The Khalas Tv Blog Punjab ਫਰੀਦਕੋਟ ਜੇਲ੍ਹ ਦਾ ਸਹਾਇਕ ਸੁਪਰਡੈਂਟ ਹੈਰੋਇਨ ਸਣੇ ਗ੍ਰਿਫ਼ ਤਾਰ
Punjab

ਫਰੀਦਕੋਟ ਜੇਲ੍ਹ ਦਾ ਸਹਾਇਕ ਸੁਪਰਡੈਂਟ ਹੈਰੋਇਨ ਸਣੇ ਗ੍ਰਿਫ਼ ਤਾਰ

ਦ ਖ਼ਾਲਸ ਬਿਊਰੋ : ਫਰੀਦਕੋਟ ਦੀ ਸਥਾਨਕ ਕੇਂਦਰੀ ਮਾਡਰਨ ਜੇਲ੍ਹ ਵਿੱਚੋਂ ਸਹਾਇਕ ਸੁਪਰਡੈਂਟ ਨੂੰ 78.10 ਗ੍ਰਾਮ ਹੈਰੋਇਨ ਵਰਗੇ ਨਸ਼ੀਲੇ ਪਾਊਡਰ ਅਤੇ ਇੱਕ ਟੱਚ ਸਕਰੀਨ ਮੋਬਾਈਲ ਫੋਨ ਸਣੇ ਗ੍ਰਿਫ਼ਤਾਰ ਕੀਤਾ ਗਿਆ ਹੈ। ਗ੍ਰਿਫ਼ਤਾਰੀ ਤੋਂ ਬਾਅਦ ਉਸ ਦੀ ਕਾਰ ਵਿੱਚੋਂ 67 ਹਜ਼ਾਰ ਰੁਪਏ ਦੀ ਨਕਦੀ ਅਤੇ ਤਿੰਨ ਹੋਰ ਮੋਬਾਈਲ ਫ਼ੋਨ ਵੀ ਬਰਾਮਦ ਹੋਏ ਹਨ।

 ਜਾਣਕਾਰੀ ਅਨੁਸਾਰ ਸਹਾਇਕ ਸੁਪਰਡੈਂਟ ਬੈਰਕਾਂ ਦੀ ਚੈਕਿੰਗ ਲਈ ਜਦੋਂ ਡਿਉਢੀ ਤੋਂ ਅੱਗੇ ਜਾਣ ਲੱਗਾ ਤਾਂ ਦਰਵਾਜ਼ੇ ’ਤੇ ਤਾਇਨਾਤ ਸੰਤਰੀ ਨੇ ਉਸ ਨੂੰ ਤਲਾਸ਼ੀ ਲਈ ਰੋਕ ਲਿਆ।

ਤਲਾਸ਼ੀ ਦੌਰਾਨ ਸਹਾਇਕ ਸੁਪਰਡੈਂਟ ਦੀ ਫਾਈਲ ਵਿੱਚੋਂ 78 ਗ੍ਰਾਮ ਹੈਰੋਇਨ ਬਰਾਮਦ ਹੋਈ। ਡਿਉਢੀ ’ਤੇ ਤਾਇਨਾਤ ਮੁਲਾਜ਼ਮਾਂ ਨੇ ਜੇਲ੍ਹ ਦੇ ਉੱਚ ਅਧਿਕਾਰੀਆਂ ਨੂੰ ਇਸ ਬਾਰੇ ਸੂਚਿਤ ਕੀਤਾ। ਇਸ ਮਗਰੋਂ ਸਿਟੀ ਪੁਲਿਸ ਫ਼ਰੀਦਕੋਟ ਨੇ ਸਹਾਇਕ ਜੇਲ੍ਹ ਸੁਪਰਡੈਂਟ ਰਣਜੀਤ ਸਿੰਘ ਦੀ ਸ਼ਿਕਾਇਤ ਦੇ ਆਧਾਰ ’ਤੇ ਬਿੰਨੀ ਟਾਂਕ ਨੂੰ ਗ੍ਰਿਫ਼ਤਾਰ ਕਰਕੇ ਉਸ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ।

ਡੀਐਸਪੀ ਗੁਰਮੀਤ ਸਿੰਘ ਨੇ ਦੱਸਿਆ ਕਿ ਸ਼ਨੀਵਾਰ ਸ਼ਾਮ ਕਰੀਬ 4 ਵਜੇ ਜੇਲ੍ਹ ਦੇ ਸਹਾਇਕ ਸੁਪਰਡੈਂਟ ਬਿੰਨੀ ਟਾਂਕ ਆਪਣੀ ਡਿਊਟੀ ’ਤੇ ਪੁੱਜੇ। ਜੇਲ੍ਹ ਵਿੱਚ ਦਾਖ਼ਲ ਹੋਣ ਤੋਂ ਪਹਿਲਾਂ ਡਿਉੜੀ ਵਿੱਚ ਡਿਊਟੀ ’ਤੇ ਤਾਇਨਾਤ ਵਾਰਡਨ ਜਸਵੀਰ ਸਿੰਘ ਦੀ ਅਗਵਾਈ ਵਿੱਚ ਉਸ ਦੀ ਤਲਾਸ਼ੀ ਲਈ ਗਈ। ਜ਼ਾਹਿਰ ਹੈ ਕਿ ਤਲਾਸ਼ੀ ਤੋਂ ਬਾਅਦ ਜਦੋਂ ਵਾਰਡਨ ਨੇ ਸਹਾਇਕ ਸੁਪਰਡੈਂਟ ਦੇ ਹੱਥ ਵਿੱਚ ਫੜੀ ਫਾਈਲ ਦੀ ਤਲਾਸ਼ੀ ਲੈਣੀ ਚਾਹੀ ਤਾਂ ਉਸ ਨੇ ਉਸ ਨਾਲ ਹੱਥੋਪਾਈ ਸ਼ੁਰੂ ਕਰ ਦਿੱਤੀ ਅਤੇ ਇੱਕ ਕਮਰੇ ਵਿੱਚ ਵੜ ਗਿਆ।

ਇਸ ਤੋਂ ਬਾਅਦ ਜੇਲ੍ਹ ਅਧਿਕਾਰੀਆਂ ਨੇ ਮੌਕੇ ’ਤੇ ਪਹੁੰਚ ਕੇ ਫਾਈਲ ਦੀ ਤਲਾਸ਼ੀ ਲਈ ਤਾਂ ਉਸ ਵਿੱਚੋਂ ਇੱਕ ਟੱਚ ਸਕਰੀਨ ਮੋਬਾਈਲ ਫੋਨ ਅਤੇ ਨਸ਼ੀਲੇ ਪਾਊਡਰ ਦੇ 8 ਛੋਟੇ ਪੈਕੇਟ ਜਿਨ੍ਹਾਂ ਦਾ ਕੁੱਲ ਵਜ਼ਨ 78.10 ਗ੍ਰਾਮ ਹੈ, ਬਰਾਮਦ ਹੋਏ। ਜੇਲ੍ਹ ਪ੍ਰਸ਼ਾਸਨ ਦੀ ਸ਼ਿਕਾਇਤ ਤੋਂ ਬਾਅਦ ਜ਼ਿਲ੍ਹਾ ਪੁਲਿਸ ਦੇ ਉੱਚ ਅਧਿਕਾਰੀ ਮੌਕੇ ’ਤੇ ਪੁੱਜੇ ਅਤੇ ਸਹਾਇਕ ਸੁਪਰਡੈਂਟ ਨੂੰ ਆਪਣੀ ਹਿਰਾਸਤ ਵਿੱਚ ਲੈ ਲਿਆ। ਇਸ ਤੋਂ ਬਾਅਦ ਜਦੋਂ ਮੁਲਜ਼ਮ ਦੀ ਕਾਰ ਦੀ ਤਲਾਸ਼ੀ ਲਈ ਗਈ ਤਾਂ ਉਸ ਵਿੱਚੋਂ 67 ਹਜ਼ਾਰ ਦੀ ਨਕਦੀ ਅਤੇ ਤਿੰਨ ਹੋਰ ਮੋਬਾਈਲ ਫੋਨ ਵੀ ਬਰਾਮਦ ਹੋਏ।

Exit mobile version