The Khalas Tv Blog Punjab ਔਜਲਾ ਨੂੰ ਯਾਦ ਆਈ ਹੈਰੀਟੇਜ ਸਟ੍ਰੀਟ
Punjab

ਔਜਲਾ ਨੂੰ ਯਾਦ ਆਈ ਹੈਰੀਟੇਜ ਸਟ੍ਰੀਟ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਕਾਂਗਰਸ ਦੇ ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਚਿੱਠੀ ਲਿਖ ਕੇ ਅੰਮ੍ਰਿਤਸਰ ਦੀ ਹੈਰੀਟੇਜ ਸਟ੍ਰੀਟ ‘ਤੇ ਧਿਆਨ ਦੇਣ ਦੀ ਮੰਗ ਕੀਤੀ ਹੈ। ਉਨ੍ਹਾਂ ਨੇ ਹੈਰੀਟੇਜ ਸਟ੍ਰੀਟ ਉੱਤੇ ਨਾਜਾਇਜ਼ ਕਬਜ਼ੇ ਹਟਾਉਣ ਅਤੇ ਵਿਕਾਸ ਕੰਮ ਜਾਰੀ ਰੱਖਣ ਲਈ ਅਪੀਲ ਕੀਤੀ ਹੈ।

ਔਜਲਾ ਨੇ ਚਿੱਠੀ ਵਿੱਚ ਲਿਖਿਆ ਕਿ ਸੂਬਾ ਸਰਕਾਰ ਦੇ ਬਦਲਣ ਤੋਂ ਬਾਅਦ ਇਸ ਵਿਰਾਸਤੀ ਗਲੀ ‘ਤੇ ਕਬਜ਼ਿਆਂ ਵਿੱਚ ਭਾਰੀ ਵਾਧਾ ਦੇਖਿਆ ਗਿਆ ਹੈ। ਨਾਜਾਇਜ਼ ਕਬਜ਼ਾਧਾਰੀਆਂ ਨੇ ਵਿਸ਼ੇਸ਼ ਤੌਰ ‘ਤੇ ਸਾਰਾਗੜ੍ਹੀ ਚੌਕ ਤੋਂ ਗੋਲਡਨ ਟੈਂਪਲ ਪਲਾਜ਼ਾ ਤੱਕ ਫੁੱਟਪਾਥਾਂ, ਗਲਿਆਰਿਆਂ ਉੱਤੇ ਕਬਜ਼ਾ ਕੀਤਾ ਹੋਇਆ ਹੈ। ਹੈਰੀਟੇਜ ‘ਤੇ ਵਾਹਨਾਂ ਦੀ ਆਵਾਜਾਈ ਵੀ ਦੇਖੀ ਗਈ ਹੈ, ਜਿਸ ‘ਤੇ ਪਹਿਲਾਂ ਪਾਬੰਦੀ ਲਗਾਈ ਗਈ ਸੀ। ਔਜਲਾ ਨੇ ਕਿਹਾ ਕਿ ਇੱਥੇ ਜੇਬ ਕਤਰੇ ਅਤੇ ਲੁੱਟਾਂ ਖੋਹਾਂ ( Snatchers) ਵਰਗੀਆਂ ਘਟਨਾਵਾਂ ਵੀ ਵਾਪਰਦੀਆਂ ਹਨ। ਪੁਲਿਸ ਪ੍ਰਸ਼ਾਸਨ ਇਸ ਸਭ ਨੂੰ ਨਜ਼ਰ ਅੰਦਾਜ਼ ਕਰ ਰਿਹਾ ਹੈ ਜਿਸ ਕਰਕੇ ਸ਼ਰਧਾਲੂ ਕੋਈ ਸ਼ਿਕਾਇਤ ਦਰਜ ਨਹੀਂ ਕਰਵਾ ਪਾਉਂਦੇ।

ਸਾਰਾਗੜੀ ਦੀ ਪਾਰਕਿੰਗ ਬਾਰੇ ਗੱਲ ਕਰਦਿਆਂ ਔਜਲਾ ਨੇ ਕਿਹਾ ਕਿ ਪਾਰਕਿੰਗ ਖੇਤਰ ਵਿੱਚ ਕੂੜਾ ਖਿੱਲਰਿਆ ਪਿਆ ਹੈ ਅਤੇ ਇਸਦੀ ਸਾਫ਼ ਸਫ਼ਾਈ ਵੱਲ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ। ਔਜਲਾ ਨੇ ਸਰਕਾਰ ਨੂੰ ਅਪੀਲ ਕਰਦਿਆਂ ਕਿਹਾ ਕਿ ਜਲਦ ਹੀ ਇਸ ਸਭ ਵੱਲ ਧਿਆਨ ਦਿੱਤਾ ਜਾਵੇ। ਇਸਦੇ ਨਾਲ ਹੀ ਔਜਲਾ ਨੇ ਸਰਕਾਰ ਨੂੰ ਇਸ ਕਾਰਜ ਦੇ ਲਈ ਫੰਡ ਦੀ ਪੂਰਤੀ ਕਰਨ ਲਈ ਜ਼ਰੂਰਤ ਪੈਣ ਉੱਤੇ ਆਪਣੀ MPLAD ਸਕੀਮ ਦੀ ਵਰਤੋਂ ਕਰਨ ਦੀ ਵੀ ਪੇਸ਼ਕਸ਼ ਕੀਤੀ। ਔਜਲਾ ਨੇ ਕਿਹਾ ਉਨ੍ਹਾਂ ਦੇ ਕੋਟੇ ਵਿੱਚੋਂ ਫੰਡ ਲਿਆ ਜਾ ਸਕਦਾ ਹੈ। ਔਜਲਾ ਨੇ ਮੰਗ ਰੱਖੀ ਕਿ ਹੈਰੀਟੇਜ ਸਟ੍ਰੀਟ ਨੂੰ ਮੁੜ ਵਿਰਾਸਤੀ ਦਿੱਖ ਦੇਣ ਦੇ ਲਈ ਇਸਦੇ ਸੰਗਮਰਮਰ ਦੀ ਪੋਲਿਸ਼ ਕਰਵਾਈ ਜਾਣੀ ਵੀ ਜ਼ਰੂਰੀ ਹੈ।

Exit mobile version