‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):- ਹਿੰਦੀ ਦਾ ਇੱਕ ਸ਼ੇਅਰ ਹੈ, ‘ਪਰਿੰਦੋਂ ਕੋ ਨਹੀਂ ਤਾਲੀਮ ਦੀ ਜਾਤੀ ਉੜਾਨੋਂ ਕੀ, ਵੋ ਖੁਦ ਹੀ ਸੀਖ ਲੇਤੇ ਹੈ ਬੁਲੰਦੀ ਆਸਮਾਨੋਂ ਕੀ।’ ਕੁੱਝ ਇਹੋ ਜਿਹਾ ਹੀ ਕਰਕੇ ਦਿਖਾ ਦਿੱਤਾ ਹੈ ਭਾਰਤੀ ਮੂਲ ਦੀ ਅਮਰੀਕੀ ਵਸਨੀਕ ਕਿਆਰਾ ਕੌਰ ਨੇ, ਜਿਸਨੂੰ 105 ਮਿੰਟ ਵਿੱਚ 36 ਕਿਤਾਬਾਂ ਪੜ੍ਹਨ ਦੀ ਮੁਹਾਰਤ ਹਾਸਿਲ ਹੈ, ਉਹ ਵੀ ਨਾਨ ਸਟਾਪ। ਇਸ ਛੋਟੀ ਬੱਚੀ ਨੂੰ ਅੰਤਰਰਾਸ਼ਟਰੀ ਪੱਧਰ ‘ਤੇ ਖਿਆਤੀ ਹਾਸਿਲ ਹੈ। | ਯੂਏਈ ਵਿੱਚ ਰਹਿੰਦੀ ਇਸ ਬੇਬੀ ਕਿਆਰਾ ਨੇ ਆਪਣੇ ਕਾਰਨਾਮੇ ਲਈ ਲੰਡਨ ਵਿੱਚ ਵਰਲਡ ਬੁੱਕ ਆਫ਼ ਰਿਕਾਰਡ ਅਤੇ ਏਸ਼ੀਆ ਬੁੱਕ ਆਫ਼ ਰਿਕਾਰਡ ਨਾਮ ਦਰਜ ਕਰਵਾਇਆ ਹੈ।
ਸਕੂਲ ਵਿੱਚ ਵੀ ਬੜੇ ਸ਼ੌਂਕ ਨਾਲ ਪੜ੍ਹਦੀ ਹੈ ਕਿਆਰਾ
ਜਾਣਕਾਰੀ ਅਨੁਸਾਰ ਲੰਡਨ ਵਿਚ ਵਰਲਡ ਬੁੱਕ ਰਿਕਾਰਡਸ ਨੇ ਕਿਆਰਾ ਨੂੰ ਚਾਈਲਡ ਪ੍ਰੌਡਿਜੀ ਦਾ ਪ੍ਰਮਾਣ ਵੀ ਦਿੱਤਾ ਹੈ ਕਿ ਕਿਆਰਾ ਕੌਰ ਨੇ 13 ਫਰਵਰੀ ਨੂੰ 4 ਸਾਲ ਦੀ ਉਮਰ ਵਿਚ 105 ਮਿੰਟ ਵਿਚ ਬਿਨਾਂ ਰੁਕੇ 36 ਕਿਤਾਬਾਂ ਪੜ੍ਹਨ ਦੀ ਖਾਸ ਯੋਗਤਾ ਹਾਸਿਲ ਕੀਤੀ ਹੈ, ਜਿਸ ਦੇ ਲਈ ਉਸ ਨੂੰ ਇਹ ਸਰਟੀਫਿਕੇਟ ਦਿੱਤਾ ਜਾ ਰਿਹਾ ਹੈ। ਬੇਬੀ ਕਿਆਰਾ ਦਾ ਪੜ੍ਹਨ ਦਾ ਸ਼ੌਕ ਉਸਦੀ ਇਕ ਅਧਿਆਪਕਾ ਨੇ ਅਬੂ ਧਾਬੀ ਦੇ ਇਕ ਨਰਸਰੀ ਸਕੂਲ ਵਿਚ ਦੇਖਿਆ ਸੀ। ਉਸ ਦੀ ਅਧਿਆਪਕਾ ਅਕਸਰ ਉਸ ਨੂੰ ਸਕੂਲ ਦੀ ਛੋਟੀ ਲਾਇਬ੍ਰੇਰੀ ਵਿੱਚ ਬੜੇ ਜੋਸ਼ ਨਾਲ ਕਿਤਾਬਾਂ ਪੜ੍ਹਦੀ ਵੇਖਦੀ ਸੀ। ਇਸ ਤੋਂ ਹੀ ਕਿਆਰਾ ਦੇ ਇਸ ਸ਼ੌਕ ਦਾ ਇਲਮ ਹੋਇਆ ਅਤੇ ਉਸਨੂੰ ਰਿਕਾਰਡ ਬਣਾਉਣ ਲਈ ਪ੍ਰੇਰਿਤ ਕੀਤਾ ਗਿਆ।
ਇਕ ਸਾਲ ਵਿੱਚ ਪੜ੍ਹੀਆਂ 2 ਸੌ ਦੇ ਕਰੀਬ ਕਿਤਾਬਾਂ
ਕਿਆਰਾ ਨੇ ਦੇ ਮਾਪਿਆਂ ਦੇ ਅਨੁਸਾਰ ਉਹ ਆਪਣਾ ਜ਼ਿਆਦਾਤਰ ਸਮਾਂ ਪੜ੍ਹਨ ਵਿਚ ਬਿਤਾਉਂਦੀ ਹੈ। ਪਿਛਲੇ ਇੱਕ ਸਾਲ ਵਿੱਚ, ਉਸਨੇ ਲਗਭਗ ਦੋ ਸੌ ਕਿਤਾਬਾਂ ਪੜ੍ਹੀਆਂ ਹਨ। ਉਸਨੂੰ ਸਵਾਲ ਜਵਾਬ ਕਰਕੇ ਬਹੁਤ ਪਸੰਦ ਹਨ ਤੇ ਖਰੀਦਦਾਰੀ ਕਰਨ ਗਈ ਵੀ ਉਹ ਕਿਤਾਬਾਂ ਹੀ ਪਸੰਦ ਕਰਦੀ ਹੈ। ਅਮਰੀਕਾ ਵਿਚ ਚੇਨੱਈ-ਅਧਾਰਤ ਮਾਪਿਆਂ ਦੇ ਘਰ ਜੰਮੀ ਇਸ ਛੋਟੀ ਬੱਚੀ ਕਿਆਰਾ ਦੀ ਮਾਂ ਦੇ ਅਨੁਸਾਰ ਕਿਆਰਾ ਦੇ ਦਾਦਾ, ਲੈਫਟੀਨੈਂਟ ਕਰਨਲ ਐਮ ਪੀ ਸਿੰਘ ਨੇ ਉਸ ਨੂੰ ਪੜ੍ਹਨ ਵਿਚ ਰੂਚੀ ਪੈਦਾ ਕੀਤੀ। ਉਹ ਆਪਣੇ ਦਾਦੇ ਕੋਲੋ ਕਈ ਘੰਟੇ ਇਕੱਠਿਆਂ ਵਟਸਐਪ ਕਾਲ ‘ਤੇ ਕਹਾਣੀਆਂ ਸੁਣਦੀ ਰਹਿੰਦੀ ਸੀ। ਇਸ ਪਰਵਰਿਸ਼ ਨੇ ਉਸਨੂੰ ਬਹੁਤ ਬਦਲਿਆ ਹੈ ਤੇ ਉਹ ਅਜਿਹਾ ਰਿਕਾਰਡ ਬਣਾ ਸਕੀ ਹੈ।