The Khalas Tv Blog India ਦੇਸ਼ ਭਰ ਵਿੱਚ ਇੰਡੀਗੋ ਦੀਆਂ ਲਗਭਗ 200 ਉਡਾਣਾਂ ਰੱਦ, ਦਿੱਲੀ ਅਤੇ ਮੁੰਬਈ ਸਮੇਤ ਕਈ ਹਵਾਈ ਅੱਡਿਆਂ ‘ਤੇ ਹਜ਼ਾਰਾਂ ਯਾਤਰੀ ਫਸੇ
India

ਦੇਸ਼ ਭਰ ਵਿੱਚ ਇੰਡੀਗੋ ਦੀਆਂ ਲਗਭਗ 200 ਉਡਾਣਾਂ ਰੱਦ, ਦਿੱਲੀ ਅਤੇ ਮੁੰਬਈ ਸਮੇਤ ਕਈ ਹਵਾਈ ਅੱਡਿਆਂ ‘ਤੇ ਹਜ਼ਾਰਾਂ ਯਾਤਰੀ ਫਸੇ

ਦਿੱਲੀ : ਭਾਰਤ ਦੀ ਸਭ ਤੋਂ ਵੱਡੀ ਏਅਰਲਾਈਨ ਇੰਡੀਗੋ ਨੂੰ ਲਗਾਤਾਰ ਤੀਜੇ ਦਿਨ ਵੀ ਚਾਲਕ ਦਲ (ਕ੍ਰੂ) ਦੀ ਘਾਟ ਕਾਰਨ ਭਾਰੀ ਸੰਕਟ ਦਾ ਸਾਹਮਣਾ ਕਰਨਾ ਪਿਆ। ਵੀਰਵਾਰ (4 ਦਸੰਬਰ 2025) ਨੂੰ ਦੇਸ਼ ਭਰ ਵਿੱਚ ਇੰਡੀਗੋ ਦੀਆਂ 170 ਤੋਂ ਵੱਧ ਉਡਾਣਾਂ ਰੱਦ ਹੋਣ ਦੀ ਸੰਭਾਵਨਾ ਹੈ, ਜਦਕਿ ਸੈਂਕੜੇ ਹੋਰ ਘੰਟਿਆਂ ਦੀ ਦੇਰੀ ਨਾਲ ਚੱਲੀਆਂ। ਸਭ ਤੋਂ ਵੱਡਾ ਅਸਰ ਦਿੱਲੀ, ਮੁੰਬਈ, ਬੰਗਲੁਰੂ, ਕੋਲਕਾਤਾ, ਹੈਦਰਾਬਾਦ ਵਰਗੇ ਵੱਡੇ ਹਵਾਈ ਅੱਡਿਆਂ ’ਤੇ ਪਿਆ।

ਵੀਰਵਾਰ ਸਵੇਰੇ ਦਿੱਲੀ ਤੋਂ 30 ਤੋਂ ਵੱਧ ਅਤੇ ਹੈਦਰਾਬਾਦ ਤੋਂ ਲਗਭਗ 33 ਉਡਾਣਾਂ ਰੱਦ ਕੀਤੀਆਂ ਗਈਆਂ। ਯਾਤਰੀਆਂ ਨੂੰ ਰਾਤ ਭਰ ਏਅਰਪੋਰਟ ’ਤੇ ਇੰਤਜ਼ਾਰ ਕਰਨਾ ਪਿਆ ਅਤੇ ਲੰਬੀਆਂ ਕਤਾਰਾਂ ਲੱਗੀਆਂ ਰਹੀਆਂ।

ਇਸ ਤੋਂ ਪਹਿਲਾਂ ਮੰਗਲਵਾਰ ਅਤੇ ਬੁੱਧਵਾਰ ਨੂੰ ਵੀ ਕੁੱਲ ਮਿਲਾ ਕੇ ਲਗਭਗ 200 ਉਡਾਣਾਂ ਰੱਦ ਹੋਈਆਂ ਸਨ, ਜਿਨ੍ਹਾਂ ਵਿੱਚ ਬੰਗਲੁਰੂ (42), ਦਿੱਲੀ (38), ਮੁੰਬਈ (33), ਹੈਦਰਾਬਾਦ (19), ਅਹਿਮਦਾਬਾਦ (25), ਇੰਦੌਰ (11), ਕੋਲਕਾਤਾ (10) ਅਤੇ ਸੂਰਤ (8) ਤੋਂ ਸਭ ਤੋਂ ਵੱਧ ਉਡਾਣਾਂ ਸ਼ਾਮਲ ਸਨ। ਹਜ਼ਾਰਾਂ ਯਾਤਰੀ ਫਸੇ ਰਹੇ ਅਤੇ ਬਹੁਤਿਆਂ ਨੂੰ ਬਦਲਵੀਂ ਉਡਾਣ ਜਾਂ ਰਿਹਾਇਸ਼ ਦਾ ਇੰਤਜ਼ਾਮ ਨਹੀਂ ਮਿਲ ਸਕਿਆ।

ਇੰਡੀਗੋ ਰੋਜ਼ਾਨਾ ਲਗਭਗ 2,300 ਘਰੇਲੂ ਤੇ ਅੰਤਰਰਾਸ਼ਟਰੀ ਉਡਾਣਾਂ ਚਲਾਉਂਦੀ ਹੈ। ਏਅਰਲਾਈਨ ਨੇ ਯਾਤਰੀਆਂ ਤੋਂ ਮੁਆਫ਼ੀ ਮੰਗੀ ਹੈ ਅਤੇ ਦੱਸਿਆ ਹੈ ਕਿ ਸ਼ੁੱਕਰਵਾਰ (5 ਦਸੰਬਰ) ਤੱਕ ਹੋਰ ਉਡਾਣਾਂ ਰੱਦ ਹੋ ਸਕਦੀਆਂ ਹਨ, ਪਰ 5 ਦਸੰਬਰ ਤੋਂ ਸਥਿਤੀ ਪੂਰੀ ਤਰ੍ਹਾਂ ਆਮ ਹੋ ਜਾਵੇਗੀ।

ਕੰਪਨੀ ਨੇ ਮੁਸ਼ਕਲਾਂ ਦੇ ਕਾਰਨ ਦੱਸੇ:

  1. ਛੋਟੀਆਂ ਤਕਨੀਕੀ ਗੜਬੜੀਆਂ
  2. ਸਰਦੀਆਂ ਦੇ ਨਵੇਂ ਸ਼ਡਿਊਲ ਵਿੱਚ ਤਬਦੀਲੀ
  3. ਖਰਾਬ ਮੌਸਮ ਅਤੇ ਹੌਲੀ ਏਅਰ ਟ੍ਰੈਫਿਕ
  4. ਚਾਲਕ ਦਲ ਦੇ ਨਵੇਂ ਫਲਾਈਟ ਡਿਊਟੀ ਟਾਈਮ ਲਿਮਟੇਸ਼ਨ (FDTL) ਨਿਯਮਾਂ ਦੀ ਪਾਲਣਾ

ਡਾਇਰੈਕਟੋਰੇਟ ਜਨਰਲ ਆਫ਼ ਸਿਵਲ ਏਵੀਏਸ਼ਨ (DGCA) ਨੇ ਇੰਡੀਗੋ ਤੋਂ ਪੂਰਾ ਜਵਾਬ ਮੰਗਿਆ ਹੈ ਅਤੇ ਮੌਜੂਦਾ ਸਮੱਸਿਆਵਾਂ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। DGCA ਅਨੁਸਾਰ ਚਾਲਕ ਦਲ ਦੀ ਘਾਟ ਪਿਛਲੇ ਇੱਕ ਮਹੀਨੇ ਤੋਂ ਜਾਰੀ ਹੈ। ਨਵੰਬਰ ਵਿੱਚ 1,232 ਅਤੇ ਮੰਗਲਵਾਰ ਨੂੰ 1,400 ਤੋਂ ਵੱਧ ਉਡਾਣਾਂ ਪ੍ਰਭਾਵਿਤ ਹੋਈਆਂ ਸਨ।

 

 

 

 

 

 

 

 

Exit mobile version