‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਏਪੀਐੱਸ ਦਿਓਲ ਨੇ ਏਜੀ ਦੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਹੈ। ਦਿਓਲ ਦੇ ਅਸਤੀਫ਼ੇ ਉੱਤੇ 1 ਨਵੰਬਰ ਦੀ ਤਰੀਕ ਪਈ ਹੋਈ ਹੈ, ਯਾਨਿ ਕਿ ਕੱਲ੍ਹ ਹੀ ਏਪੀਐੱਸ ਦਿਓਲ ਵੱਲੋਂ ਅਸਤੀਫ਼ਾ ਦਿੱਤਾ ਗਿਆ ਸੀ। ਦਿਓਲ ਨੇ ਆਪਣੇ ਅਸਤੀਫ਼ੇ ਪਿੱਛੇ ਨਿੱਜੀ ਕਾਰਨਾਂ ਦਾ ਹਵਾਲਾ ਦਿੱਤਾ ਹੈ। ਦਿਓਲ ਨੇ ਕਿਹਾ ਕਿ ਮੈਂ ਕੁੱਝ ਨਿੱਜੀ ਕਾਰਨਾਂ ਕਰਕੇ ਅਸਤੀਫ਼ਾ ਦੇ ਰਿਹਾ ਹਾਂ। ਨਵੇਂ ਏਜੀ ਦੀ ਨਿਯੁਕਤੀ ਤੱਕ ਏਪੀਐੱਸ ਕੰਮ ਦੇਖਣਗੇ। ਪੰਜਾਬ ਸਰਕਾਰ ਹੁਣ ਨਵੇਂ ਏਜੀ ਦੀ ਤਲਾਸ਼ ਵਿੱਚ ਹੈ। ਦਰਅਸਲ, ਸਿੱਧੂ ਨੇ ਏਪੀਐੱਸ ਦੀ ਨਿਯੁਕਤੀ ‘ਤੇ ਸਵਾਲ ਚੁੱਕੇ ਸੀ। ਕੱਲ੍ਹ ਵੀ ਦਿਓਲ ਦੇ ਅਸਤੀਫ਼ੇ ਦੀਆਂ ਖਬਰਾਂ ਮੀਡੀਆਂ ਵਿੱਚ ਛਾਈਆਂ ਰਹੀਆਂ ਸਨ।
ਨਵਜੋਤ ਸਿੱਧੂ ਏਪੀਐੱਸ ਦਿਓਲ ਨੂੰ ਐਡਵੋਕੇਟ ਜਨਰਲ ਲਾਉਣ ਦੇ ਸ਼ੁਰੂ ਤੋਂ ਹੀ ਵਿਰੁੱਧ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਉਹ ਬਰਗਾੜੀ ਮਾਮਲੇ ’ਚ ਮੁਲਜ਼ਮ ਸਾਬਕਾ ਡੀਜੀਪੀ ਸੁਮੇਧ ਸੈਣੀ ਦੇ ਵਕੀਲ ਰਹੇ ਹਨ। ਅਜਿਹੇ ’ਚ ਉਹ ਇਸ ਮਾਮਲੇ ’ਚ ਸਰਕਾਰ ਨੂੰ ਇਨਸਾਫ਼ ਕਿਸ ਤਰ੍ਹਾਂ ਦਿਵਾ ਸਕਦੇ ਹਨ। ਆਪਣੀ ਇਸ ਨਾਰਾਜ਼ਗੀ ਨੂੰ ਲੈ ਕੇ ਸਿੱਧੂ ਨੇ ਪ੍ਰਧਾਨਗੀ ਦੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਸੀ ਪਰ ਹਾਈ ਕਮਾਨ ਦੇ ਮਨਾਉਣ ਪਿੱਛੋਂ ਉਹ ਇਸ ਗੱਲ ’ਤੇ ਰਾਜ਼ੀ ਹੋ ਗਏ ਸਨ ਕਿ ਏਜੀ ਨੂੰ ਹਟਾਇਆ ਜਾਵੇ।