨਵਾਦ ਕੀਤਾ। ਧਾਮੀ ਨੇ ਕਿਹਾ ਕਿ ਸਰਨਾ ਨੇ ਪੰਥਕ ਏਕਤਾ ਦੀ ਅੱਜ ਸ਼ੁਰੂਆਤ ਕਰ ਦਿੱਤੀ ਹੈ। ਅਕਾਲੀ ਦਲ ਦੇ ਸੀਨੀਅਰ ਲੀਡਰ ਡਾ.ਦਲਜੀਤ ਸਿੰਘ ਚੀਮਾ ਨੇ ਸੁਖਬੀਰ ਬਾਦਲ ਨੂੰ ਵਧਾਈ ਦਿੰਦਿਆਂ ਸਰਨਾ ਅਤੇ ਉਨ੍ਹਾਂ ਦੇ ਸਾਰੇ ਸਾਥੀਆਂ ਦਾ ਧੰਨਵਾਦ ਕੀਤਾ। ਪ੍ਰੇਮ ਸਿੰਘ ਚੰਦੂਮਾਜਰਾ ਨੇ ਵੀ ਸਰਨਾ ਦੀ ਤਾਰੀਫ਼ ਦੇ ਪੁਲ ਬੰਨ੍ਹੇ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ, ਸਿੱਖ ਬੁੱਧੀਜੀਵੀ ਕੁਲਦੀਪ ਸਿੰਘ ਗੜਗੱਜ ਆਦਿ ਹਾਜ਼ਰ ਸਨ।