ਬਾਬਾ ਮਾਨ ਸਿੰਘ ਪਿਹੋਵਾ ਵਾਲਿਆਂ ਦਾ ਲੰਘੀ ਸ਼ਾਮ ਦਿਹਾਂਤ ਹੋ ਗਿਆ ਹੈ । ਇਹ ਜਾਣਕਾਰੀ ਉਨ੍ਹਾਂ ਦੇ ਫੇਸਬੁੱਕ ਪੇਜ ‘ਤੇ ਅਧਿਕਾਰਤ ਤੌਰ ‘ਤੇ ਸਾਂਝੀ ਕੀਤੀ ਗਈ ਹੈ। ਫਿਲਹਾਲ ਅੰਤਿਮ ਸਸਕਾਰ ਬਾਰੇ ਕੁਝ ਨਹੀਂ ਦੱਸਿਆ ਗਿਆ ਪਰ ਨੇੜਲੇ ਸੂਤਰਾਂ ਅਨੁਸਾਰ ਉਨ੍ਹਾਂ ਦਾ ਅੰਤਿਮ ਸਸਕਾਰ ਭਲਕੇ 10 ਅਪ੍ਰੈਲ ਨੂੰ ਪਿਹੋਵਾ ਵਿਖੇ ਕੀਤਾ ਜਾਵੇਗਾ। ਦੱਸ ਦੇਈਏ ਕਿ ਬਾਬਾ ਮਾਨ ਸਿੰਘ ਜੀ ਪਿਹੋਵਾ ਵਾਲੇ ਪਿਛਲੇ ਲੰਬੇ ਸਮੇਂ ਤੋਂ ਬੀਮਾਰ ਸਨ। ਉਹ ਚੰਡੀਗੜ੍ਹ ਦੇ ਇਕ ਹਸਪਤਾਲ ਤੋਂ ਇਲਾਜ ਕਰਵਾ ਰਹੇ ਸਨ ਜਿੱਥੇ ਲੰਘੀ ਦੇਰ ਸ਼ਾਮ ਉਨ੍ਹਾਂ ਦਾ ਦਿਹਾਂਤ ਹੋਇਆ ਗਿਆ। ਬਾਬਾ ਮਾਨ ਸਿੰਘ ਪਿਹੋਵਾ ਵਾਲੇ ਸਮਾਜ ਸੇਵੀ ਕਾਰਜਾਂ ਤੇ ਲੰਗਰ ਸੇਵਾ ਲਈ ਬਹੁਤ ਪ੍ਰਸਿੱਧ ਸਨ।
ਬਾਬਾ ਮਾਨ ਸਿੰਘ ਜੀ ਦੀ ਉਮਰ 80 ਸਾਲ ਤੋਂ ਵੱਧ ਦੱਸੀ ਜਾ ਰਹੀ ਹੈ। ਉਨ੍ਹਾਂ ਪਿਹੋਵਾ ਵਿਚ ਇਕ ਸਕੂਲ ਵੀ ਖੋਲ੍ਹਿਆ ਹੋਇਆ ਸੀ, ਜਿਸ ਵਿਚ ਦੋ ਹਜ਼ਾਰ ਤੋਂ ਜ਼ਿਆਦਾ ਵਿਦਿਆਰਥੀ ਸਿੱਖਿਆ ਹਾਸਲ ਕਰ ਰਹੇ ਹਨ। ਬੇਸ਼ੱਕ ਉਨ੍ਹਾਂ ਦਾ ਡੇਰਾ ਪਿਹੋਵਾ ਹਰਿਆਣਾ ਵਿਚ ਹੈ ਪਰ ਪੰਜਾਬ ਤੋਂ ਇਲਾਵਾ ਦੇਸ਼-ਵਿਦੇਸ਼ ਵਿਚ ਉਨ੍ਹਾਂ ਦੇ ਕਾਫ਼ੀ ਸ਼ਰਧਾਲੂ ਸਨ।