ਅੰਮ੍ਰਿਤਸਰ ਜ਼ਿਲ੍ਹੇ ਦੇ ਬਾਬਾ ਬਕਾਲਾ ਤੋਂ ‘ਆਪ’ ਵਿਧਾਇਕ ਦਲਬੀਰ ਸਿੰਘ ਟੋਂਗ ਦੀ ਗ੍ਰਿਫ਼ਤਾਰੀ ਦੇ ਵਾਰੰਟ ਜਾਰੀ ਕਰ ਦਿੱਤੇ ਗਏ ਹਨ। ਅਦਾਲਤ ਵਿਚ ਪੇਸ਼ ਨਾ ਹੋਣ ‘ਤੇ ਸਖ਼ਤ ਰੁੱਖ ਅਖ਼ਤਿਆਰ ਕਰਦਿਆਂ ਇਹ ਫੈਸਲਾ ਲਿਆ ਗਿਆ ਹੈ। ਜਸਟਿਸ ਬਿਕਰਮਦੀਪ ਸਿੰਘ ਦੀ ਕੋਰਟ ਵੱਲੋਂ ਇਹ ਹੁਕਮ ਜਾਰੀ ਕੀਤੇ ਗਏ ਹਨ।
ਆਪ’ ਵਿਧਾਇਕ ਟੌਂਗ ਖਿਲਾਫ ਇਹ ਵੱਡੀ 2 ਸਾਲ ਪੁਰਾਣੇ ਚੈੱਕ ਬਾਊਂਸ ਮਾਮਲੇ ‘ਚ ਕੀਤੀ ਗਈ ਹੈ।
ਦੱਸ ਦੇਈਏ ਕਿ ਅਦਾਲਤ ਵੱਲੋਂ ਵਿਧਾਇਕ ਨੂੰ ਵਾਰ-ਵਾਰ ਨੋਟਿਸ ਭੇਜੇ ਗਏ ਸਨ ਪਰ ਉਹ ਅਦਾਲਤ ਵਿਚ ਪੇਸ਼ ਨਹੀਂ ਹੋਏ। ਜਿਸ ਲਈ ਕੋਰਟ ਵੱਲੋਂ ਸਖਤ ਕਦਮ ਚੁੱਕਦੇ ਹੋਏ ਇਹ ਗ੍ਰਿਫ਼ਤਾਰੀ ਦੇ ਵਾਰੰਟ ਕੀਤੇ ਜਾਰੀ ਕੀਤੇ ਗਏ ਹਨ। ਅਦਾਲਤ ਨੇ ਸਰਕਾਰ ਨੂੰ ਝਾੜ ਪਾਉਂਦੇ ਹੋਏ ਇਹ ਵੀ ਕਿਹਾ ਕਿ ਜਦੋਂ ‘ਆਪ’ ਆਗੂ 26 ਜਨਵਰੀ ਨੂੰ ਮੁੱਖ ਮਹਿਮਾਨ ਵਜੋਂ ਸਰਕਾਰੀ ਸਮਾਗਮਾਂ ਵਿਚ ਸ਼ਾਮਲ ਹੋਏ ਤਾਂ ਉਨ੍ਹਾਂ ਦੀ ਗ੍ਰਿਫਤਾਰੀ ਕਿਉਂ ਨਹੀਂ ਕੀਤੀ ਗਈ?
ਕੋਰਟ ਵੱਲੋਂ ਵਿਧਾਇਕ ਟੌਂਗ ਨੂੰ ਪਹਿਲਾਂ ਵੀ 5 ਵਾਰ ਸੰਮਨ ਜਾਰੀ ਕੀਤੇ ਗਏ ਸਨ ਪਰ ਉਹ ਅਦਾਲਤ ਵਿਚ ਪੇਸ਼ ਹੋਣ ਤੋਂ ਅਸਫਲ ਰਹੇ। ਇਸ ਲਈ ਕੋਰਟ ਵੱਲੋਂ ਹੁਣ ਐੱਸਐੱਚਓ ਨੂੰ ਹੁਕਮ ਜਾਰੀ ਕੀਤੇ ਗਏ ਕਿ ਹਰ ਹਾਲਤ ਵਿਚ ਉਨ੍ਹਾਂ ਨੂੰ 17 ਫਰਵਰੀ ਨੂੰ ਅਦਾਲਤ ਵਿਚ ਪੇਸ਼ ਕੀਤਾ ਜਾਣਾ ਚਾਹੀਦਾ ਹੈ।
ਅਦਾਲਤੀ ਹੁਕਮਾਂ ਦੀ ਕਾਪੀ ਅਨੁਸਾਰ ਜੁਡੀਸ਼ੀਅਲ ਮਜਿਸਟਰੇਟ ਪਹਿਲਾ ਦਰਜਾ ਬਾਬਾ ਬਕਾਲਾ ਬਿਕਰਮ ਦੀਪ ਸਿੰਘ ਦੀ ਅਦਾਲਤ ਵਿਚ ਸੰਪੂਰਨ ਸਿੰਘ ਮੱਕੜ ਬਨਾਮ ਦਲਬੀਰ ਸਿੰਘ ਟੌਂਗ ਦਾ ਕੇਸ ਚੱਲ ਰਿਹਾ ਸੀ ਜਿਸ ਨੂੰ ਐਡਵੋਕੇਟ ਸਰਬਜੀਤ ਸਿੰਘ ਗਿੱਲ ਵਲੋ ਦਾਇਰ ਕੀਤਾ ਗਿਆ ਸੀ ਜਿਸ ਸਬੰਧੀ ਮਾਨਯੋਗ ਅਦਾਲਤ ਵਲੋ ਪੰਜ ਵਾਰ ਆਮ ਆਦਮੀ ਪਾਰਟੀ ਦੇ ਚੁਣੇ ਗਏ ਹਲਕਾ ਵਿਧਾਇਕ ਦਲਬੀਰ ਸਿੰਘ ਟੌਗ ਨੂੰ ਪੁਲਿਸ ਰਾਹੀ ਵਾਰੰਟ ਭੇਜੇ ਗਏ ਸਨ ਪਰ ਪੁਲਿਸ ਵਲੋ ਉਕਤ ਵਿਧਾਇਕ ਨੂੰ ਗ੍ਰਿਫ਼ਤਾਰ ਕਰਕੇ ਅਦਾਲਤ ਵਿਚ ਪੇਸ਼ ਨਹੀਂ ਕੀਤਾ ਗਿਆ।