ਖਨੌਰੀ ਬਾਰਡਰ : ਦਿੱਲੀ ਚੱਲੋ ਮਾਰਚ ਦੇ ਮੱਦੇਨਜ਼ਰ ਪੰਜਾਬ-ਹਰਿਆਣਾ ਦੀਆਂ ਹੱਦਾਂ ਉੱਤੇ ਲੱਗੇ ਕਿਸਾਨ ਮੋਰਚੇ ਦਾ ਅੱਜ 15ਵਾਂ ਦਿਨ ਹੈ। ਇਸ ਦੌਰਾਨ ਪੰਜਾਬ-ਹਰਿਆਣਾ ਦੀ ਖਨੌਰੀ ਹੱਦ ਉੱਤੇ ਡਟੇ ਇਕ ਹੋਰ ਕਿਸਾਨ ਦੀ ਮੌਤ ਹੋ ਗਈ ਹੈ। ਮਿਲੀ ਜਾਣਕਾਰੀ ਅਨੁਸਾਰ 55 ਸਾਲਾ ਕਿਸਾਨ ਦੀ ਮੋਰਚੇ ਦੌਰਾਨ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ ਹੈ। ਮ੍ਰਿਤਕ ਦੀ ਪਛਾਣ ਕਰਨੈਲ ਸਿੰਘ ਵਜੋਂ ਹੋਈ ਹੈ। ਦੱਸਿਆ ਜਾ ਰਿਹਾ ਹੈ ਕਿ ਕਿਸਾਨ ਕਰਨੈਲ ਸਿੰਘ ਕਈ ਦਿਨਾਂ ਤੋਂ ਮੋਰਚੇ ਉੱਤੇ ਡਟਿਆ ਹੋਇਆ ਸੀ। ਇਸ ਮੋਰਚੇ ਦੇ ਚਲਦਿਆਂ ਹੁਣ ਤਕ 6 ਕਿਸਾਨਾਂ ਦੀ ਮੌਤ ਹੋ ਚੁੱਕੀ ਹੈ।
ਇਸ ਤੋਂ ਪਹਿਲਾਂ 14 ਤਰੀਕ ਨੂੰ ਮਨਜੀਤ ਸਿੰਘ ਨਾਂ ਦੇ ਬਜ਼ੁਰਗ ਕਿਸਾਨ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ ਸੀ। 21 ਫਰਵਰੀ ਨੂੰ ਹਰਿਆਣਾ ਪੁਲਿਸ ਦੀ ਕਾਰਵਾਈ ਦੌਰਾਨ ਸ਼ੁਭਕਰਨ ਨਾਂ ਦੇ ਨੌਜਵਾਨ ਦੀ ਮੌਤ ਹੋ ਗਈ ਸੀ ਅਤੇ ਹੁਣ 22 ਫਰਵਰੀ ਦੀ ਰਾਤ ਨੂੰ ਜਰਨੈਲ ਸਿੰਘ ਨਾਮ ਦੇ ਬਜ਼ੁਰਗ ਕਿਸਾਨ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ। 23 ਫਰਵਰੀ ਨੂੰ ਦਰਸ਼ਨ ਸਿੰਘ ਜੋ ਕਿ ਬਠਿੰਡਾ ਦੇ ਅਮਰਗੜ੍ਹ ਪਿੰਡ ਦਾ ਰਹਿਣ ਵਾਲਾ ਦੱਸਿਆ ਜਾ ਰਿਹਾ ਹੈ। ਕਿਸਾਨ ਦੀ ਦੇਰ ਰਾਤ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ ਸੀ।
ਦੱਸ ਦੇਈਏ ਕਿ ਕਿਸਾਨਾਂ ਵੱਲੋਂ ਦਿੱਲੀ ਚੱਲੋ ਮਾਰਚ ਦੇ ਚਲਦਿਆਂ ਸ਼ੰਭੂ ਅਤੇ ਖਨੌਰੀ ਹੱਦ ‘ਤੇ ਮੋਰਚਾ ਲਗਾਇਆ ਹੋਇਆ ਹੈ। ਮੋਰਚੇ ਵਿਚ ਹੁਣ ਤਕ 6 ਕਿਸਾਨਾਂ ਦੀ ਮੌਤ ਹੋ ਚੁੱਕੀ ਹੈ।