The Khalas Tv Blog India ‘ਖਨੌਰੀ ਸਰਹੱਦ ‘ਤੇ ਕੀਤਾ ਜ਼ੁਲਮ ਜੱਲ੍ਹਿਆਂਵਾਲੇ ਬਾਗ ਦੀ ਘਟਨਾ ਤੋਂ ਘੱਟ ਨਹੀਂ’ : ਜਥੇਦਾਰ ਗਿਆਨੀ ਰਘਬੀਰ ਸਿੰਘ
India Punjab

‘ਖਨੌਰੀ ਸਰਹੱਦ ‘ਤੇ ਕੀਤਾ ਜ਼ੁਲਮ ਜੱਲ੍ਹਿਆਂਵਾਲੇ ਬਾਗ ਦੀ ਘਟਨਾ ਤੋਂ ਘੱਟ ਨਹੀਂ’ : ਜਥੇਦਾਰ ਗਿਆਨੀ ਰਘਬੀਰ ਸਿੰਘ

The tactics used by the Indian government for the farmers are no less than the oppression of the British government...

The tactics used by the Indian government for the farmers are no less than the oppression of the British government...

ਖਨੌਰੀ ਸਰਹੱਦ ਉਪਰ ਝੜਪ ਦੌਰਾਨ ਬਠਿੰਡਾ ਦੇ ਨੌਜਵਾਨ ਦੀ ਮੌਤ ਦੇ ਮਾਮਲੇ ਵਿੱਚ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਨੇ ਘਟਨਾ ਨੂੰ ਬੇਹੱਦ ਦੁਖਦਾਈ ਕਰਾਰ ਦਿੱਤਾ ਹੈ। ਉਨ੍ਹਾਂ ਨੇ ਕਿਹਾ ਕਿ ਇਹ ਕਿਸਾਨ ਦੇਸ਼ ਦਾ ਢਿੱਡ ਭਰਨ ਵਾਲੇ ਅੰਨਦਾਤਾ ਹਨ, ਨਾ ਕਿ ਕਿਸੇ ਦੁਸ਼ਮਣ ਦੇਸ਼ ਦੇ ਘੁਸਪੈਠੀਏ, ਜਿਨ੍ਹਾਂ ਵੱਲ ਸਰਕਾਰ ਸਿੱਧੀਆਂ ਗੋਲੀਆਂ ਚਲਾ ਕੇ ਉਨ੍ਹਾਂ ਦੀਆਂ ਛਾਤੀਆਂ ਅਤੇ ਸਿਰ ਵਿੰਨ੍ਹ ਰਹੀ ਹੈ। ਉਨ੍ਹਾਂ ਨੂੰ ਆਪਣੇ ਜਮਹੂਰੀ ਅਧਿਕਾਰ ਤਹਿਤ ਦਿੱਲੀ ਜਾ ਕੇ ਪ੍ਰਦਰਸ਼ਨ ਕਰਨ ਤੋਂ ਰੋਕਣ ਵਾਸਤੇ ਸਰਕਾਰ ਵਲੋਂ ਵਰਤੇ ਹਥਕੰਡੇ ਕਿਸੇ ਵੀ ਤਰ੍ਹਾਂ ਜੱਲ੍ਹਿਆਂਵਾਲੇ ਬਾਗ ‘ਚ ਅੰਗਰੇਜ਼ ਹਕੂਮਤ ਵਲੋਂ ਭਾਰਤੀਆਂ ਨਾਲ ਕੀਤੇ ਜ਼ੁਲਮ ਤੋਂ ਘੱਟ ਨਹੀਂ ਹਨ।

ਗਿਆਨੀ ਰਘਬੀਰ ਸਿੰਘ ਨੇ ਆਖਿਆ ਕਿ ਪਿਛਲੇ ਦਿਨਾਂ ਤੋਂ ਪੰਜਾਬ ਦੇ ਕਿਸਾਨ ਕੇਂਦਰ ਸਰਕਾਰ ਕੋਲੋਂ ਆਪਣੀਆਂ ਜਿਣਸਾਂ ਦੇ ਘੱਟੋ-ਘੱਟ ਸਮਰਥਨ ਮੁੱਲ ਸਮੇਤ ਹੋਰ ਹੱਕ ਮੰਗ ਕਰ ਰਹੇ ਹਨ ਪਰ ਸਰਕਾਰ ਆਪਣੇ ਕੰਨ੍ਹ ਤੇ ਅੱਖਾਂ ਬੰਦ ਕਰੀ ਬੈਠੀ ਹੈ। ਜਿਸ ਤੋਂ ਸਪੱਸ਼ਟ ਹੋ ਰਿਹਾ ਹੈ ਕਿ ਕੇਂਦਰ ਸਰਕਾਰ ਕਿਸਾਨਾਂ ਦੇ ਮਸਲੇ ਹੱਲ ਨਹੀਂ ਕਰਨਾ ਚਾਹੁੰਦੀ। ਉਸ ਦੀ ਨੀਅਤ ਖਰਾਬ ਹੈ। ਜੇਕਰ ਸਰਕਾਰ ਸੰਜੀਦਾ ਹੁੰਦੀ ਤਾਂ ਮਸਲੇ ਦੇ ਹੱਲ ਲਈ ਗੱਲਬਾਤ ਹੁੰਦੀ, ਗੋਲੀਬਾਰੀ ਨਾ ਕੀਤੀ ਜਾਂਦੀ।

ਕਿਸੇ ਵੀ ਮਸਲੇ ਦੇ ਹੱਲ ਲਈ ਪਹਿਲਾਂ ਸਾਜਗਾਰ ਮਾਹੌਲ ਬਣਾਇਆ ਜਾਂਦਾ ਹੈ। ਮਾਹੌਲ ਤਦ ਬਣ ਸਕਦਾ ਜੇਕਰ ਪੰਜਾਬ-ਹਰਿਆਣਾ ਦੀ ਹੱਦ ਤੋਂ ਬੈਰੀਕੇਡ ਹਟਾਏ ਜਾਂਦੇ। ਕਿਸਾਨਾਂ ਵੱਲ ਨੂੰ ਮੂੰਹ ਕਰਕੇ ਸ਼ਾਰਪ ਸੂਟਰ ਨਾ ਤਾਇਨਾਤ ਕੀਤੇ ਜਾਂਦੇ। ਕਿਸਾਨਾਂ ‘ਤੇ ਡਾਂਗਾਂ, ਗੋਲੀਆਂ, ਅੱਥਰੂ ਗੈਸ ਦੇ ਗੋਲੇ ਤੇ ਪਾਣੀ ਦੀਆਂ ਤੋਪਾਂ ਨਾ ਛੱਡੀਆਂ ਜਾਂਦੀਆਂ।

ਉਨ੍ਹਾਂ ਨੇ ਕਿਹਾ ਕਿ ਸਾਡੇ ਦੇਸ਼ ਦੇ ਲੋਕਾਂ ਦਾ ਨਾਅਰਾ ਰਿਹਾ ਹੈ, ‘ਜੈ ਜਵਾਨ, ਜੈ ਕਿਸਾਨ’, ਕਿਉਂਕਿ ਜਵਾਨ ਦੇਸ਼ ਦੀਆਂ ਸਰਹੱਦਾਂ ‘ਤੇ ਰਾਖ਼ੀ ਕਰਦਾ ਹੈ ਅਤੇ ਕਿਸਾਨ ਖੇਤਾਂ ਵਿਚ ਅੰਨ ਉਗਾ ਕੇ ਦੇਸ਼ ਦਾ ਢਿੱਡ ਭਰਦਾ ਹੈ। ਪਰ ਕਿੰਨੇ ਦੁੱਖ ਦੀ ਗੱਲ ਹੈ ਕਿ ਅੱਜ ਸਾਡਾ ਜਵਾਨ ਸਰਹੱਦਾਂ ‘ਤੇ ਰਾਖ਼ੀ ਕਰਦਾ ਹੋਇਆ ਦੁਸ਼ਮਣ ਦੀਆਂ ਗੋਲੀਆਂ ਖਾ ਰਿਹਾ ਹੈ ਅਤੇ ਕਿਸਾਨ ਨੂੰ ਆਪਣੀ ਹੀ ਸਰਕਾਰ ਹੱਕ ਮੰਗਣ ‘ਤੇ ਆਪਣੇ ਦੇਸ਼ ਦੀ ਪੁਲਿਸ ਤੋਂ ਗੋਲੀਆਂ ਮਰਵਾ ਰਹੀ ਹੈ, ਜੋ ਇਕ ਲੋਕਤੰਤਰੀ ਦੇਸ਼ ਲਈ ਬੇਹੱਦ ਮੰਦਭਾਗਾ ਵਰਤਾਰਾ ਹੈ। ਅਜਿਹਾ ਗੈਰ-ਜਮਹੂਰੀ ਵਤੀਰਾ ਦੇਸ਼ ਦੇ ਭਵਿੱਖ ਲਈ ਚੰਗਾ ਨਹੀਂ ਹੈ।

ਜਥੇਦਾਰ ਨੇ ਆਖਿਆ ਕਿ ਸਰਕਾਰ ਨੂੰ ਅਜੇ ਵੀ ਆਪਣਾ ਹਠੀ ਰਵੱਈਆ ਛੱਡ ਕੇ ਕਿਸਾਨਾਂ ਦੀਆਂ ਹੱਕੀ ਮੰਗਾਂ ਨੂੰ ਤੁਰੰਤ ਮੰਨ ਲੈਣਾ ਚਾਹੀਦਾ ਹੈ ਤਾਂ ਜੋ ਦੇਸ਼ ਦੇ ਅੰਨਦਾਤਾ ਕਿਸਾਨ ਸੰਘਰਸ਼ ਛੱਡ ਕੇ ਵਾਪਸ ਮੁੜ ਕੇ ਆਪਣੀ ਕਿਰਤ ਵਿਚ ਜੁਟ ਸਕਣ।”

Exit mobile version