‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- 1984 ਸਿੱਖ ਕਤ ਲੇ ਆਮ ਨੂੰ 36 ਸਾਲ ਹੋ ਗਏ ਹਨ ਅਤੇ 36 ਸਾਲਾਂ ਬਾਅਦ ਕਤ ਲੇ ਆਮ ਦਾ ਸ਼ਿਕਾਰ ਹੋਏ ਇੱਕ ਸਿੱਖ ਦੇ ਘਰੋਂ ਅੱਜ ਵੀ ਮਨੁੱਖੀ ਸਰੀਰ ਦੇ ਹਿੱਸੇ ਬਰਾਮਦ ਕੀਤੇ ਗਏ ਸਨ। ਜਾਣਕਾਰੀ ਮੁਤਾਬਕ ਯੂਪੀ ਵਿੱਚ ਇਸ ਕਤ ਲੇ ਆਮ ਦੀ ਜਾਂਚ ਕਰ ਰਹੀ ਵਿਸ਼ੇਸ਼ ਜਾਂਚ ਟੀਮ ਨੇ ਕਾਨਪੁਰ ਦੇ ਇੱਕ ਘਰ ਵਿੱਚੋਂ ਮਨੁੱਖੀ ਸਰੀਰ ਦੇ ਹਿੱਸੇ ਬਰਾਮਦ ਕੀਤੇ ਹਨ। ਇਹ ਘਰ ਕਈ ਸਮੇਂ ਤੋਂ ਬੰਦ ਪਿਆ ਹੈ। ਜਾਣਕਾਰੀ ਮੁਤਾਬਕ ਇਹ ਘਰ ਉਸ ਵੇਲੇ ਕਤ ਲੇ ਆਮ ਦੌਰਾਨ ਮਾਰੇ ਗਏ ਸਿੱਖ ਤੇਜ ਪ੍ਰਤਾਪ ਸਿੰਘ ਅਤੇ ਉਨ੍ਹਾਂ ਦੇ ਪੁੱਤਰ ਸਤਪਾਲ ਸਿੰਘ ਦਾ ਹੈ, ਜੋ ਕਤ ਲੇ ਆਮ ਦੌਰਾਨ ਮਾਰੇ ਗਏ ਸਨ। ਜਦੋਂ ਕਤ ਲੇ ਆਮ ਹੋਇਆ ਤਾਂ ਮਾਰੇ ਗਏ ਸਿੱਖਾਂ ਦੀ ਲਾਸ਼ਾਂ ਨੂੰ ਸਾੜਿਆ ਗਿਆ। ਜਿਸ ਤੋਂ ਬਾਅਦ ਇਹ ਪਰਿਵਾਰ ਰਫਿਊਜ਼ੀ ਕੈਂਪ ਵਿੱਚ ਚਲਾ ਗਿਆ ਅਤੇ ਉੱਥੋਂ ਪੰਜਾਬ ਆ ਗਿਆ। ਪਰਿਵਾਰ ਵੱਲੋਂ ਇਹ ਘਰ ਵੇਚ ਦਿੱਤਾ ਗਿਆ ਅਤੇ ਘਰ ਦੇ ਨਵੇਂ ਮਾਲਕਾਂ ਨੇ ਘਰ ਦੇ ਕਦੇ ਉਹ ਦੋ ਕਮਰੇ ਹੀ ਨਹੀਂ ਖੋਲ੍ਹੇ, ਜਿੱਥੇ ਇਹ ਕਤਲ ਹੋਇਆ ਸੀ।
ਘਰ ਦੇ ਨਵੇਂ ਮਾਲਕ ਘਰ ਦੀ ਪਹਿਲੀ ਮੰਜ਼ਿਲ ’ਤੇ ਰਹਿੰਦੇ ਹਨ। ਐਸਆਈਟੀ ਫੋਰੈਂਸਿਕ ਮਾਹਿਰਾਂ ਦੇ ਨਾਲ ਘਰ ਵਿੱਚ ਦਾਖਲ ਹੋਈ। ਮੌਕੇ ’ਤੇ ਗਵਾਹ ਵੀ ਹਾਜ਼ਰ ਸਨ। ਐੱਸਪੀ ਅਤੇ ਐੱਸਆਈਟੀ ਦੇ ਮੈਂਬਰ ਬਲੇਂਦਰ ਭੂਸ਼ਣ ਨੇ ਦੱਸਿਆ ਕਿ ਫੋਰੈਂਸਿਕ ਮਾਹਿਰਾਂ ਦਾ ਕਹਿਣਾ ਹੈ ਕਿ ਜੋ ਸੈਂਪਲ ਲਏ ਗਏ ਹਨ, ਉਹ ਮਨੁੱਖੀ ਸਰੀਰ ਦਾ ਹਿੱਸਾ ਹਨ। ਐੱਸਆਈਟੀ ਨੇ ਤੇਜ ਪ੍ਰਤਾਪ ਸਿੰਘ ਦੇ ਦੂਜੇ ਪੱਤਰ ਚਰਨਜੀਤ ਸਿੰਘ ਦੇ ਬਿਆਨ ਵੀ ਦਰਜ ਕੀਤੇ ਹਨ। ਚਰਨਜੀਤ ਆਪਣੀ ਪਤਨੀ ਅਤੇ ਪਰਿਵਾਰ ਨਾਲ ਦਿੱਲੀ ਰਹਿੰਦਾ ਹੈ। ਚਰਨਜੀਤ ਨੇ ਕਤਲ ਕਰਨ ਵਾਲੇ ਲੋਕਾਂ ਦੇ ਨਾਂ ਵੀ ਐੱਸਆਈਟੀ ਕੋਲ ਦਰਜ ਕਰਵਾਏ ਹਨ।
ਸੀਨੀਅਰ ਵਕੀਲ ਐੱਚ. ਐਸ ਫੂਲਕਾ ਨੇ ਸ੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਇੱਕ ਚਿੱਠੀ ਲਿਖੀ ਹੈ। ਚਿੱਠੀ ਵਿੱਚ ਉਨ੍ਹਾਂ ਨੇ ਲਿਖਿਆ ਹੈ ਕਿ ਕਾਨਪੁਰ ਦੇ ਵਿੱਚ ਇੱਕ ਘਰ, ਜਿੱਥੇ ਦੋ ਸਿੱਖ ਤੇਜ ਪ੍ਰਤਾਪ ਸਿੰਘ ਤੇ ਉਹਨਾਂ ਦੇ 22 ਸਾਲ ਦੇ ਪੁੱਤਰ ਨੂੰ ਇੱਕ ਭੀੜ ਨੇ 1 ਨੰਵਬਰ 1984 ਨੂੰ ਜਿੰਦਾ ਸਾੜ ਦਿੱਤਾ ਸੀ ਅਤੇ ਉਸ ਘਰ ਨੂੰ ਪਿਛਲੇ 36 ਸਾਲ ਤੱਕ ਤਾਲਾ ਲਗਾ ਕੇ ਉਸ ਤਰ੍ਹਾਂ ਹੀ ਰੱਖਿਆ ਗਿਆ ਹੈ।
ਇਸ ਘਰ ਨੂੰ ਸਾਂਭਣ ਦਾ ਸਿਹਰਾ ਉਹਨਾਂ ਘਰ ਵਾਲਿਆਂ ਨੂੰ ਦਿੱਤਾ ਜਾਂਦਾ ਹੈ, ਜਿਨ੍ਹਾਂ ਨੇ 36 ਸਾਲ ਇਸ ਘਰ ਨੂੰ ਸੰਭਾਲ ਕੇ ਰੱਖਿਆ। ਇਸ ਕਰਕੇ ਕੌਮ ਦਾ ਵੀ ਫ਼ਰਜ਼ ਬਣਦਾ ਹੈ ਕਿ ਇਸ ਘਰ ਨੂੰ 36 ਸਾਲ ਤੱਕ ਸੰਭਾਲਣ ਲਈ ਇਸ ਪਰਿਵਾਰ ਦਾ ਕੌਮ ਵੱਲੋਂ ਸਨਮਾਨ ਕੀਤਾ ਜਾਵੇ। ਇਸ ਘਰ ਨੂੰ SGPC ਖਰੀਦੇ ਅਤੇ ਉੱਥੇ ਇੱਕ ਯਾਦਗਾਰ ਬਣਾਈ ਜਾਵੇ, ਜਿਸ ਵਿੱਚ ਕਾਨਪੁਰ ਵਿੱਚ ਜਿਹੜੇ 127 ਸਿੱਖ ਕਤਲ ਕੀਤੇ ਗਏ ਸੀ, ਉਹਨਾਂ ਦੀਆਂ ਫੋਟੋਆਂ ਵੀ ਲਗਾਈਆਂ ਜਾਣ। ਇਸਨੂੰ 1984 ਦੇ ਕਤ ਲੇ ਆਮ ਦੀ ਯਾਦਗਾਰ ਦੇ ਵਜੋਂ ਬਣਾਇਆ ਜਾਵੇ। SGPC ਤੁਰੰਤ ਆਪਣੀ ਟੀਮ ਕਾਨਪੁਰ ਭੇਜੇ ਤਾਂ ਜੋ ਟੀਮ ਸਰਕਾਰ ਨਾਲ ਮਿਲ ਕੇ ਇਸਨੂੰ ਖਰੀਦੇ ਤੇ ਇੱਥੇ ਯਾਦਗਾਰ ਬਣਾਉਣ ਦਾ ਕੰਮ ਤੁਰੰਤ ਸ਼ੁਰੂ ਹੋ ਸਕੇ। ਉਨ੍ਹਾਂ ਨੇ ਬੇਨਤੀ ਕਰਦਿਆਂ ਕਿਹਾ ਕਿ ਜਲਦ ਤੋਂ ਜਲਦ ਇਸ ਮੁੱਦੇ ‘ਤੇ ਕਾਰਵਾਈ ਕੀਤੀ ਜਾਵੇ ਅਤੇ SGPC ਦੀ ਟੀਮ UP ਭੇਜੀ ਜਾਵੇ।