ਸਿਰਸਾ : ਪੰਜਾਬੀ ਦੇ ਪ੍ਰਸਿੱਧ ਨਾਵਲਕਾਰ ਅਤੇ ਫਿਲਮਕਾਰ ਬੂਟਾ ਸਿੰਘ ਸ਼ਾਦ ਬੀਤੀ ਰਾਤ ਇਸ ਸੰਸਾਰ ਨੂੰ ਅਲਵਿਦਾ ਕਹਿ ਗਏ। ਉਨ੍ਹਾਂ ਨੇ ਬੀਤੀ ਰਾਤ ਹਰਿਆਣਾ ਦੇ ਸਿਰਸਾ ਨੇੜੇ ਪਿੰਡ ਵਿੱਚ ਅੰਤਿਮ ਸਾਹ ਲਏ। ਬੂਟਾ ਸਿੰਘ ਸ਼ਾਦ ਦਾ ਅਸਲ ਨਾਮ ਬੂਟਾ ਸਿੰਘ ਬਰਾੜ ਸੀ। ਇਸ ਤੋਂ ਇਲਾਵਾ ਉਨ੍ਹਾਂ ਨੂੰ ਬੀ. ਐੱਸ. ਸ਼ਾਦ ਵਜੋਂ ਜਾਣਿਆ ਜਾਂਦਾ ਹੈ।
ਉਹ ਇੱਕ ਭਾਰਤੀ ਨਿਰਮਾਤਾ, ਨਿਰਦੇਸ਼ਕ ਅਤੇ ਅਦਾਕਾਰ ਸਨ। ਉਹ ਹਿੰਦੀ ਸਿਨੇਮਾ ਦੇ ਕਈ ਵੱਡੇ ਕਲਾਕਾਰਾਂ ਨਾਲ ਫ਼ਿਲਮਾਂ ਵਿੱਚ ਕੰਮ ਕਰ ਚੁੱਕੇ ਹਨ। ਉਨ੍ਹਾਂ ਨੇ ਪੰਜਾਬੀ ਅਤੇ ਹਿੰਦੀ ਫਿਲਮਾਂ ਵੀ ਬਣਾਈਆਂ। ਉਨ੍ਹਾਂ ਦੇ ਲਿਖੇ ਨਾਵਲਾਂ ਦਾ ਆਪਣਾ ਇੱਕ ਵਿਸ਼ਾਲ ਪਾਠਕ ਵਰਗ ਹੈ।
ਉਨ੍ਹਾਂ ਨੂੰ ਗਿੱਧੇ (1976), ਮਿੱਤਰ ਪਿਆਰੇ ਨੂੰ (1975), ਸਮਗਲਰ (1996), ਇੰਸਾਫ ਕੀ ਦੇਵੀ (1992) ਅਤੇ ਕੋਰਾ ਬਦਨ (1974) ਫਿਲਮਾਂ ਲਈ ਜਾਣਿਆ ਜਾਂਦਾ ਹੈ। ਉਨ੍ਹਾਂ ਆਪਣੀ ਪਹਿਲੀ ਫਿਲਮ ‘ਕੁੱਲੀ ਯਾਰ ਦੀ’ ਵਿੱਚ ਅਦਾਕਾਰੀ ਕੀਤੀ ਸੀ। ਉਨ੍ਹਾਂ ਬਹੁਤ ਸਾਰੇ ਪੰਜਾਬੀ ਨਾਵਲ ਅਤੇ ਕਹਾਣੀਆਂ ਲਿਖੀਆਂ ਹਨ।
ਬੂਟਾ ਸਿੰਘ ਸ਼ਾਦ ਦਾ ਜੱਦੀ ਪਿੰਡ ਜ਼ਿਲ੍ਹਾ ਬਠਿੰਡਾ ਵਿਖੇ ਮਹਿਮਾ ਸਰਜਾ ਸੀ। ਉਹ ਕਰੀਅਰ ਦੌਰਾਨ ਬਹੁਤ ਸਾਲ ਮੁੰਬਈ ਰਹੇ ਪਰ ਅੰਤਿਮ ਦਿਨਾਂ ‘ ਚ ਓਹ ਸਿਰਸਾ ਕੋਲ ਇੱਕ ਪਿੰਡ ‘ ਚ ਰਹਿੰਦੇ ਸਨ। ਇੱਥੇ ਉਨ੍ਹਾਂ ਦੀ ਪੁਸ਼ਤੈਨੀ ਜ਼ਮੀਨ ਸੀ। ਉਨ੍ਹਾਂ ਨੇ ਸਾਰੀ ਉਮਰ ਵਿਆਹ ਨਹੀਂ ਕਰਵਾਇਆ ਸੀ।