The Khalas Tv Blog Punjab ਲੁਧਿਆਣਾ ਧਮਾਕੇ ਤੋਂ ਬਾਅਦ ਫ਼ੌਜ ਵੱਲੋਂ ਵੱਡਾ ਸਰਚ ਆਪ੍ਰੇਸ਼ਨ, ਦੋ ਸਕੇ ਭਰਾ ਗ੍ਰਿਫ਼ਤਾਰ
Punjab

ਲੁਧਿਆਣਾ ਧਮਾਕੇ ਤੋਂ ਬਾਅਦ ਫ਼ੌਜ ਵੱਲੋਂ ਵੱਡਾ ਸਰਚ ਆਪ੍ਰੇਸ਼ਨ, ਦੋ ਸਕੇ ਭਰਾ ਗ੍ਰਿਫ਼ਤਾਰ

ਲੁਧਿਆਣਾ (1 ਅਪ੍ਰੈਲ, 2026): ਲੁਧਿਆਣਾ ਵਿੱਚ ਇੱਕ ਗ਼ੈਰ-ਕਾਨੂੰਨੀ ਪਟਾਕਾ ਫੈਕਟਰੀ ਵਿੱਚ ਹੋਏ ਭਿਆਨਕ ਧਮਾਕੇ ਤੋਂ ਬਾਅਦ ਭਾਰਤੀ ਫ਼ੌਜ ਅਲਰਟ ’ਤੇ ਹੈ। ਫ਼ੌਜ ਨੇ ਧਮਾਕੇ ਵਾਲੇ ਪੂਰੇ ਇਲਾਕੇ ਨੂੰ ਸੀਲ ਕਰ ਦਿੱਤਾ ਹੈ ਅਤੇ ਅੰਦਰ ਫ਼ੌਜੀ ਮਾਹਿਰਾਂ ਦੀ ਟੀਮ ਵੱਲੋਂ ਬਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ। ਇਲਾਕੇ ਵਿੱਚੋਂ ਜਾਨਵਰਾਂ ਨੂੰ ਵੀ ਹਟਾ ਦਿੱਤਾ ਗਿਆ ਹੈ, ਜਿਸ ਕਾਰਨ ਇਹ ਸ਼ੱਕ ਜਤਾਇਆ ਜਾ ਰਿਹਾ ਹੈ ਕਿ ਇਸ ਫੈਕਟਰੀ ਵਿੱਚ ਸਿਰਫ਼ ਪਟਾਕੇ ਹੀ ਨਹੀਂ, ਸਗੋਂ ਕੁਝ ਹੋਰ ਖ਼ਤਰਨਾਕ ਵਿਸਫੋਟਕ ਵੀ ਹੋ ਸਕਦੇ ਹਨ।

ਡੀ.ਐਸ.ਪੀ. ਵਰਿੰਦਰ ਸਿੰਘ ਖੋਸਾ ਨੇ ਦੱਸਿਆ ਕਿ ਇਸ ਮਾਮਲੇ ਵਿੱਚ ਯੂਪੀ (ਮੁਜ਼ੱਫਰਨਗਰ) ਦੇ ਰਹਿਣ ਵਾਲੇ ਦੋ ਸਕੇ ਭਰਾਵਾਂ, ਸਾਜਿਦ ਅਤੇ ਵਾਜਿਦ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਇਹ ਦੋਵੇਂ ਭਰਾ ਕਿਰਾਏ ’ਤੇ ਇਮਾਰਤ ਲੈ ਕੇ ਗੈਰ-ਕਾਨੂੰਨੀ ਢੰਗ ਨਾਲ ਪਟਾਕੇ ਬਣਾ ਰਹੇ ਸਨ। 

ਪੁਲਿਸ ਅਨੁਸਾਰ 31 ਮਾਰਚ ਨੂੰ ਬਾਰੂਦ ਨੂੰ ਅੱਗ ਲੱਗਣ ਕਾਰਨ ਧਮਾਕਾ ਹੋਇਆ, ਜਿਸ ਨਾਲ ਇਮਾਰਤ ਦਾ ਲੈਂਟਰ ਡਿੱਗ ਗਿਆ। ਇਸ ਹਾਦਸੇ ਵਿੱਚ 18 ਸਾਲਾ ਨੌਜਵਾਨ ਮੁਹੰਮਦ ਕੈਫ਼ ਦੀ ਮੌਤ ਹੋ ਗਈ ਹੈ ਅਤੇ ਦੋ ਹੋਰ ਲੋਕ ਗੰਭੀਰ ਜ਼ਖ਼ਮੀ ਹਨ।

ਉੱਧਰ ਘਟਨਾ ਤੋਂ ਬਾਅਦ ਪਰਿਵਾਰਕ ਮੈਂਬਰਾਂ ਦੇ ਬਿਆਨਾਂ ਵਿੱਚ ਵਿਰੋਧਾਭਾਸ ਦੇਖਣ ਨੂੰ ਮਿਲਿਆ ਹੈ। ਮ੍ਰਿਤਕ ਦੇ ਪਿਤਾ ਜਮੀਲ ਅਨੁਸਾਰ ਤੇਜ਼ ਹਨੇਰੀ ਅਤੇ ਅਸਮਾਨੀ ਬਿਜਲੀ ਡਿੱਗਣ ਕਾਰਨ ਸ਼ਾਰਟ ਸਰਕਟ ਹੋਇਆ ਅਤੇ ਫਿਰ ਸਿਲੰਡਰ ਫਟ ਗਿਆ। 

ਦੂਜੇ ਪਾਸੇ, ਨੌਸ਼ਾਦ ਨਾਂ ਦੇ ਵਿਅਕਤੀ ਨੇ ਦੱਸਿਆ ਕਿ ਸਿਲੰਡਰ ਉਦੋਂ ਫਟਿਆ ਜਦੋਂ ਉਸਦੀ ਬੇਟੀ ਰੋਟੀ ਬਣਾ ਰਹੀ ਸੀ। ਫ਼ੌਜ ਦੇ ਅਧਿਕਾਰੀ ਪੁਸ਼ਪ ਰਾਜ ਨੇ ਦੱਸਿਆ ਕਿ ਵਿਸਫੋਟਕ ਪਦਾਰਥਾਂ ਦੀ ਮੌਜੂਦਗੀ ਕਾਰਨ ਹੀ ਫ਼ੌਜੀ ਟੀਮ ਨੂੰ ਬੁਲਾਇਆ ਗਿਆ ਹੈ।

 

Exit mobile version