ਬਿਊਰੋ ਰਿਪੋਰਟ : ਪੰਜਾਬ ਵਿੱਚ ਬੀਜੇਪੀ ਸੂਬਾ ਪ੍ਰਧਾਨ ਨੂੰ ਬਦਲਣ ਦੀ ਅਟਕਲਾਂ ਵਿੱਚ ਹਰ ਪਲ ਨਵਾਂ ਮੋੜ ਆ ਰਿਹਾ ਹੈ । 48 ਘੰਟਿਆਂ ਤੋਂ ਸੁਨੀਲ ਜਾਖੜ ਦਾ ਨਵੇਂ ਪ੍ਰਧਾਨ ਵਜੋਂ ਨਾਂ ਸਾਹਮਣੇ ਆ ਰਿਹਾ ਸੀ । ਸੋਮਵਾਰ ਨੂੰ ਜਦੋਂ ਮੌਜੂਦਾ ਪ੍ਰਧਾਨ ਅਸ਼ਵਨੀ ਸ਼ਰਮਾ ਚੰਡੀਗੜ੍ਹ ਬੀਜੇਪੀ ਦੇ ਦਫ਼ਤਰ ਪਹੁੰਚੇ ਤਾਂ ਕਿਹਾ ਗਿਆ ਕਿ ਉਨ੍ਹਾਂ ਨੇ ਅਸਤੀਫ਼ਾ ਦੇ ਦਿੱਤਾ ਹੈ ਅਤੇ ਪ੍ਰਧਾਨ ਸਾਹਿਬ ਆਪਣੀ ਕੁਰਸੀ ਜਾਣ ਤੋਂ ਭਾਵੁਕ ਹੋ ਗਏ ਅਤੇ ਉਹ ਆਪਣਾ ਬੋਰੀਆ ਬਿਸਤਰਾ ਚੁੱਕਣ ਦੇ ਲਈ ਪਾਰਟੀ ਦਫ਼ਤਰ ਪਹੁੰਚੇ ਹਨ । ਪਰ ਇਨ੍ਹਾਂ ਸਾਰੀਆਂ ਕਿਆਸਰਾਈਆਂ ਵਿੱਚ ਹੁਣ ਬੀਜੇਪੀ ਦੇ ਸੂਬਾ ਪ੍ਰਧਾਨ ਅਸ਼ਵਨੀ ਸ਼ਰਮਾ ਦਾ ਇੱਕ ਟਵੀਟ ਸਾਹਮਣੇ ਆਇਆ ਹੈ । ਉਨ੍ਹਾਂ ਨੇ ਪ੍ਰਧਾਨ ਬਦਲਿਆਂ ਜਾਵੇ ਜਾਂ ਨਹੀਂ, ਇਨ੍ਹਾਂ ਖ਼ਬਰਾਂ ਦਾ ਖੰਡਨ ਤਾਂ ਨਹੀਂ ਕੀਤਾ ਪਰ ਇਨ੍ਹਾਂ ਜ਼ਰੂਰ ਕਿਹਾ ਹੈ ਕਿ ਉਨ੍ਹਾਂ ਨੇ ਹੁਣ ਤੱਕ ਅਸਤੀਫ਼ਾ ਨਹੀਂ ਦਿੱਤਾ ਹੈ ।
ਅਸ਼ਵਨੀ ਸ਼ਰਮਾ ਦਾ ਬਿਆਨ
ਅਸ਼ਵਨੀ ਸ਼ਰਮਾ ਨੇ ਟਵੀਟ ਕਰਦੇ ਹੋਏ ਕਿਹਾ ‘ਮੀਡੀਆ ਵਿੱਚ ਅਫ਼ਵਾਹਾਂ ਫੈਲਾਈਆਂ ਜਾ ਰਹੀਆਂ ਹਨ ਕਿ ਮੈਂ ਭਾਜਪਾ ਪ੍ਰਧਾਨ ਦੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਹੈ, ਮੈਂ ਅਜਿਹੀਆਂ ਅਫ਼ਵਾਹਾਂ ਦਾ ਖੰਡਨ ਕਰਦਾ ਹਾਂ। ਆਪ ਸਭ ਦੀ ਜਾਣਕਾਰੀ ਲਈ ਮੈਂ ਦੱਸਣਾ ਚਾਹੁੰਦਾ ਹਾਂ ਕਿ ਭਾਜਪਾ ਵਿੱਚ ਅਸਤੀਫ਼ੇ ਦੀ ਕੋਈ ਪਰੰਪਰਾ ਨਹੀਂ ਹੈ।’
ਭਾਵ ਇਸ ਪੂਰੇ ਬਿਆਨ ਵਿੱਚ ਅਸ਼ਵਨੀ ਸ਼ਰਮਾ ਨੇ ਨਹੀਂ ਕਿਹਾ ਕਿ ਉਨ੍ਹਾਂ ਦੀ ਕੁਰਸੀ ਹਿੱਲਣ ਦੀ ਖ਼ਬਰਾਂ ਅਫ਼ਵਾਹਾਂ ਹਨ ਯਾਨੀ ਅੰਦਰ ਖਾਤੇ ਉਹ ਵੀ ਜਾਣ ਦੇ ਹਨ ਉਹ ਜਾਣ ਵਾਲੇ ਹਨ ਨਾਲ ਹੀ ਟਵੀਟ ਵਿੱਚ ਉਨ੍ਹਾਂ ਨੇ ਬੀਜੇਪੀ ਵਿੱਚ ਪ੍ਰਧਾਨ ਬਦਲਣ ਦੀ ਪਰੰਪਰਾ ਬਾਰੇ ਵੀ ਦੱਸ ਦਿੱਤਾ ਕਿ ਸਿੱਧਾ ਦਿੱਲੀ ਤੋਂ ਹੁਕਮ ਹੁੰਦਾ ਹੈ ਪ੍ਰਧਾਨ ਬਦਲਣ ਦਾ । ਹੁਣ ਗੱਲ ਰਹੀ ਸੁਨੀਲ ਜਾਖੜ ਦੀ ਜਿੰਨਾ ਦਾ ਨਾਂ ਜ਼ੋਰਾਂ-ਸ਼ੋਰਾ ਨਾਲ 2 ਦਿਨ ਤੋਂ ਪੰਜਾਬ ਬੀਜੇਪੀ ਦੇ ਨਵੇਂ ਸੂਬਾ ਪ੍ਰਧਾਨ ਦੀ ਦੌੜ ਵਿੱਚ ਨਾਂ ਸਭ ਤੋਂ ਅੱਗੇ ਚੱਲ ਰਿਹਾ ਹੈ। ਉਨ੍ਹਾਂ ਦਾ ਵੀ ਪ੍ਰਧਾਨ ਬਣਨ ਨੂੰ ਲੈ ਕੇ ਕੋਈ ਬਿਆਨ ਸਾਹਮਣੇ ਨਹੀਂ ਆਇਆ ਹੈ, ਦਰਅਸਲ ਇਸ ਦੇ ਪਿੱਛੇ 2 ਵਜ੍ਹਾ ਹਨ।
ਇਸ ਵਜ੍ਹਾ ਨਾਲ ਜਾਖੜ ਚੁੱਪ
ਬੀਜੇਪੀ ਵਿੱਚ ਜਦੋਂ ਤੱਕ ਕਿਸੇ ਵੀ ਅਹੁਦੇ ਨੂੰ ਲੈ ਕੇ ਐਲਾਨ ਨਾ ਹੋ ਜਾਵੇ ਤਾਂ ਤੱਕ ਸਿਆਸੀ ਅੰਦਾਜ਼ਾ ਲਗਾਉਣਾ ਮੁਸ਼ਕਿਲ ਹੈ ਕਿ ਅਹੁਦਾ ਉਸ ਸ਼ਖ਼ਸ ਨੂੰ ਹੀ ਮਿਲੇਗਾ ਜਿਸ ਦਾ ਨਾਂ ਚੱਲ ਰਿਹਾ ਹੈ। ਇਸ ਦੇ ਉਦਾਹਰਨ ਕਰਨਾਟਕਾ, ਉਤਰਾਖੰਡ ,ਤ੍ਰਿਪੁਰਾ ਅਤੇ ਹਰਿਆਣਾ ਦੇ ਮੁੱਖ ਮੰਤਰੀ ਦੇ ਨਾਂ ਐਲਾਨਣ ਦੌਰਾਨ ਮਿਲ ਦੇ ਹਨ ।
ਮੀਡੀਆ ਵਿੱਚ ਮੁੱਖ ਮੰਤਰੀ ਦੇ ਲਈ ਨਾਂ ਕੁਝ ਹੋਰ ਚੱਲ ਰਹੇ ਸਨ ਫਾਈਨਲ ਮੋਹਰ ਕਿਸੇ ਹੋਰ ਦੇ ਨਾਂ ‘ਤੇ ਲੱਗੀ । ਜਾਖੜ ਵੀ ਇਸ ਨੂੰ ਜਾਣ ਦੇ ਹਨ ਜਾਂ ਫਿਰ ਇਹ ਕਹਿ ਲਿਆ ਜਾਵੇ ਕਿ ਉਹ ਤਾਂ ਕਾਂਗਰਸ ਵਿੱਚ ਇਸ ਦਰਦ ਨੂੰ ਭੁਗਤ ਚੁੱਕੇ ਹਨ । ਮੁੱਖ ਮੰਤਰੀ ਕੈਪਟਨ ਨੂੰ ਕੁਰਸੀ ਤੋਂ ਉਤਾਰਨ ਤੋਂ ਠੀਕ ਪਹਿਲਾਂ ਰਾਹੁਲ ਗਾਂਧੀ ਨੇ ਉਨ੍ਹਾਂ ਨੂੰ ਫ਼ੋਨ ਕਰਕੇ ਵਿਦੇਸ਼ ਤੋਂ ਸੱਦਿਆ ਸੀ ਅਤੇ ਮੁੱਖ ਮੰਤਰੀ ਦੀ ਕੁਰਸੀ ਦੇਣ ਬਾਰੇ ਦੱਸਿਆ ਸੀ ਪਰ ਅਖੀਰਲੇ ਮੌਕੇ ਚਰਨਜੀਤ ਸਿੰਘ ਚੰਨੀ ਦੀ ਦਲਿਤ ਕਾਰਡ ਵਾਲੀ ਐਂਟਰੀ ਹੁੰਦੀ ਹੈ ਅਤੇ ਜਾਖੜ ਉਸ ਰੇਸ ਵਿੱਚ ਪਿਛੜ ਜਾਂਦੇ ਹਨ । ਸੁਨੀਲ ਜਾਖੜ ਇਸ ਲਈ ਅਹੁਦਾ ਮਿਲਣ ਤੋਂ ਪਹਿਲਾਂ ਚੁੱਪੀ ਧਾਰੀ ਹੋਏ ਹਨ । ਪਰ ਇੱਕ ਗੱਲ ਤੈਅ ਹੈ ਕਿ ਅਸ਼ਵਨੀ ਸ਼ਰਮਾ ਦਾ ਜਾਣਾ ਤੈਅ ਹੈ ਇਸ ਦੇ ਪਿੱਛੇ ਇੱਕ ਨਹੀਂ ਕਈ ਕਾਰਨ ਹਨ ।
ਅਸ਼ਵਨੀ ਸ਼ਰਮਾ ‘ਤੇ ਗੁੱਟਬਾਜ਼ੀ ਦਾ ਇਲਜ਼ਾਮ
ਪੰਜਾਬ ਬੀਜੇਪੀ ਦੇ ਆਗੂ ਅਸ਼ਵਨੀ ਸ਼ਰਮਾ ‘ਤੇ ਸਭ ਤੋਂ ਵੱਡਾ ਇਲਜ਼ਾਮ ਹੈ ਕਿ ਉਨ੍ਹਾਂ ਦੇ ਪ੍ਰਧਾਨ ਬਣਨ ਤੋਂ ਬਾਅਦ ਪਾਰਟੀ ਵਿੱਚ ਗੁੱਟਬਾਜ਼ੀ ਵਧੀ। ਜਲੰਧਰ ਦੀ ਜ਼ਿਮਨੀ ਚੋਣਾਂ ਵਿੱਚ ਇਸ ਦਾ ਅਸਰ ਵਿਖਾਈ ਦਿੱਤਾ । ਸਟੇਜ ‘ਤੇ ਬਾਹਰੀ ਪਾਰਟੀ ਦੇ ਆਗੂਆਂ ਨੂੰ ਥਾਂ ਮਿਲੀ ਜਦਕਿ ਬੀਜੇਪੀ ਦੇ ਟਕਸਾਲੀ ਆਗੂ ਹੇਠਾਂ ਕੁਰਸੀਆਂ ‘ਤੇ ਬੈਠੇ ਰਹੇ । 2022 ਵਿੱਚ ਪਾਰਟੀ ਦੀ ਟਿਕਟ ਤੋਂ ਚੋਣ ਲੜਨ ਵਾਲੇ ਭਗਤ ਚੁੰਨੀ ਨਾਲ ਦੇ ਪੁੱਤਰ ਨੇ ਪਾਰਟੀ ਛੱਡ ਦਿੱਤੀ ਅਤੇ ਆਪ ਵਿੱਚ ਸ਼ਾਮਲ ਹੋ ਗਏ । ਬਾਦਲ ਸਰਕਾਰ ਵਿੱਚ ਭਗਤ ਚੁੰਨੀ ਨਾਲ ਦੂਜੇ ਨੰਬਰ ਦੇ ਆਗੂ ਸਨ ਉਨ੍ਹਾਂ ਦੇ ਪਰਿਵਾਰ ਨੂੰ ਅਸ਼ਵਨੀ ਸ਼ਰਮਾ ਨੇ ਲਗਾਤਾਰ ਨਜ਼ਰ ਅੰਦਾਜ਼ ਕੀਤਾ । ਕਈ ਸਾਲ ਬੀਜੇਪੀ ਦੇ ਸਟੇਟ ਸਕੱਤਰ ਰਹੇ ਰਵੀ ਮਹਿੰਦਰੂ ਨੂੰ ਜਲੰਧਰ ਜ਼ਿਮਨੀ ਚੋਣ ਦੀਆਂ ਰੈਲੀਆਂ ਵਿੱਚ ਜਨਤਾ ਨਾਲ ਬਿਠਾਇਆ ਅਤੇ ਜਦਕਿ ਮੰਚ ‘ਤੇ ਆਪ ਦੇ ਬਾਗ਼ੀਆਂ ਨੂੰ ਥਾਂ ਦਿੱਤੀ ਗਈ । ਸੂਬਾ ਬੀਜੇਪੀ ਦੇ ਸਾਬਕਾ ਪ੍ਰਧਾਨ ਵਿਜੇ ਸਾਂਪਲਾ ਨੂੰ ਕਿਨਾਰੇ ਕਰ ਦਿੱਤਾ ।
ਸਾਂਪਲਾ ਗੁੱਟ ਨੂੰ ਕਿਨਾਰੇ ਕੀਤਾ
ਫਰਵਰੀ ਵਿੱਚ ਜਦੋਂ ਪਾਰਟੀ ਦੇ ਢਾਂਚੇ ਦਾ ਐਲਾਨ ਹੋਇਆ ਸੀ ਤਾਂ ਵਿਜੇ ਸਾਂਪਲਾ ਗੁੱਟ ਨੂੰ ਬਿਲਕੁਲ ਕਿਨਾਰੇ ਕਰ ਦਿੱਤਾ ਗਿਆ, ਪਾਰਟੀ ਦੇ ਜਨਰਲ ਸਕੱਤਰ ਜੀਵਨ ਗੁਪਤਾ,ਦਿਆਲ ਸਿੰਘ ਸੋਢੀ ਅਤੇ ਰਾਜੇਸ਼ ਹਨ । ਤਿੰਨੋ ਸਾਂਪਲਾ ਗੁੱਟ ਤੋਂ ਨਹੀਂ ਮੰਨੇ ਜਾਂਦੇ ਹਨ । ਇਸ ਤੋਂ ਇਲਾਵਾ ਅਬੋਹਰ ਤੋਂ ਸੁਨੀਲ ਜਾਖੜ ਨੂੰ ਹਰਾਉਣ ਵਾਲੇ ਅਰੁਣ ਨਾਰੰਗ ਨੂੰ ਦਰਕਿਨਾਰ ਕਰ ਦਿੱਤਾ । ਲੁਧਿਆਣਾ ਤੋਂ ਬੀਜੇਪੀ ਮਹਿਲਾ ਮੋਰਚੇ ਦੀ ਸਾਬਕਾ ਪ੍ਰਧਾਨ ਰੇਣੂ ਥਾਪਰ ਨੂੰ ਪਾਰਟੀ ਨ ਘਰ ਬਿਠਾਇਆ। ਉਹ ਲੰਮੇ ਸਮੇਂ ਤੱਕ ਪਾਰਟੀ ਦੀ ਪ੍ਰਧਾਨ ਸੀ, ਇਸ ਤੋਂ ਇਲਾਵਾ ਵਿਧਾਨਸਭਾ ਅਤੇ 2 ਜ਼ਿਮਨੀ ਚੋਣਾਂ ਵਿੱਚ ਵੀ ਅਸ਼ਵਨੀ ਸ਼ਰਮਾ ਦੀ ਅਗਵਾਈ ਵਿੱਚ ਪਾਰਟੀ ਦਾ ਪ੍ਰਦਰਸ਼ਨ ਚੰਗਾ ਨਹੀਂ ਰਿਹਾ ਹੈ ।
ਮਾਲਵਾ ਤੋਂ ਪ੍ਰਧਾਨ ਬਣਾ ਕੇ ਪਾਰਟੀ ਲੋਕ ਸਭਾ ਦੀ ਤਿਆਰੀ ਕਰਨਾ ਚਾਹੁੰਦੀ ਹੈ
ਮਾਲਵਾ ਹਮੇਸ਼ਾ ਪੰਜਾਬ ਦੀ ਸਿਆਸਤ ਦਾ ਕੇਂਦਰ ਰਿਹਾ ਹੈ। 90 ਫ਼ੀਸਦੀ ਮੁੱਖ ਮੰਤਰੀ ਪੰਜਾਬ ਨੂੰ ਮਾਲਵੇ ਨੇ ਦਿੱਤੇ ਹਨ । ਕਾਂਗਰਸ ਤੋਂ ਬੀਜੇਪੀ ਵਿੱਚ ਸ਼ਾਮਲ ਦਿੱਗਜ ਸਾਰੇ ਮਾਲਵੇ ਤੋਂ ਹਨ,ਭਾਵੇਂ ਉਹ ਕੈਪਟਨ ਅਮਰਿੰਦਰ ਸਿੰਘ ਹੋਣ ਰਾਣਾ ਗੁਰਮੀਤ ਸੋਢੀ,ਕੇਵਲ ਸਿੰਘ ਢਿੱਲੋਂ,ਅਰਵਿੰਦ ਖੰਨਾ,ਸੁਨੀਲ ਜਾਖੜ,ਮਨਪ੍ਰੀਤ ਬਾਦਲ, ਗੁਰਪ੍ਰੀਤ ਕੰਗ । ਸਿਆਸੀ ਪੱਖੋਂ ਵੀ ਸਭ ਤੋਂ ਵੱਧ ਸੀਟਾਂ ਹੋਣ ਦੀ ਵਜ੍ਹਾ ਕਰਕੇ ਪਾਰਟੀ ਦਾ ਫੋਕਸ ਅਗਲੇ ਪ੍ਰਧਾਨ ਦੇ ਲਈ ਮਾਲਵੇ ਤੋਂ ਹੈ ਅਤੇ ਇਨ੍ਹਾਂ ਸਾਰਿਆਂ ਵਿੱਚੋਂ ਜਿਹੜਾ ਬੀਜੇਪੀ ਨੂੰ ਸਭ ਤੋਂ ਜ਼ਿਆਦਾ ਸੂਟ ਕਰਨ ਵਾਲ ਚਿਹਰਾ ਹੈ ਉਹ ਹੈ ਸੁਨੀਲ ਜਾਖੜ, ਇਸ ਲਈ ਅਗਲੇ ਪ੍ਰਧਾਨ ਦੀ ਰੇਸ ਵਿੱਚ ਉਨ੍ਹਾਂ ਦਾ ਨਾਂ ਸਭ ਤੋਂ ਅੱਗੇ ਚੱਲ ਰਿਹਾ ਹੈ।