The Khalas Tv Blog Punjab ਫਿਰੋਜ਼ਪੁਰ ’ਚ ਦਿਨ-ਦਿਹਾੜੇ ਗੋਲ਼ੀਬਾਰੀ! ਵਿਆਹ ਦੀ ਖ਼ਰੀਦਾਰੀ ਕਰਨ ਜਾ ਰਹੇ ਪਰਿਵਾਰ ’ਤੇ ਹਮਲਾ, ਲਾੜੀ ਸਮੇਤ 3 ਦੀ ਮੌਤ
Punjab

ਫਿਰੋਜ਼ਪੁਰ ’ਚ ਦਿਨ-ਦਿਹਾੜੇ ਗੋਲ਼ੀਬਾਰੀ! ਵਿਆਹ ਦੀ ਖ਼ਰੀਦਾਰੀ ਕਰਨ ਜਾ ਰਹੇ ਪਰਿਵਾਰ ’ਤੇ ਹਮਲਾ, ਲਾੜੀ ਸਮੇਤ 3 ਦੀ ਮੌਤ

ਬਿਉਰੋ ਰਿਪੋਰਟ: ਫਿਰੋਜ਼ਪੁਰ ਤੋਂ ਦਿਲ ਦਹਿਲਾ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਵਿਆਹ ਦੇ ਕਾਰਡ ਵੰਡਣ ਤੇ ਖ਼ਰੀਦਾਰੀ ਕਰਨ ਗਏ ਪਰਿਵਾਰ ’ਤੇ ਦਿਨ-ਦਿਹਾੜੇ ਅੰਨ੍ਹੇਵਾਹ ਗੋਲ਼ੀਆਂ ਚਲਾ ਦਿੱਤੀਆਂ ਗਈਆਂ। ਘਟਨਾ ਵਿੱਚ ਵਿਆਹ ਵਾਲੀ ਕੁੜੀ ਸਮੇਤ 3 ਜਣਿਆਂ ਦੀ ਮੌਤ ਹੋ ਗਈ ਹੈ। ਇਸ ਘਟਨਾ ਦੇ ਕਾਰਨਾਂ ਦਾ ਹਾਲੇ ਤੱਕ ਪਤਾ ਨਹੀਂ ਲੱਗਾ ਹੈ।

ਜਾਣਕਾਰੀ ਮੁਤਾਬਕ ਫ਼ਿਰੋਜ਼ਪੁਰ ਸ਼ਹਿਰ ਦੇ ਗੁਰਦੁਆਰਾ ਅਕਾਲਗੜ੍ਹ ਸਾਹਿਬ ਨੇੜੇ ਅੱਜ (ਮੰਗਲਵਾਰ) ਦੁਪਹਿਰੇ ਬਾਈਕ ਸਵਾਰ ਹਮਲਾਵਰਾਂ ਨੇ ਕਾਰ ਵਿੱਚ ਸਵਾਰ ਤਿੰਨ ਵਿਅਕਤੀਆਂ ’ਤੇ ਗੋਲ਼ੀਆਂ ਚਲਾ ਕੇ ਉਨ੍ਹਾਂ ਦਾ ਕਤਲ ਕਰ ਦਿੱਤਾ। ਮ੍ਰਿਤਕਾਂ ਦੀ ਪਛਾਣ ਦਿਲਪ੍ਰੀਤ ਸਿੰਘ, ਜਸਪ੍ਰੀਤ ਕੌਰ ਤੇ ਅਕਾਸ਼ਦੀਪ ਸਿੰਘ ਵਾਸੀ ਕੰਬੋਜ ਨਗਰ ਫ਼ਿਰੋਜ਼ਪੁਰ ਸ਼ਹਿਰ ਵਜੋਂ ਹੋਈ ਹੈ।

ਮ੍ਰਿਤਕ ਲੜਕੀ ਜਸਪ੍ਰੀਤ ਕੌਰ ਦਾ ਕੁਝ ਦਿਨਾਂ ਬਾਅਦ ਵਿਆਹ ਹੋਣਾ ਸੀ। ਪਰਿਵਾਰ ਵਿਆਹ ਦੀ ਖ਼ਰੀਦਦਾਰੀ ਲਈ ਹੀ ਬਾਹਰ ਗਿਆ ਸੀ। ਗੋਲ਼ੀ ਲੱਗਣ ਕਾਰਨ ਲੜਕੀ ਦੀ ਮੌਕੇ ’ਤੇ ਹੀ ਮੌਤ ਹੋ ਗਈ, ਜਦਕਿ ਪਿਓ-ਪੁੱਤ ਦੀ ਹਸਪਤਾਲ ’ਚ ਮੌਤ ਹੋ ਗਈ।

ਘਟਨਾ ਦੀ ਸੂਚਨਾ ਮਿਲਣ ’ਤੇ ਵੱਡੀ ਗਿਣਤੀ ’ਚ ਪੁਲਿਸ ਫੋਰਸ ਮੌਕੇ ’ਤੇ ਪਹੁੰਚ ਗਈ ਅਤੇ ਨਾਕਾਬੰਦੀ ਕੀਤੀ। ਪੁਲਿਸ ਵੱਲੋਂ ਹਮਲਾਵਰਾਂ ਦੀ ਪਛਾਣ ਕੀਤੀ ਜਾ ਰਹੀ ਹੈ। ਰਸਤੇ ਵਿੱਚ ਲੱਗੇ ਸੀਸੀਟੀਵੀ ਫੁਟੇਜ ਦੀ ਵੀ ਜਾਂਚ ਕੀਤੀ ਜਾ ਰਹੀ ਹੈ।

ਦੱਸਿਆ ਜਾ ਰਿਹਾ ਹੈ ਕਿ ਕਾਰ ’ਤੇ ਕਰੀਬ 50 ਰਾਊਂਡ ਫਾਇਰ ਕੀਤੇ ਗਏ, ਜਿਸ ਕਾਰਨ ਕਾਰ ਸਵਾਰ ਜਸਪ੍ਰੀਤ ਕੌਰ ਨਾਂ ਦੀ ਲੜਕੀ ਦੀ ਮੌਕੇ ’ਤੇ ਹੀ ਮੌਤ ਹੋ ਗਈ, ਜਦੋਂਕਿ ਦੋ ਜ਼ਖਮੀਆਂ ਨੇ ਹਸਪਤਾਲ ’ਚ ਦਮ ਤੋੜ ਦਿੱਤਾ। ਮੌਕੇ ’ਤੇ ਮੌਜੂਦ ਚਸ਼ਮਦੀਦਾਂ ਮੁਤਾਬਕ ਹਮਲਾਵਰ ਦੋ ਮੋਟਰਸਾਈਕਲਾਂ ’ਤੇ ਸਵਾਰ ਹੋ ਕੇ ਆਏ ਸਨ ਤੇ ਕੁੱਲ 6 ਲੋਕ ਸਨ।

Exit mobile version