‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ): -ਕੋਰੋਨਾ ਦੇ ਵਧ ਰਹੇ ਮਾਮਲਿਆਂ ਉੱਤੇ ਚਿੰਤਾ ਜਾਹਿਰ ਕਰਦਿਆਂ ਹਰਿਆਣਾ ਦੇ ਗ੍ਰਹਿ ਮੰਤਰੀ ਅਨਿਲ ਵਿਜ ਨੇ ਕਿਹਾ ਹੈ ਕਿ ਸੂਬੇ ਵਿੱਚ ਕੋਰੋਨਾ ਦੇ ਮਾਮਲੇ ਤੇਜ਼ੀ ਨਾਲ ਵਧ ਰਹੇ ਹਨ ਤੇ ਸੂਬੇ ਦੇ ਸਾਰੇ ਲੋਕਾਂ ਦੀ ਚਿੰਤਾ ਕਰਨੀ ਉਨ੍ਹਾਂ ਦਾ ਫਰਜ ਹੈ। ਉਨ੍ਹਾਂ ਕਿਹਾ ਕਿ ਸੂਬੇ ਵਿੱਚ ਵੱਡੀ ਸੰਖਿਆਂ ਵਿੱਚ ਕਿਸਾਨ ਰੋਸ ਪ੍ਰਦਰਸ਼ਨ ਕਰਨ ਰਹੇ ਹਨ। ਇਸ ਲਈ ਸਰਕਾਰ ਨੇ ਫੈਸਲਾ ਲਿਆ ਹੈ ਕਿ ਇਨ੍ਹਾਂ ਸਾਰਿਆਂ ਨੂੰ ਕੋਰੋਨਾ ਦੀ ਵੈਕਸੀਨ ਲਗਾਈ ਜਾਵੇਗੀ ਤੇ ਇਨ੍ਹਾਂ ਦੀ ਕੋਵਿਡ-19 ਜਾਂਚ ਵੀ ਕੀਤੀ ਜਾਵੇਗੀ।
ਉੱਧਰ, ਕਿਸਾਨਾਂ ਵੱਲੋਂ ਇਹ ਖਦਸ਼ੇ ਜਾਹਿਰ ਕੀਤੇ ਜਾ ਰਹੇ ਹਨ ਕਿ ਸਰਕਾਰ ਕੋਰੋਨਾ ਦੇ ਨਾਂ ਤੇ ਉਨ੍ਹਾਂ ਨਾਲ ਹੁਣ ਅਸਿੱਧੇ ਰੂਪ ਵਿੱਚ ਧੱਕਾ ਕਰ ਰਹੀ ਹੈ। ਭਾਰਤੀ ਕਿਸਾਨ ਯੂਨੀਅਨ ਦੇ ਲੀਡਰ ਗੁਰਨਾਮ ਸਿੰਘ ਚੜੂਨੀ ਨੇ ਬਹਾਦੁਰਗੜ੍ਹ ਟੀਕਰੀ ਬਾਰਡਰ ‘ਤੇ ਸੰਬੋਧਨ ਕਰਦਿਆਂ ਕਿਹਾ ਵੀ ਹੈ ਕਿ ਸਰਕਾਰ ਕੋਰੋਨਾ ਦਾ ਬਹਾਨਾ ਬਣਾ ਕੇ ਉਨ੍ਹਾਂ ਨੂੰ ਦਿੱਲੀ ਦੀਆਂ ਹੱਦਾਂ ਤੋਂ ਹਟਾਉਣਾ ਚਾਹੁੰਦੀ ਹੈ। ਉਨ੍ਹਾਂ ਵੱਲੋਂ ਕਿਸਾਨਾਂ ਨੂੰ ਦਿੱਲੀ ਦੇ ਬਾਰਡਰ ‘ਤੇ ਵੱਧ ਤੋਂ ਵੱਧ ਸੰਖਿਆਂ ਵਿੱਚ ਇਕੱਠੇ ਹੋ ਕੇ ਅੰਦੋਲਨ ਨੂੰ ਮਜ਼ਬੂਤ ਕਰਨ ਦੀ ਅਪੀਲ ਵੀ ਕੀਤੀ ਹੈ।
ਚੜੂਨੀ ਨੇ ਖਦਸ਼ਾ ਜਾਹਿਰ ਕੀਤਾ ਹੈ ਕਿ ਸਰਕਾਰ ਇਸ ਅੰਦੋਲਨ ਨੂੰ ਕੋਰੋਨਾ ਦਾ ਬਹਾਨਾ ਬਣਾ ਕੇ ਖਤਮ ਕਰਨਾ ਚਾਹੁੰਦੀ ਹੈ। ਪੂਰੀ ਦੁਨੀਆਂ ਇਸ ਅੰਦੋਲਨ ਦੀ ਗਵਾਹ ਬਣ ਚੁੱਕੀ ਹੈ ਤੇ ਅਸੀਂ ਬਿਨਾਂ ਪ੍ਰਬੰਧ ਬਦਲੇ, ਆਪਣੀ ਥਾਂ ਤੋਂ ਨਹੀਂ ਹਿੱਲਾਂਗੇ। ਸਰਕਾਰ ਸਾਰੀਆਂ ਨੀਤੀਆਂ ਨਾਲ ਗੜਬੜ ਕਰ ਰਹੀ ਹੈ, ਅਸੀਂ ਇਨ੍ਹਾਂ ਖਿਲਾਫ ਅੰਦੋਲਨ ਜਾਰੀ ਰੱਖਾਂਗੇ। ਚੜੂਨੀ ਨੇ ਕਿਹਾ ਕਿ ਜੇਕਰ ਸਾਡੇ ਕਿਸਾਨਾਂ ਨੂੰ ਕੋਰੋਨਾ ਹੁੰਦਾ ਤਾਂ ਹਜ਼ਾਰਾਂ ਕਿਸਾਨ ਮਰ ਜਾਣੇ ਸੀ, ਪਰ ਸਾਡਾ ਇੱਕ ਵੀ ਕਿਸਾਨ ਬਿਮਾਰ ਨਹੀਂ ਹੋਇਆ ਹੈ। ਉਨ੍ਹਾਂ ਕਿਹਾ ਕਿ ਸਰਕਾਰ ਬੇਸ਼ੱਕ ਕਿਸਾਨਾਂ ਨੂੰ ਕੋਰੋਨਾ ਦਾ ਨਾਂ ਲੈ ਕੇ ਡਰਾਵੇ, ਪਰ ਅਸੀਂ ਜਿੱਤ ਕੇ ਹੀ ਵਾਪਸ ਮੁੜਾਂਗੇ।